ਕੋਰੋਨਾ ਕਰਫਿਊ ਦੌਰਾਨ ਲੁਧਿਆਣਾ ਸਬਜ਼ੀ ਮੰਡੀ 'ਚ ਲੱਗਿਆ ਮੇਲਾ, ਤਸਵੀਰਾਂ 'ਚ ਦੇਖੋ ਕਿਵੇਂ ਇਕੱਠੀ ਹੋਈ ਭੀੜ

04/25/2020 12:31:22 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੀ ਸਬਜ਼ੀ ਮੰਡੀ 'ਚ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੇ ਦਾਅਵਿਆਂ ਦੀ ਉਦੋਂ ਫੂਕ ਨਿਕਲ ਗਈ, ਜਦੋਂ ਸਾਡੀ ਟੀਮ ਵੱਲੋਂ ਸਬਜ਼ੀ ਮੰਡੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸਬਜ਼ੀ ਮੰਡੀ 'ਚ ਭੀੜ ਲੱਗੀ ਹੋਈ ਸੀ, ਨਾ ਤਾਂ ਕੋਈ ਆਪਸੀ ਦਾਇਰਾ ਬਣਾਇਆ ਜਾ ਰਿਹਾ ਸੀ ਅਤੇ ਨਾ ਹੀ ਸੈਨੇਟਾਈਜ਼ਰ ਜਾਂ ਬੁਖਾਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਸਿਵਲ ਹਸਪਤਾਲ 'ਚ ਕੋਰੋਨਾ ਦੇ 2 ਸ਼ੱਕੀ ਮਰੀਜ਼ਾਂ ਦੀ ਮੌਤ

ਮੰਡੀ 'ਚ ਆੜ੍ਹਤੀਆਂ ਅਤੇ ਸਬਜ਼ੀ ਖ਼ਰੀਦਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਹਾਲਾਤ ਖਰਾਬ ਹਨ ਅਤੇ ਪ੍ਰਬੰਧ ਪੂਰੇ ਨਹੀਂ ਅਤੇ ਲੋਕ ਵੀ ਜਾਗਰੂਕ ਨਹੀਂ ਹਨ। ਦੱਸ ਦੇਈਏ ਕਿ ਇਹ ਉਹੀ ਸਬਜ਼ੀ ਮੰਡੀ ਹੈ, ਜਿੱਥੇ ਬੀਤੇ ਦਿਨੀਂ ਏ. ਸੀ. ਪੀ. ਅਨਿਲ ਕੋਹਲੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਲੁਧਿਆਣਾ ਦੀ ਸਬਜ਼ੀ ਮੰਡੀ ਕੋਰੋਨਾ ਦਾ ਹਾਟ ਸਪਾਟ ਹੈ ਪਰ ਇੱਥੋਂ ਦੇ ਹਾਲਾਤ ਦੇਖ ਕੇ ਇੰਝ ਨਹੀਂ ਜਾਪਦਾ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਬਦਲੇਗਾ ਮੌਸਮ, ਕਿਸਾਨਾਂ ਲਈ 48 ਘੰਟੇ ਚਿੰਤਾ ਵਾਲੇ


ਇਸ ਮੌਕੇ ਆੜ੍ਹਤੀਆਂ ਨੇ ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਲੋਕ ਨਾ ਤਾਂ ਜਾਗਰੂਕ ਹਨ ਅਤੇ ਨਾ ਸਮਾਜਿਕ ਦੂਰੀ ਵਾਲਾ ਕੋਈ ਸਿਸਟਮ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਾਸ ਦੇ ਦਿੱਤੇ ਗਏ ਹਨ ਅਤੇ ਸਿਰਫ ਵੱਡੇ ਹੀ ਨਹੀਂ, ਸਗੋਂ ਪ੍ਰਚੂਨ ਵਾਲੇ ਵੀ ਆ ਕੇ ਇੱਥੇ ਸਬਜ਼ੀ ਖਰੀਦਦੇ ਹਨ, ਜਿਸ ਕਰਕੇ ਸਬਜ਼ੀ ਮੰਡੀ 'ਚ ਭੀੜ ਲੱਗੀ ਹੋਈ ਹੈ। ਦੂਜੇ ਪਾਸੇ ਸਬਜ਼ੀ ਖਰੀਦਣ ਆਏ ਨੌਜਵਾਨਾਂ ਨੇ ਵੀ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਕੋਈ ਬਹੁਤੇ ਚੰਗੇ ਪ੍ਰਬੰਧ ਨਹੀਂ ਨਹੀਂ ਅਤੇ ਅਨਪੜ੍ਹਤਾ ਕਰਕੇ ਲੇਬਰ ਆਪਸ 'ਚ ਕੋਈ ਦਾਇਰਾ ਨਹੀਂ ਬਣਾਉਂਦੀ।


ਜਦੋਂ ਮੰਡੀ ਦੇ ਗੇਟ 'ਤੇ ਖੜ੍ਹੇ ਏ. ਐੱਸ. ਆਈ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ 'ਚ ਉਹ ਸਮੇਂ-ਸਮੇਂ 'ਤੇ ਗੇੜੇ ਮਾਰਦੇ ਰਹਿੰਦੇ ਹਨ ਅਤੇ ਨਾਲ ਹੀ ਵੱਡੇ ਅਫਸਰ ਵੀ ਮੰਡੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਜਾਗਰੂਕ ਹਨ ਉਹ ਤਾਂ ਜ਼ਰੂਰ ਅਹਿਤਿਆਤ ਵਰਤਦੇ ਹਨ ਪਰ ਕੁਝ ਲੋਕ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬੁਖ਼ਾਰ ਚੈੱਕ ਕਰਨ ਵਾਲੀਮਸ਼ੀਨ ਤਾਂ ਨਹੀਂ ਪਰ ਬਿਨਾਂ ਪਾਸ ਚੈੱਕ ਕੀਤੇ ਉਹ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ। ਉਨ੍ਹਾਂ ਕਿਹਾ ਕਿ 6 ਤੋਂ 7 ਮੁਲਾਜ਼ਮਾਂ ਦੀ ਇੱਥੇ ਡਿਊਟੀ ਹੈ ਪਰ ਪੁਲਸ ਮੁਲਾਜ਼ਮ ਨੇ ਵੀ ਮੰਨਿਆ ਕਿ ਜਿੰਨੇ ਪ੍ਰਬੰਧ ਹੋਣੇ ਚਾਹੀਦੇ ਹਨ, ਮੰਡੀ 'ਚ ਉਨੇ ਨਹੀਂ ਹਨ। 
ਇਹ ਵੀ ਪੜ੍ਹੋ : ਮੋਹਾਲੀ : ਕਰਫਿਊ ਡਿਊਟੀ ਖਤਮ ਕਰਕੇ ਪਰਤੇ ਐੱਸ. ਆਈ. ਦੀ ਸ਼ੱਕੀ ਹਾਲਾਤ 'ਚ ਮੌਤ


 

Babita

This news is Content Editor Babita