ਲੁਧਿਆਣਾ ਦੀਆਂ 44 ਡਾਇੰਗ ਯੂਨਿਟਾਂ 'ਤੇ ਲੱਗਾ ਤਾਲਾ

07/21/2019 10:50:21 AM

ਲੁਧਿਆਣਾ (ਧੀਮਾਨ) - ਲੁਧਿਆਣਾ ਦੇ ਬੁੱਢੇ ਨਾਲੇ 'ਚ ਇੰਡਸਟਰੀ ਦਾ ਕੈਮੀਕਲ ਯੁਕਤ ਪਾਣੀ ਸੁੱਟਣ ਵਾਲੀਆਂ 44 ਡਾਇੰਗ ਯੂਨਿਟਾਂ 'ਤੇ ਸਖਤ ਕਾਰਵਾਈ ਕਰਦੇ ਹੋਏ 44 ਯੂਨਿਟਾਂ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਟਰ ਐਕਟ 1974 ਦੀ ਧਾਰਾ 32 ਤੇ 33-ਏ ਦੇ ਤਹਿਤ ਇਹ ਕਾਰਵਾਈ ਕੀਤੀ ਹੈ। ਇਨ੍ਹਾਂ ਯੂਨਿਟਾਂ ਵਲੋਂ ਆਪਣੀਆਂ ਫੈਕਟਰੀਆਂ ਤੋਂ ਹੋਣ ਵਾਲੀ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧਾਂ ਤਕ ਇਹ ਫੈਕਟਰੀਆਂ ਬੰਦ ਰਹਿਣਗੀਆਂ। ਦਰਅਸਲ ਇਹ ਮਾਮਲਾ ਕਰੀਬ 3 ਮਹੀਨੇ ਪੁਰਾਣਾ ਹੈ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ 'ਚ ਸੁੱਟੇ ਜਾਣ ਦੀ ਸੂਚਨਾ ਬੋਰਡ ਦੇ ਅਧਿਕਾਰੀਆਂ ਨੂੰ 1 ਮਈ ਨੂੰ ਮਿਲੀ ਸੀ।ਜਾਣਕਾਰੀ ਤੋਂ ਬਾਅਦ ਪੰਜਾਬ ਡਾਇਰ ਐਸੋਸੀਏਸ਼ਨ ਨੇ ਗੰਦੇ ਪਾਣੀ ਦੀ ਨਿਕਾਸੀ ਦੇ 2 ਰਸਤੇ ਬੰਦ ਕਰ ਦਿੱਤੇ ਪਰ 3 ਮਈ ਨੂੰ ਇਨ੍ਹਾਂ ਰਸਤਿਆਂ ਰਾਹੀਂ ਮੁੜ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ, ਜਿਸ ਦੀ ਜਾਣਕਾਰੀ ਦੁਬਾਰਾ ਐਸੋਸੀਏਸ਼ਨ ਨੂੰ ਦਿੱਤੀ ਅਤੇ ਨਿਕਾਸੀ ਵਾਲੀ ਜਗ੍ਹਾ ਦਾ ਬੋਰਡ ਦੇ ਅਧਿਕਾਰੀਆਂ ਨੇ ਦੌਰਾ ਕੀਤਾ। 4 ਮਈ ਨੂੰ ਇਹ ਰਸਤੇ ਫਿਰ ਬੰਦ ਕਰ ਦਿੱਤੇ ਗਏ।

