ਮਾਛੀਵਾੜਾ ਡਾਕਘਰ ''ਚ ਸਟਾਫ ਨਾ ਹੋਣ ਕਾਰਨ ਕੰਮਕਾਜ ਠੱਪ, ਲੋਕ ਪਰੇਸ਼ਾਨ

11/15/2019 1:40:48 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦਾ ਡਾਕਘਰ ਘੱਟ ਸਟਾਫ਼ ਤੇ ਮਾੜੀ ਕਾਰਗੁਜ਼ਾਰੀ ਕਾਰਨ ਹਮੇਸ਼ਾ ਹੀ ਸੁਰਖ਼ੀਆਂ 'ਚ ਛਾਇਆ ਰਹਿੰਦਾ ਹੈ। ਇਸ ਡਾਕਘਰ ਨਾਲ ਜੁੜੇ ਸੈਂਕੜੇ ਹੀ ਪਿੰਡ ਅਤੇ ਬੱਚਤ ਖਾਤਿਆਂ ਵਾਲੇ ਲੋਕ ਪਰੇਸ਼ਾਨੀ ਨਾਲ ਜੂਝ ਰਹੇ ਹਨ ਪਰ ਸਰਕਾਰ ਤੇ ਸਬੰਧਿਤ ਵਿਭਾਗ ਬੇਪਰਵਾਹ ਹੋਇਆ ਬੈਠਾ ਹੈ, ਲੋਕਾਂ ਦੀ ਮੁਸ਼ਕਲਾਂ ਨਹੀਂ ਦਿਖਾਈ ਦੇ ਰਹੀਆਂ। ਮਾਛੀਵਾੜਾ ਡਾਕਘਰ ਵਿਚ ਪੋਸਟ ਮਾਸਟਰ ਸਮੇਤ ਕੁੱਲ 3 ਕਰਮਚਾਰੀ ਹਨ, ਜਿਨ੍ਹਾਂ 'ਚੋਂ ਇੱਕ ਛੁੱਟੀ 'ਤੇ ਚੱਲ ਰਿਹਾ ਸੀ, ਜਿਸ ਕਾਰਨ ਪਿਛਲੇ 3-4 ਦਿਨਾਂ ਤੋਂ ਡਾਕਘਰ ਨਾਲ ਜੁੜੇ ਖਾਤਾਧਾਰਕ ਜੋ ਆਪਣੇ ਪੈਸੇ ਜਮ੍ਹਾਂ ਤੇ ਕਢਵਾਉਣ ਆ ਰਹੇ ਸਨ, ਉਨ੍ਹਾਂ ਦਾ ਕੰਮ ਬਹੁਤ ਮੁਸ਼ਕਲ ਨਾ ਹੋ ਰਿਹਾ ਸੀ। ਡਾਕਘਰ ਆਏ ਕਈ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਪੈਸੇ ਕਢਵਾਉਣ ਲਈ ਗੇੜੇ ਮਾਰ ਰਹੇ ਹਨ ਪਰ ਇੱਥੇ ਤਾਇਨਾਤ ਪੋਸਟ ਮਾਸਟਰ ਵਲੋਂ ਉਨ੍ਹਾਂ ਨੂੰ ਕੋਰਾ ਜਵਾਬ ਦਿੱਤਾ ਜਾਂਦਾ ਹੈ ਕਿ ਸਟਾਫ਼ ਦੀ ਘਾਟ ਕਾਰਨ ਉਨ੍ਹਾਂ ਦਾ ਕੰਮ ਨਹੀਂ ਹੋ ਸਕਦਾ।

ਮਾਛੀਵਾੜਾ ਡਾਕਘਰ ਆਏ ਜਗਦੀਪ ਸਿੰਘ, ਹਰਪ੍ਰੀਤ ਕੌਰ, ਅਕਾਸ਼ਦੀਪ, ਮਨਪ੍ਰੀਤ ਸਿੰਘ, ਗੁਰਨਾਇਬ ਸਿੰਘ ਤੇ ਛਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਸੇ ਦੀ ਅਤੀ ਜਰੂਰਤ ਹੈ ਅਤੇ ਡਾਕਘਰ ਦੇ ਖਾਤੇ ਵਿਚ ਉਨ੍ਹਾਂ ਦੇ ਪੈਸੇ ਜਮ੍ਹਾਂ ਦੇ ਬਾਵਜ਼ੂਦ ਵੀ ਰਾਸ਼ੀ ਨਹੀਂ ਮਿਲ ਰਹੀ। ਅੱਜ ਮਾਛੀਵਾੜਾ ਡਾਕਘਰ ਦੇ ਇਹ ਹਾਲਾਤ ਸਨ ਕਿ ਬੱਚਤ ਖਾਤਿਆਂ 'ਚੋਂ ਪੈਸੇ ਦੇ ਲੈਣ-ਦੇਣ ਤੋਂ ਇਲਾਵਾ ਜੇਕਰ ਕੋਈ ਰਜਿਸਟਰੀ ਕਰਵਾਉਣ ਆਉਂਦਾ ਸੀ ਤਾਂ ਉਸ ਨੂੰ ਵੀ ਬੇਰੰਗ ਲਿਫ਼ਾਫੇ ਵਾਂਗ ਵਾਪਸ ਭੇਜ ਦਿੱਤਾ ਜਾਂਦਾ ਸੀ ਕਿ ਸਟਾਫ਼ ਨਹੀਂ ਕਿਸੇ ਹੋਰ ਡਾਕਘਰ ਵਿਚ ਜਾ ਕੇ ਆਪਣਾ ਕੰਮ ਕਰਵਾ ਲਓ।
ਮਾਛੀਵਾੜਾ ਡਾਕਘਰ ਵਿਚ ਪਰੇਸ਼ਾਨ ਖੜ੍ਹੇ ਲੋਕਾਂ ਨੇ ਉਚ ਅਧਿਕਾਰੀਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਆਪਣਾ ਪੈਸਾ ਬੱਚਤ ਯੋਜਨਾਵਾਂ ਵਿਚ ਨਿਵੇਸ਼ ਕਰਕੇ ਖਾਤੇ ਖੁੱਲਵਾਓ ਪਰ ਜੇਕਰ ਲੋਕਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਹੋਵੇਗੀ ਤਾਂ ਫਿਰ ਇਨ੍ਹਾਂ ਯੋਜਨਾਵਾਂ ਦਾ ਕੀ ਲਾਭ। ਪਰੇਸ਼ਾਨ ਹੋਏ ਲੋਕਾਂ ਨੇ ਕਿਹਾਕਿ ਜੇਕਰ ਡਾਕਘਰਾਂ 'ਚ ਸਰਕਾਰ ਸਟਾਫ਼ ਦਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਇਨ੍ਹਾਂ ਨੂੰ ਤਾਲ੍ਹੇ ਲਗਾ ਦਿਓ ਨਹੀਂ ਤਾਂ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਤੁਰੰਤ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਦਾ ਪਾਬੰਦ ਸਮੇਂ ਵਿਚ ਕੰਮ ਹੋ ਸਕੇ।
ਡਾਕਘਰ ਨਾਲ ਜੁੜੇ ਏਜੰਟ ਵੀ ਪਰੇਸ਼ਾਨ
ਮਾਛੀਵਾੜਾ ਡਾਕਘਰ ਨਾਲ ਕਰੀਬ 8 ਤੋਂ ਵੱਧ ਏਜੰਟ ਜੁੜੇ ਹਨ ਜੋ ਸਰਕਾਰ ਦੀਆਂ ਬੱਚਤ ਯੋਜਨਾਵਾਂ ਦਾ ਪ੍ਰਚਾਰ ਕਰ ਉਨ੍ਹਾਂ ਤੋਂ ਪੈਸਾ ਇਕੱਠਾ ਕਰ ਡਾਕਘਰ ਵਿਚ ਪੈਸਾ ਜਮ੍ਹਾ ਕਰਵਾਉਂਦੇ ਹਨ ਅਤੇ ਅੱਜ ਏਜੰਟ ਸੋਨੂੰ, ਹਰਨੇਕ ਸਿੰਘ, ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਉਹ ਲੋਕਾਂ ਦੇ ਪੈਸੇ ਖਾਤਿਆਂ ਵਿਚ ਜਮ੍ਹਾਂ ਕਰਵਾਉਣ ਅਤੇ ਜਿਨ੍ਹਾਂ ਦੀ ਐਫ਼.