ਜੇਕਰ ਲੁਧਿਆਣਾ ਲੋਕ ਸਭਾ ਸੀਟ ਭਾਜਪਾ ਨੂੰ ਮਿਲੀ ਤਾਂ ਫੂਲਕਾ ਹੋ ਸਕਦੇ ਹਨ ਉਮੀਦਵਾਰ

01/16/2019 8:08:50 AM

ਜਲੰਧਰ, (ਬੁਲੰਦ)- ਨੇੜੇ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਕਈ ਰੰਗ ਬਦਲਦੇ ਨਜ਼ਰ  ਆ ਰਹੇ ਹਨ। ਇਸ ਸਮੇਂ ਸਭ ਤੋਂ ਜ਼ਿਆਦਾ ਜ਼ੋਰ–ਅਜ਼ਮਾਈ  ਲੁਧਿਆਣਾ ਸੀਟ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਹੋ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਦੋ ਵਾਰ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲੀ ਹਾਰ ਤੋਂ ਬਾਅਦ ਇਸ ਵਾਰ ਭਾਜਪਾ ਤੇ ਅਕਾਲੀ ਦਲ ਵਿਚਕਰਾ ਲੁਧਿਆਣਾ ਤੇ ਅੰਮ੍ਰਿਤਸਰ ਦੀਆਂ ਸੀਟਾਂ ਦੇ ਅਦਲ-ਬਦਲ ਨੂੰ  ਲੈ  ਕੇ  ਗੰਭੀਰ  ਚਰਚਾ   ਚਲ  ਰਹੀ  ਹੈ।  ਹੋ  ਸਕਦਾ  ਹੈ  ਲੋਕ  ਸਭਾ  ਚੋਣਾਂ ’ਚ  ਅੰਮ੍ਰਿਤਸਰ  ਸੀਟ  ਅਕਾਲੀ  ਦਲ  ਲੁਧਿਆਣਾ  ਸੀਟ  ਭਾਜਪਾ  ਨੂੰ  ਮਿਲ  ਜਾਏ। 

ਪਿਛਲੀਆਂ  ਦੋ  ਲੋਕ  ਸਭਾ  ਚੋਣਾਂ  ਦੀ  ਗੱਲ  ਕਰੀਏ  ਤਾਂ  2009  ਅਤੇ  2014  ’ਚ  ਇਸ  ਸੀਟ  ’ਤੇ   ਕਾਂਗਰਸ  ਨੇ  ਕਬਜ਼ਾ  ਕਰ   ਰੱਖਿਆ  ਹੈ।   ਹੁਣ ਜੇਕਰ ਇਹ ਸੀਟ ਅਕਾਲੀ ਦਲ ਦੇ ਹਿੱਸੇ ਆਉਂਦੀ ਹੈ ਤਾਂ ਉਹ ਇੱਥੋਂ ਸਾਬਕਾ ਮੰਤਰੀ ਹੀਰਾ ਸਿੰਘ  ਗਾਬੜੀਆਂ ਜਾਂ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਇਸ ਸੀਟ ’ਤੇ  ਮੌਕਾ ਦੇ ਸਕਦੇ ਹਨ ਪਰ ਜੇਕਰ  ਭਾਜਪਾ ਨੂੰ ਲੁਧਿਆਣਾ ਸੀਟ ਤੋਂ ਚੋਣ ਲੜਨ ਦਾ ਮੌਕਾ ਮਿਲਦਾ ਹੈ ਤਾਂ ਉਹ ਬੇਹੱਦ ਨਾਟਕੀ ਢੰਗ ਨਾਲ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇਤਾ ਦੇ ਸਾਬਕਾ ਨੇਤਾ ਐੱਚ.ਐੱਸ. ਫੂਲਕਾ ਨੂੰ ਉਤਾਰਨ ਦੀ ਤਿਆਰੀ ’ਚ ਹਨ।   
ਫੂਲਕਾ  ਨੇ ‘ਆਪ’  ਨੂੰ ਛੱਡਣ ਤੋਂ ਬਾਅਦ ਭਾਵੇਂ ਐਲਾਨ ਕੀਤਾ ਸੀ ਕਿ ਉਹ ਹੁਣ ਨਾ ਤਾਂ ਰਾਜਨੀਤੀ ’ਚ ਆਉਣਗੇ ਤੇ ਨਾ ਹੀ ਚੋਣ ਲੜਨਗੇ ਪਰ 1984 ਸਿੱਖ ਵਿਰੋਧੀ ਦੰਗਿਆਂ ਦੇ ਕੇਸ ਜਿੱਤਣ ਤੋਂ ਬਾਅਦ ਫੂਲਕਾ ਨੇ ਬਿਆਨ ਦਿੱਤਾ ਸੀ ਕਿ  ਭਾਜਪਾ ਨੇ ਇਨ੍ਹਾਂ ਸਾਰੇ ਕੇਸਾਂ ’ਚ  ਉਸ ਦੀ ਮਦਦ ਕੀਤੀ ਹੈ, ਜੋ ਕਿ ਪ੍ਰਸ਼ੰਸਾਯੋਗ ਹੈ। ਇਸ ਤੋਂ ਬਾਅਦ ਹੀ ਫੂਲਕਾ ਦੀ ਭਾਜਪਾ ਨਾਲ ਨੇੜਤਾ ਵਧਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ। ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਕਰ ਫੂਲਕਾ ਨੂੰ ਲੁਧਿਆਣੇ ਤੋਂ ਚੋਣ ਲੜਨ ਲਈ ਕਹਿੰਦੇ ਹਨ ਤਾਂ ਸ਼ਾਇਦ ਉਹ ਮਨ੍ਹਾ ਨਹੀਂ ਕਰ ਸਕਣਗੇ। ਇਹ ਵੀ ਹੋ ਸਕਦਾ ਕਿ ਫੂਲਕਾ ਸਿੱਧੇ ਤੌਰ ’ਤੇ ਭਾਜਪਾ ਦਾ ਉਮੀਦਵਾਰ ਬਣਨ ਦੀ ਬਜਾਏ ਆਪਣੀ ਕੋਈ ਪਾਰਟੀ  ਬਣਾ ਕੇ ਭਾਜਪਾ ਦੇ ਸਮਰਥਨ ਨਾਲ ਲੁਧਿਆਣਾ ਦੀ ਸੀਟ ਤੋਂ ਚੋਣ ਲੜਨ।