16 ਜੂਨ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਜਦ ਦੁਬਾਰਾ ਪਾਣੀ ਸੁੱਟਣ ਵਾਲੀ ਜਗ੍ਹਾ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਦੇਖਿਆ ਗਿਆ ਕਿ ਪੰਜਾਬ ਡਾਇਰ ਐਸੋਸੀਏਸ਼ਨ ਵਲੋਂ ਇੰਡਸਟਰੀ ਦਾ ਗੰਦਾ ਪਾਣੀ ਕੱਢਣ ਲਈ ਪਾਈ ਗਈ ਪਾਈਪ ਵਿਚਕਾਰੋਂ ਟੁੱਟੀ ਹੋਈ ਸੀ ਜਿਸ ਕਰ ਕੇ ਇੰਡਸਟਰੀ ਦਾ ਕੈਮੀਕਲ ਯੁਕਤ ਪਾਣੀ ਸਿੱਧੇ ਬੁੱਢੇ ਨਾਲੇ ਵਿਚ ਡਿਗਦਾ ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਨੂੰ ਵਾਟਰ ਐਕਟ ਦੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ 12 ਜੁਲਾਈ ਨੂੰ ਇੰਡਸਟਰੀ 'ਤੇ ਤਾਲਾਬੰਦੀ ਦਾ ਆਦੇਸ਼ ਜਾਰੀ ਕਰ ਦਿੱਤਾ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਦੇਸ਼ਾਂ ਵਿਚ ਲਿਖਿਆ ਗਿਆ ਹੈ ਕਿ ''ਉਦਯੋਗ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਆਪਰੇਸ਼ਨ ਬੰਦ ਕਰਨ ਪੈਣਗੇ ਅਤੇ ਜਦੋਂ ਤਕ ਇਨ੍ਹਾਂ ਉਦਯੋਗਾਂ ਵਿਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਨਿਵਾਸੀ ਦੇ ਉਚਿਤ ਪ੍ਰਬੰਧ ਨਹੀਂ ਹੋ ਜਾਂਦੇ ਅਤੇ ਬੁੱਢੇ ਨਾਲੇ ਵਿਚ ਗੰਦਾ ਪਾਣੀ ਡਿਗਣ 'ਤੇ ਰੋਕ ਨਹੀਂ ਲਗਾਈ ਜਾਂਦੀ, ਤਦ ਤਕ ਇੰਡਸਟਰੀ ਬੰਦ ਰਹੇਗੀ।''

ਇਨ੍ਹਾਂ ਇੰਡਸਟਰੀਆਂ 'ਤੇ ਲੱਗਾ ਤਾਲਾ

ਏ. ਡੀ. ਡਾਇੰਗ ਐਂਡ ਫਿਨਸ਼ਿੰਗ ਮਿਲਜ਼ ਏ. ਕੇ. ਡਾਇੰਗ ਹਾਊਸ
ਆਦਰਸ਼ ਪ੍ਰੋਸੈਸਰ
ਬਾਲਾਰਾਮ ਟੈਕਸ ਲਿ. (ਪਹਿਲਾਂ ਗਣੇਸ਼ ਕੋਟੇਕਸ ਦੇ ਨਾਂ ਨਾਲ ਜਾਣੀ ਜਾਂਦੀ ਸੀ)
ਜੀ. ਕੇ. ਫਿਨਿਸ਼ਿੰਗ
ਜੀ. ਪੀ. ਡਾਇੰਗ
ਜੀ. ਆਰ. ਡਾਇੰਗ
ਜੀ. ਆਰ. ਵੂਲਨ ਮਿਲਸ
ਗੁਪਤਾ ਸ਼ਿਵਮ ਡਾਇੰਗ ਪ੍ਰੋਸੈਸਰ
ਗੁਪਤਾ ਸ਼ਿਵਮ ਪ੍ਰੋਸੈਸਰ (ਪਹਿਲਾਂ ਇਹ ਬਾਲਾ ਜੀ ਡਾਇੰਗ ਫਿਨਿਸ਼ਿੰਗ ਮਿਲਸ ਦੇ ਨਾਂ ਨਾਲ ਜਾਣੀ ਜਾਂਦੀ ਸੀ)
ਜੀ. ਆਰ. ਵੂਲਜ਼ ਮਿਲਸ
ਹਿੰਦੁਸਤਾਨ ਪ੍ਰੋਸੈੱਸਰ
ਜੈ ਸ਼੍ਰੀ ਰਾਧੇ ਇੰਡਸਟਰੀਜ਼
ਜਸਬੀਰ ਡਾਇੰਗ ਹਾਊਸ
ਕੇ. ਬੀ. ਡਾਇੰਗ
ਕੈਰਾਵੀ ਪ੍ਰੋਸੈੱਸਰ
ਕੇ. ਰਾਜ ਪੋਦਾਰ ਐਂਡ ਕੰਪਨੀ
ਕ੍ਰਿਸ਼ਣਾ ਪ੍ਰੋਸੈੱਸਰ
ਲਵਲੀ ਇੰਡਸਟੀਜ਼
ਐੱਮ. ਆਰ. ਡਾਇੰਗ
ਅਭਿਨੰਦਨ ਨਿਟਸ ਪ੍ਰਾਈਵੇਟ ਲਿਮਟਿਡ
ਮਦਹੋ ਸਾਇੰਟੀਫਿਕ ਮਾਯਰਸ
ਮੇਘਾ ਪ੍ਰੋਸੈੱਸਰਸ
ਐੱਨ. ਵੀ. ਪ੍ਰੋਸੈੱਸਰਸ
ਨਿਊ ਅੰਬਾ ਡਾਇੰਗ (ਯੂਨਿਟ ਨੰਬਰ 2)
ਨਿਊ ਅੰਬਾ ਡਾਇੰਗ
ਪ੍ਰਮੋਦ ਡਾਇੰਗ
ਆਰ. ਐੱਸ. ਡਾਇੰਗ
ਰਸੀਲਾ ਪ੍ਰੋਸੈੱਸਰਸ
ਐੱਮਸ ਕੇ. ਡਾਇੰਗ
ਐੱਸ. ਕੇ. ਇੰਡਸਟਰੀਜ਼
ਸਰਲ ਡਾਇਰਸ

ਮਾਲਵਾ ਅਤੇ ਰਾਜਸਥਾਨ ਵਿਚ ਬੀਮਾਰੀਆਂ ਵੰਡਦਾ ਹੈ ਇੰਡਸਟਰੀ ਦਾ ਪਾਣੀ
ਲੁਧਿਆਣਾ ਦੀ ਇੰਡਸਟਰੀ ਦਾ ਕੈਮੀਕਲ ਯੁਕਤ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ਵਿਚ ਡਿਗਦਾ ਤੇ ਦਰਿਆ ਦੇ ਪਾਣੀ ਨੂੰ ਦੂਸ਼ਿਤ ਕਰਦਾ ਹੈ। ਸਤਲੁਜ ਦਰਿਆ ਹਰੀਕੇ ਤੋਂ ਹੁੰਦੇ ਹੋਏ ਰਾਜਸਥਾਨ ਵਿਚ ਜਾਂਦਾ ਹੈ ਅਤੇ ਮਾਲਵੇ ਦੇ ਲੋਕ ਵੀ ਇਸ ਪਾਣੀ ਦਾ ਪੀਣ ਲਈ ਇਸਤੇਮਾਲ ਕਰਦੇ ਹਨ। ਇਸ ਪਾਣੀ ਦੇ ਇਸਤੇਮਾਲ ਨਾਲ ਹੀ ਰਾਜਸਥਾਨ ਅਤੇ ਮਾਲਵਾ ਵਿਚ ਲੋਕਾਂ ਨੂੰ ਗੰਭੀਰ ਬੀਮਾਰੀਆਂ ਹੋ ਰਹੀਆਂ ਹਨ। ਪੰਜਾਬ ਦੇ ਪ੍ਰਦੂਸ਼ਿਤ ਪਾਣੀ ਦੀ ਰਾਜਸਥਾਨ ਵਿਚ ਪੂਰਤੀ ਦਾ ਮੁੱਦਾ ਰਾਜਸਥਾਨ ਦੀ ਸਰਕਾਰ ਵੀ ਪੰਜਾਬ ਸਾਹਮਣੇ ਉਠਾ ਚੁੱਕੀ ਹੈ। ਭਾਵੇਂ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਨ੍ਹਾਂ 44 ਯੂਨਿਟਾਂ 'ਤੇ ਕਾਰਵਾਈ ਕੀਤੀ ਹੈ ਪਰ ਇਹ ਐਕਸ਼ਨ ਐੱਨ. ਜੀ. ਟੀ. ਅਤੇ ਮੀਡੀਆ ਦੇ ਦਬਾਅ ਨਾਲ ਹੋਇਆ। 'ਜਗ ਬਾਣੀ' ਵਿਚ ਪਿਛਲੇ ਡੇਢ ਸਾਲ ਤੋਂ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ ਅਤੇ 1 ਮਈ ਨੂੰ ਐੱਨ. ਜੀ. ਟੀ. ਟੀਮ ਦੇ ਦੌਰੇ ਦੌਰਾਨ ਵੀ 'ਜਗ ਬਾਣੀ' ਦੀ ਟੀਮ ਨੇ ਹੀ ਐੱਨ. ਜੀ. ਟੀ. ਨੂੰ ਪ੍ਰਦੂਸ਼ਿਤ ਪਾਣੀ ਬੁੱਢੇ ਨਾਲੇ ਵਿਚ ਸੁੱਟਣ ਵਾਲੇ ਪੁਆਇੰਟਸ ਦੀ ਜਾਣਕਾਰੀ ਦਿੱਤੀ ਸੀ।