ਡੀ. ਜਾਂ ਬੱਚਤ ਖਾਤੇ ਦੀ ਮਿਆਦ ਪੂਰੀ ਹੋ ਚੁੱਕੀ ਹੈ ਉਨ੍ਹਾਂ ਦੇ ਪੈਸੇ ਕਢਵਾਉਣ ਲਈ ਡਾਕਘਰ ਆ ਰਹੇ ਹਨ ਪਰ ਪੋਸਟ ਮਾਸਟਰ ਵਲੋਂ ਸਟਾਫ਼ ਨਾ ਹੋਣ ਕਾਰਨ ਕੰਮ ਕਰਨ ਤੋਂ ਕੋਰਾ ਜਵਾਬ ਦਿੱਤਾ ਜਾਂਦਾ ਹੈ। ਏਜੰਟਾਂ ਨੇ ਦੱਸਿਆ ਕਿ ਅੱਜ 15 ਨਵੰਬਰ ਲੋਕਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੈ ਅਤੇ ਕੱਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਪੈਣ ਲੱਗ ਜਾਵੇਗਾ ਪਰ ਲਾਪ੍ਰਵਾਹੀ ਡਾਕਘਰ ਦੀ ਹੈ ਅਤੇ ਖੁਮਿਆਜ਼ਾ ਉਨ੍ਹਾਂ ਨੂੰ ਭੁਗਤਨਾ ਪਵੇਗਾ। ਏਜੰਟਾਂ ਨੇ ਸਰਕਾਰ ਅਤੇ ਡਾਕਘਰ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇੱਥੇ ਤਜ਼ਰਬੇਕਾਰ ਸਟਾਫ਼ ਭੇਜਿਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਕੀ ਕਹਿੰਦੇ ਨੇ ਅਧਿਕਾਰੀ
ਮਾਛੀਵਾੜਾ ਡਾਕਘਰ 'ਚ ਤਾਇਨਾਤ ਪੋਸਟ ਮਾਸਟਰ ਹਰਨੇਕ ਸਿੰਘ ਨੇ ਕਿਹਾ ਕਿ ਇੱਥੇ 3 ਕਰਮਚਾਰੀ ਤਾਇਨਾਤ ਹਨ ਅਤੇ 2 ਛੁੱਟੀ 'ਤੇ ਚਲੇ ਗਏ ਹਨ ਅਤੇ ਉਹ ਇਕੱਲਾ ਸਾਰੇ ਕੰਮ ਨਹੀਂ ਕਰ ਸਕਦਾ ਜਿਸ ਕਾਰਨ ਲੋਕਾਂ ਨੂੰ ਵਾਪਿਸ ਭੇਜ ਰਿਹਾ ਹੈ। ਇਸ ਸਬੰਧੀ ਉਸਨੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਜਦੋਂ ਇਸ ਸਬੰਧੀ ਲੁਧਿਆਣਾ ਸੁਪਰਡੈਂਟ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੂੰ ਦੱਸਿਆ ਕਿ ਮਾਛੀਵਾੜਾ ਡਾਕਘਰ ਵਿਚ ਸਟਾਫ਼ ਨਹੀਂ ਹੈ ਅਤੇ ਕੰਮਕਾਰ ਠੱਪ ਪਿਆ ਹੈ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਇਸ ਬਾਰੇ ਪਤਾ ਕਰਵਾਉਂਦੇ ਹਨ।

Babita

This news is Content Editor Babita