ਮਾਛੀਵਾੜਾ ਮੰਡੀ ''ਚ ਝੋਨੇ ਦੀ ਆਮਦ ਦੇ ਹੈਰਾਨੀਜਨਕ ਆਂਕੜੇ

11/30/2018 4:49:06 PM

ਮਾਛੀਵਾੜਾ ਸਾਹਿਬ (ਟੱਕਰ) : ਇਸ ਵਾਰ ਝੋਨੇ ਦੇ ਸੀਜ਼ਨ ਵਿਚ ਫਸਲ ਦਾ ਝਾੜ ਘੱਟ ਰਿਹਾ, ਜਿਸ ਕਾਰਨ ਪੰਜਾਬ ਦੀਆਂ ਕਾਫ਼ੀ ਮੰਡੀਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਆਮਦ ਘੱਟ ਹੋਈ ਪਰ ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਦੇ ਹੈਰਾਨੀਜਨਕ ਅੰਕੜੇ ਪ੍ਰਾਪਤ ਹੋਏ ਹਨ। ਫਸਲ ਦਾ ਝਾੜ ਘੱਟ ਹੋਣ ਦੇ ਬਾਵਜ਼ੂਦ ਵੀ ਆਮਦ ਕਿਵੇਂ ਵੱਧ ਹੋ ਗਈ ਇਹ ਨਵੇਂ ਸਵਾਲ ਖੜ੍ਹੇ ਕਰ ਰਿਹਾ ਹੈ। ਮਾਛੀਵਾੜਾ ਇਲਾਕੇ ਦੇ ਕਿਸਾਨਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਸ ਸਾਲ ਪਿਛਲੇ ਝੋਨੇ ਦੀ ਸੀਜ਼ਨ ਦੇ ਮੁਕਾਬਲੇ 5 ਤੋਂ 7 ਕੁਇੰਟਲ ਪ੍ਰਤੀ ਏਕੜ ਝਾੜ ਘੱਟ ਰਿਹਾ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ। ਮੰਡੀ ਦੇ ਸੀਜ਼ਨ ਦੌਰਾਨ ਇਹ ਕਿਆਸਰਾਈਆਂ ਸਨ ਕਿ ਇਸ ਵਾਰ 20 ਪ੍ਰਤੀਸ਼ਤ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ ਘਟੇਗੀ। 
ਮਾਛੀਵਾੜਾ ਅਨਾਜ ਮੰਡੀ ਵਿਚ ਪਿਛਲੇ ਸਾਲ 2017 'ਚ 10,90,700 ਲੱਖ ਕੁਇੰਟਲ ਝੋਨੇ ਦੀ ਖਰੀਦ ਹੋਈ ਅਤੇ ਇਸ ਵਾਰ ਵੀ ਇਹ ਅੰਕੜਾ ਫਸਲ ਘੱਟ ਹੋਣ ਦੇ ਬਾਵਜ਼ੂਦ ਪਿਛਲੇ ਸਾਲ ਨੂੰ ਪਾਰ ਕਰ ਗਿਆ ਅਤੇ 10 ਲੱਖ 91 ਹਜ਼ਾਰ ਤੋਂ ਵੱਧ ਹੁਣ ਤੱਕ ਝੋਨਾ ਖਰੀਦਿਆ ਜਾ ਚੁੱਕਾ ਹੈ ਜਦਕਿ ਕੁੱਝ ਹੋਰ ਝੋਨਾ ਮੰਡੀ ਵਿਚ ਆਉਣ ਦੀ ਉਮੀਦ ਹੈ। ਮਾਛੀਵਾੜਾ ਦੇ ਉਪ ਖਰੀਦ ਕੇਂਦਰ ਹੇਡੋਂ ਬੇਟ ਵਿਖੇ ਪਿਛਲੇ ਸਾਲ 87710 ਕੁਇੰਟਲ ਝੋਨੇ ਦੀ ਖਰੀਦ ਹੋਈ ਅਤੇ ਇਸ ਵਾਰ ਇਹ ਅੰਕੜਾ ਘੱਟ ਝਾੜ ਹੋਣ ਦੇ ਬਾਵਜ਼ੂਦ 101000 ਦੇ ਕਰੀਬ ਪੁੱਜ ਗਿਆ ਜੋ ਪਿਛਲੀ ਖਰੀਦ ਦਾ ਰਿਕਾਰਡ ਤੋੜ ਗਿਆ। ਇਸ ਤੋਂ ਇਲਾਵਾ ਉਪ ਖਰੀਦ ਕੇਂਦਰ ਸ਼ੇਰਪੁਰ ਬੇਟ ਵਿਖੇ ਪਿਛਲੇ ਸਾਲ 83540 ਕੁਇੰਟਲ ਝੋਨੇ ਦੀ ਖਰੀਦ ਹੋਈ ਜਦਕਿ ਇਸ ਸਾਲ 1 ਹਜ਼ਾਰ ਕੁਇੰਟਲ ਘੱਟ 82140 ਕੁਇੰਟਲ ਝੋਨੇ ਦੀ ਖਰੀਦ ਹੋਈ। ਬੁਰਜ ਪਵਾਤ ਉਪ ਖਰੀਦ ਕੇਂਦਰ ਵਿਚ ਪਿਛਲੇ ਸਾਲ 33700 ਕੁਇੰਟਲ ਝੋਨੇ ਦੀ ਖਰੀਦ ਹੋਈ ਜਦਕਿ ਇਸ ਸਾਲ ਇਸ ਕੇਂਦਰ 'ਚ 5000 ਕੁਇੰਟਲ ਝੋਨੇ ਦੀ ਖਰੀਦ ਹੋਈ। 
ਮਾਛੀਵਾੜਾ ਤੇ ਉਪ ਖਰੀਦ ਕੇਂਦਰਾਂ ਦੀ ਕੁੱਲ ਖਰੀਦੀ ਫਸਲ ਦਾ ਜੋੜ ਲਗਾਇਆ ਜਾਵੇ ਤਾਂ ਕਿਸਾਨਾਂ ਦੇ ਘੱਟ ਝਾੜ ਦੇ ਬਾਵਜ਼ੂਦ ਇੱਥੇ ਪਿਛਲੇ ਸਾਲ ਨਾਲੋਂ ਵੱਧ ਝੋਨੇ ਦੀ ਖਰੀਦ ਹੋਈ। ਮਾਛੀਵਾੜਾ ਮੰਡੀ ਵਿਚ ਵੱਧ ਝੋਨੇ ਦੀ ਖਰੀਦ ਹੋਣ ਸਬੰਧੀ ਆੜ੍ਹਤੀਆਂ ਦੇ ਵੱਖਰੇ-ਵੱਖਰੇ ਤਰਕ ਹਨ ਜਿਸ ਵਿਚ ਕੁੱਝ ਕੁ ਦਾ ਕਹਿਣਾ ਹੈ ਕਿ ਨੇੜ੍ਹੇ ਹੀ ਸਥਿਤ ਕੂੰਮਕਲਾਂ ਅਨਾਜ ਮੰਡੀ ਜਿੱਥੇ ਕਿ ਸ਼ੈਲਰ ਮਾਲਕਾਂ ਵਲੋਂ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਆਪਣੇ ਸ਼ੈਲਰਾਂ ਵਿਚ ਨਹੀਂ ਲਗਾਇਆ ਜਾਂਦਾ ਸੀ ਜਦਕਿ ਮਾਛੀਵਾੜਾ ਵਿਖੇ ਸ਼ੈਲਰ ਮਾਲਕਾਂ ਵਿਚ ਝੋਨਾ ਲਗਾਉਣ ਦੀ ਹੋੜ ਲੱਗੀ ਸੀ ਅਤੇ ਉਹ ਵੱਧ ਨਮੀ ਵਾਲਾ ਝੋਨਾ ਮੰਡੀ 'ਚੋਂ ਚੁੱਕ ਕੇ ਲਿਆ ਰਹੇ ਸਨ ਜਿਸ ਕਾਰਨ ਕੂੰਮਕਲਾਂ ਮੰਡੀ ਦੀ ਫਸਲ ਮਾਛੀਵਾੜਾ ਵਿਖੇ ਵਿਕਣ ਲਈ ਆ ਗਈ।