ਜੇ. ਐੱਲ. ਡੀ. ਨਾਲ ਰੁਕ ਸਕਦਾ ਹੈ ਗੰਦਾ ਪਾਣੀ
ਤਕਨੀਕੀ ਜਾਣਕਾਰਾਂ ਦਾ ਮੰਨਣਾ ਹੈ ਕਿ ਡਾਇੰਗ ਇੰਡਸਟਰੀ ਵਲੋਂ ਬੁੱਢੇ ਨਾਲੇ ਵਿਚ ਸੁੱਟੇ ਜਾ ਰਹੇ ਪਾਣੀ ਨੂੰ ਰੋਕਣ ਲਈ ਜ਼ੀਰੋ ਲਿਕਵਿਟ ਡਿਸਚਾਰਜ (ਜੇ. ਐੱਲ. ਡੀ.) ਤਕਨੀਕ ਕਾਫੀ ਅਹਿਮ ਸਿੱਧ ਹੋ ਸਕਦੀ ਹੈ। ਇਸ ਤਕਨੀਕ ਦੀ ਵਰਤੋਂ ਨਾਲ ਪਾਣੀ ਦੀ ਇਕ ਵੀ ਬੂੰਦ ਫੈਕਟਰੀ ਦੇ ਬਾਹਰ ਨਹੀਂ ਜਾਵੇਗੀ। ਇਸ ਤੋਂ ਇਲਾਵਾ ਇੰਡਸਟਰੀ ਦੇ ਪ੍ਰਦੂਸ਼ਿਤ ਪਾਣੀ ਨੂੰ ਫਿਜ਼ੀਕਲ ਕੰਟਰੋਲ ਕਰਨ ਅਤੇ ਉਸ ਦੀ ਨਿਗਰਾਨੀ ਕਰਨ ਦਾ ਹੀ ਰਸਤਾ ਬਚਦਾ ਹੈ ਜੋ ਕਿ ਸੰਭਵ ਨਹੀਂ ਹੈ। ਜੇਕਰ ਡਾਇੰਗ ਯੂਨਿਟ ਜੇ. ਐੱਲ. ਡੀ. ਤਕਨੀਕ ਅਪਣਾ ਲਵੇ ਤਾਂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਐੱਸ. ਈ. ਪੀ. ਪੀ. ਸੀ. ਬੀ. ਦੇ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਤਕ ਡਾਇੰਗ ਯੂਨਿਟ ਵਾਟਰ ਐਕਟ ਦੇ ਨਿਯਮਾਂ ਤਹਿਤ ਕੰਮ ਕਰਨ ਲਈ ਰਾਜ਼ੀ ਨਹੀਂ ਹੋ ਜਾਂਦੀ ਉਦੋਂ ਤਕ ਕਲੋਜ਼ਰ ਨੋਟਿਸ ਮੰਨਿਆ ਜਾਵੇਗਾ, ਜੇਕਰ ਇੰਸਪੈਕਸ਼ਨ ਤੋਂ ਬਾਅਦ ਅਫਸਰਾਂ ਨੂੰ ਲੱਗੇਗਾ ਕਿ 44 ਡਾਇੰਗ ਯੂਨਿਟਾਂ ਨੇ ਖੁਦ ਨੂੰ ਤਕਨੀਕੀ ਤੌਰ 'ਤੇ ਠੀਕ ਕਰ ਲਿਆ ਹੈ ਤਾਂ ਇਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।

ਸੈਕਟਰੀ ਪੰਜਾਬ ਡਾਇੰਗ ਐਸੋਸੀਏਸ਼ਨ ਦੇ ਬੌਬੀ ਜਿੰਦਲ ਨੇ ਕਿਹਾ ਕਿ ਜਿਨ੍ਹਾਂ 44 ਯੂਨਿਟਾਂ ਨੂੰ ਨੋਟਿਸ ਆਏ ਹਨ ਉਨ੍ਹਾਂ ਦਾ ਪਾਣੀ ਹੁਣ ਬੁੱਢੇ ਨਾਲੇ ਵਿਚ ਨਹੀਂ ਜਾ ਰਿਹਾ। ਜਿਸ ਪੁਆਇੰਟ ਤੋਂ ਇਹ ਪਾਣੀ ਜਾ ਰਿਹਾ ਸੀ ਉਹ ਪੁਆਇੰਟ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਵਜ੍ਹਾ ਨਾਲ ਘਰੇਲੂ ਸੀਵਰੇਜ ਜਾਮ ਹੋ ਗਿਆ ਸੀ ਅਤੇ ਪਾਣੀ ਵੀ ਸੜਕਾਂ 'ਤੇ ਆ ਗਿਆ ਸੀ। ਹੁਣ ਡਾਇੰਗ ਯੂਨਿਟਾਂ ਨੇ ਖੁਦ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੀ. ਪੀ. ਸੀ. ਬੀ. ਨੂੰ ਨੋਟਿਸ ਨੂੰ ਰੀਵਿਊ ਕਰਨ ਲਈ ਬੇਨਤੀ ਕੀਤੀ ਗਈ ਹੈ।

rajwinder kaur

This news is Content Editor rajwinder kaur