ਲੁਧਿਆਣਾ ''ਚ ਭਾਰੀ ਬਾਰਸ਼, ਕਿਤੇ ਰਾਹਤ ਤੇ ਕਿਤੇ ਆਫਤ

07/16/2018 4:24:42 PM

ਲੁਧਿਆਣਾ (ਅਭਿਸ਼ੇਕ) : ਸ਼ਹਿਰ 'ਚ ਘੰਟਿਆਂ ਬੱਧੀ ਹੋਈ ਬਾਰਸ਼ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਆਫਤ ਵੀ ਲੈ ਕੇ ਆਈ ਹੈ। ਬਾਰਸ਼ ਕਾਰਨ ਕਈ ਇਲਾਕਿਆਂ 'ਚ ਮੌਸਮ ਤਾਂ ਸੁਹਾਵਣਾ ਹੋ ਗਿਆ ਪਰ ਕਈ ਥਾਵਾਂ 'ਤੇ ਸਕੂਲ ਤੇ ਹਸਪਤਾਲ ਦੀ ਕੰਧ ਡਿਗ ਗਈ ਅਤੇ ਸੜਕਾਂ 'ਤੇ ਪਾਣੀਓਂ-ਪਾਣੀ ਹੋ ਗਿਆ। 
ਸਿਰਫ ਇੰਨਾ ਹੀ ਨਹੀਂ ਮਹਾਰਾਜਾ ਨਗਰ ਸਥਿਤ ਸੜਕ ਵੀ ਹੇਠਾਂ ਧੱਸ ਗਈ ਪਰ ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਸੜਕ 'ਤੇ ਡੂੰਘਾ ਟੋਆ ਪੈਣ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ। ਇਸ ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਥੋਂ 50 ਮੀਟਰ ਦੀ ਦੂਰੀ 'ਤੇ ਇੰਝ ਹੀ ਸੜਕ ਧੱਸੀ ਅਤੇ ਉਸ ਟੋਏ 'ਚ ਇਕ ਟਰੱਕ ਧੱਸ ਗਿਆ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।