ਦੂਸਰੇ ਪਾਸੇ ਮਾਛੀਵਾੜਾ ਮੰਡੀ 'ਚ ਇਸ ਵਾਰ ਬਾਸਮਤੀ-1121 ਫਸਲ ਦੀ ਆਮਦ ਵੀ ਵੱਧ ਹੈ ਕਿਉਂਕਿ ਇਸ ਵਾਰ ਮੰਡੀ ਵਿਚ ਪ੍ਰਾਈਵੇਟ ਖਰੀਦਦਾਰ ਵੱਧ ਹਨ ਅਤੇ ਕਿਸਾਨਾਂ ਵਲੋਂ ਬਾਸਮਤੀ ਦੀ ਸਭ ਤੋਂ ਵੱਡੀ ਮੰਡੀ ਰਾਜਪੁਰਾ ਤੇ ਹਰਿਆਣਾ 'ਚ ਸਥਿਤ ਮੰਡੀ ਗੋਲਾਚੀਕਾ ਜਾਣ ਦੀ ਬਜਾਏ ਮਾਛੀਵਾੜਾ ਮੰਡੀ 'ਚ ਹੀ ਵੇਚਣ ਨੂੰ ਤਰਜੀਹ ਦਿੱਤੀ। ਇਸ ਤੋਂ ਇਲਾਵਾ ਮਾਛੀਵਾੜਾ ਮੰਡੀ 'ਚ ਝੋਨੇ ਦੀ ਫਸਲ ਵੱਧਣ ਦਾ ਕਾਰਨ ਕੁੱਝ ਹੋਰ ਵੀ ਦੱਸਿਆ ਜਾ ਰਿਹਾ ਹੈ ਜਿਸ ਤਹਿਤ ਬਾਹਰਲਾ ਸੂਬਾ ਉਤਰ ਪ੍ਰਦੇਸ਼ ਜਿੱਥੇ ਕਿ ਝੋਨੇ ਦਾ ਭਾਅ ਘੱਟ ਹੋਣ ਕਾਰਨ ਕੁੱਝ ਵਪਾਰੀਆਂ ਨੇ ਉਥੋਂ ਝੋਨਾ ਖਰੀਦ ਕੇ ਸਰਕਾਰ ਨੂੰ ਵੱਧ ਭਾਅ 'ਤੇ ਵੇਚ ਕੇ ਮੁਨਾਫ਼ਾ ਕਮਾਇਆ ਅਤੇ ਇਸ ਵਿਚ ਕੁੱਝ ਸ਼ੈਲਰ ਮਾਲਕਾਂ ਦੀ ਵੀ ਮਿਲੀਭੁਗਤ ਦੱਸੀ ਜਾਂਦੀ ਹੈ। ਫਸਲ ਦਾ ਝਾੜ ਘੱਟ ਹੋਣ ਕਾਰਨ ਮਾਛੀਵਾੜਾ ਦੇ ਸ਼ੈਲਰਾਂ ਮਾਲਕਾਂ ਵਿਚ ਹੋੜ ਲੱਗੀ ਸੀ ਕਿ ਉਹ ਜਲਦ ਤੋਂ ਜਲਦ ਆਪਣੀ ਸਮਰੱਥਾ ਅਨੁਸਾਰ ਝੋਨਾ ਪਿੜਾਈ ਲਈ ਪੂਰਾ ਕਰ ਲੈਣ ਪਰ ਜਦੋਂ ਸੀਜ਼ਨ ਦੇ ਅੰਤ ਵਿਚ ਅੰਕੜੇ ਸਾਹਮਣੇ ਆਏ ਤਾਂ ਇਸ ਤੋਂ ਸਾਰੇ ਹੀ ਹੈਰਾਨ ਹੋ ਗਏ ਕਿ ਘੱਟ ਝਾੜ ਦੇ ਬਾਵਜ਼ੂਦ ਮਾਛੀਵਾੜਾ ਮੰਡੀ ਵਿਚ ਝੋਨਾ ਪਿਛਲੇ ਸਾਲ ਦੇ ਮੁਕਾਬਲੇ ਕਿਸ ਤਰ੍ਹਾਂ ਵੱਧ ਹੋ ਗਿਆ।

Babita

This news is Content Editor Babita