ਨਗਰ ਕੀਰਤਨ ਤੋਂ ਬਾਅਦ ਮਾਘੀ ਮੇਲਾ ਹੋਇਆ ਰਸਮੀ ਤੌਰ ''ਤੇ ਸਮਾਪਤ

01/15/2018 3:44:57 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - 40 ਮੁਕਤਿਆਂ ਦੀ ਪਵਿੱਤਰ ਯਾਦ 'ਚ ਹਰ ਸਾਲ ਮਨਾਇਆ ਜਾਂਦਾ ਇਤਿਹਾਸਕ ਮਾਘੀ ਮੇਲਾ ਅੱਜ ਰਵਾਇਤੀ ਨਗਰ ਕੀਰਤਨ ਤੋਂ ਬਾਅਦ ਰਸਮੀ ਤੌਰ 'ਤੇ ਸਮਾਪਤ ਹੋ ਗਿਆ। ਇਸ ਸਬੰਧੀ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੂੰ 4 ਤੋਂ ਸ਼ੁਰੂ ਹੋਇਆ ਮਹਾਨ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ ਅਤੇ ਗੁਰਦੁਆਰਾ ਦਾਤਣਸਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਵਾਪਿਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹੁੰਚ ਕੇ ਸਪੰਨ ਹੋਇਆ। ਇਸ ਮਹਾਨ ਨਗਰ ਕੀਰਤਨ ਦੌਰਾਨ ਭਾਈ ਜਸਵਿੰਦਰ ਸਿੰਘ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਵੱਲੋਂ ਕਰਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਜਿੱਥੇ ਫੌਜੀ ਬੈਂਡ ਦੀਆਂ ਸੁੰਦਰ ਧੁਨਾਂ ਵਜਾਈਆਂ। ਨੌਜਵਾਨਾਂ ਨੇ ਗੱਤਕੇ ਦੇ ਜੌਹਰ ਵਿਖਾਏ। ਇਸ ਦੌਰਾਨ ਸੰਗਤਾਂ ਸਤਿਨਾਮ ਵਹਿਗੁਰੂ ਦਾ ਜਾਪ ਕਰਦੀਆਂ ਨਗਰ ਕੀਰਤਨ ਵਾਲੇ ਰਸਤੇ ਨੂੰ ਸਾਫ਼ ਕਰਦੀਆਂ ਚੱਲ ਰਹੀਆਂ ਸਨ। ਨਗਰ ਕੀਰਤਨ ਦੌਰਾਨ ਭਾਈ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਨਵਤੇਜ ਸਿੰਘ ਕਾਉਣੀ ਮੈਂਬਰ ਐਸ. ਜੀ. ਪੀ. ਸੀ. ਆਦਿ ਹਾਜ਼ਰ ਸਨ। ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਬਜ਼ਾਰਾਂ 'ਚ ਵਿਸ਼ਾਲ ਲੰਗਰ ਲਗਾਏ ਗਏ। ਨਗਰ ਕੀਰਤਨ ਨਾਲ ਮੇਲਾ ਮਾਘੀ ਭਾਵੇਂ ਰਸਮੀ ਤੌਰ 'ਤੇ ਸਮਾਪਤ ਹੋ ਗਿਆ ਪਰ ਮੇਲਾ ਮਾਘੀ ਸਬੰਧੀ ਲੱਗੇ ਬਜ਼ਾਰਾਂ 'ਚ ਖਰੀਦੋ ਫਰੋਖਤ ਅਜੇ ਕਈ ਦਿਨਾਂ ਤੱਕ ਚੱਲਦੀ ਰਹੇਗੀ ।