ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਬੰਦ ਕਰਾਈ ਸਟੇਸ਼ਨ ਦੀ ਪਾਰਕਿੰਗ

12/01/2018 12:56:12 PM

ਲੁਧਿਆਣਾ : ਸਥਾਨਕ ਰੇਲਵੇ ਸਟੇਸ਼ਨ ਦੀ ਵਾਹਨ ਪਾਰਕਿੰਗ ਨੂੰ ਜਦੋਂ ਤੋਂ ਪਿਛਲਾ ਠੇਕੇਦਾਰ ਛੱਡ ਕੇ ਗਿਆ ਹੈ, ਉਸ ਸਮੇਂ ਤੋਂ ਹੁਣ ਤੱਕ ਯਾਤਰੀਆਂ ਲਈ ਸਟੇਸ਼ਨ 'ਤੇ ਵਾਹਨ ਪਾਰਕਿੰਗ ਸਿਰਦਰਦੀ ਦਾ ਇਕ ਵੱਡਾ ਕਾਰਨ ਬਣਿਆ ਹੋਇਆ ਹੈ। ਰੇਲਵੇ ਵਲੋਂ ਯਾਤਰੀਆਂ ਨੂੰ ਆਪਣੇ ਰਿਸਕ 'ਤੇ ਪਾਰਕਿੰਗ  'ਚ ਵਾਹਨ ਖੜ੍ਹਾ ਕਰਨ ਦੀ ਦਿੱਤੀ ਗਈ ਇਜਾਜ਼ਤ 'ਤੇ ਰਾਜ ਦੀ ਰੇਲਵੇ ਪੁਲਸ ਵਲੋਂ  ਅਧਿਕਾਰੀਆਂ ਨਾਲ ਬੈਠਕ ਕਰ ਕੇ ਰੋਕ ਲਾ ਦਿੱਤੀ ਗਈ ਹੈ। ਵਾਹਨ ਪਾਰਕਿੰਗ 'ਚ ਯਾਤਰੀਆਂ ਦੀ ਸੁਰੱਖਿਆ ਤੇ ਹੋਰਨਾਂ ਕਾਰਨਾਂ ਕਰ ਕੇ ਸਟੇਸ਼ਨ 'ਤੇ ਲੋਕਾਂ ਨੂੰ ਮਿਲਣ ਵਾਲੀ ਪਾਰਕਿੰਗ  ਸਹੂਲਤ ਨੂੰ ਠੇਕੇ 'ਤੇ ਦਿੱਤੇ ਜਾਣ ਤੱਕ ਬੰਦ ਕਰ ਦਿੱਤਾ ਗਿਆ ਹੈ। ਹੁਣ ਯਾਤਰੀ ਸਿਰਫ  ਆਪਣੇ ਰਿਸ਼ਤੇਦਾਰਾਂ ਨੂੰ ਛੱਡਣ  ਜਾਂ ਲੈਣ ਆਉਣ ਲਈ ਵਾਹਨ ਲਿਆ ਸਕਦੇ ਹਨ ਪਰ ਪਾਰਕਿੰਗ ਵਿਚ ਖੜ੍ਹਾ ਨਹੀਂ ਕਰ ਸਕਦੇ। 
ਵਰਣਨਯੋਗ ਹੈ ਕਿ ਬੀਤੇ ਦਿਨੀਂ ਵਪਾਰੀ ਆਗੂ ਤੇ  ਕਾਂਗਰਸ ਸ਼ਹਿਰੀ ਉਪ ਪ੍ਰਧਾਨ ਵਿਪਨ ਵਿਨਾਇਕ ਤੇ ਰੋਜ਼ਾਨਾ ਯਾਤਰੀਆਂ ਦੀ ਸੰਸਥਾ ਦੇ ਪ੍ਰਧਾਨ  ਸ਼ੁਭ ਲਖਨ ਜੁਨੇਜਾ ਨੇ ਵਾਹਨ ਪਾਰਕਿੰਗ 'ਚ ਬਿਨਾਂ ਸੁਰੱਖਿਆ ਜਾਂਚ ਦੇ ਵਾਹਨ ਖੜ੍ਹੇ ਕਰਨ  ਨੂੰ ਲੈ ਕੇ ਯਾਤਰੀਆਂ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦੀ ਗੱਲ ਕਹਿ ਕੇ ਪਾਰਕਿੰਗ 'ਚ  ਸੁਰੱਖਿਆ ਵਿਵਸਥਾ ਸਖ਼ਤ ਕਰਨ ਦੀ ਮੰਗ ਕੀਤੀ ਸੀ।

Babita

This news is Content Editor Babita