ਕਾਲੇ ਕਾਨੂੰਨ ਦੇ ਵਿਰੋਧ ’ਚ ਸਾਰੇ ਦੇਸ਼ ਅੰਦਰ ਮਹਾਪੰਚਾਇਤਾਂ ਹੋਣ ਲੱਗੀਆਂ : ਲੱਖੋਵਾਲ

02/10/2021 12:12:22 AM

ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਰਾਸ਼ਟਰੀ ਪ੍ਰਧਾਨ ਰਾਕੇਸ਼ ਟਿਕੈਤ ਨੇ ਅੱਜ ਹਰਿਆਣਾ ਦੇ ਜ਼ਿਲ੍ਹਾ ਕਰੂਕਸ਼ੇਤਰ ਵਿਚ ਪੈਂਦੇ ਪਿੰਡ ਗੁਮਥਲਾ ਗੜ੍ਹ ਵਿਖੇ ਕੇਂਦਰ ਸਰਕਾਰ ਖ਼ਿਲਾਫ ਹੋਈ ਮਹਾਪੰਚਾਇਤ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਲੱਖੋਵਾਲ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਵਿਚ ਕੋਈ ਕਮੀ ਨਹੀਂ ਹੈ ਪਰ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀਆਂ ਜੋ ਮੀਟਿੰਗਾਂ ਹੋਈਆਂ ਉਸ ਦੌਰਾਨ ਕੇਂਦਰੀ ਮੰਤਰੀ ਤੇ ਅਧਿਕਾਰੀਆਂ ਨੇ ਆਪ ਮੰਨਿਆ ਹੈ ਕਿ ਬਿੱਲਾਂ ਵਿਚ ਖਾਮੀਆਂ ਹਨ ਅਤੇ ਇਸ ’ਚ ਸੋਧਾਂ ਕੀਤੀਆਂ ਜਾ ਸਕਦੀਆਂ ਹਨ ਪਰ ਹੁਣ ਦੇ ਬਿਆਨ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ ਤਾਂ ਕਿ ਕਿਸਾਨਾਂ ਦੇ ਹੌਂਸਲੇ ਨੂੰ ਤੋੜ੍ਹਿਆ ਜਾ ਸਕੇ।
ਲੱਖੋਵਾਲ ਨੇ ਰਾਕੇਸ਼ ਟਿਕੈਤ ਦਾ ਧੰਨਵਾਦ ਕਰਦਿਆਂ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕਿਸਾਨ ਅੰਦੋਲਨ ’ਚ ਨਿਰਾਸ਼ਾ ਦਾ ਆਲਮ ਸੀ ਪਰ ਟਿਕੈਤ ਨੇ ਸੂਝ-ਬੂਝ ਨਾਲ ਅੰਦੋਲਨ ਨੂੰ ਸੰਭਾਲਿਆ, ਜਿਸ ਨਾਲ ਅੰਦੋਲਨ ਮੁੜ ਚੜ੍ਹਦੀਕਲਾ ਵਿਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਜੋ ਸਾਜ਼ਿਸ਼ ਰਚੀ ਸੀ ਉਸ ਨੂੰ ਵੀ ਟਿਕੈਤ ਨੇ ਸਿੱਖਾਂ ਦੀ ਪੱਗ ਆਪਣੇ ਸਿਰ ਬੰਨ੍ਹ ਕੇ ਸਾਰਿਆਂ ਦਾ ਮੂੰਹ ਬੰਦ ਕਰਵਾ ਦਿੱਤਾ। ਲੱਖੋਵਾਲ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਬਿੱਲ ਰੱਦ ਕਰਵਾਉਣ ਲਈ ਇਸ ਤਰ੍ਹਾਂ ਦੀਆਂ ਮਹਾਪੰਚਾਇਤਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ।

Bharat Thapa

This news is Content Editor Bharat Thapa