ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 316 ਨਵੇਂ ਮਾਮਲਿਆਂ ਦੀ ਪੁਸ਼ਟੀ, 20 ਦੀ ਮੌਤ

08/30/2020 2:57:29 AM

ਲੁਧਿਆਣਾ, (ਸਹਿਗਲ)- ਮਹਾਨਗਰ ਵਿਚ ਕੋਰੋਨਾ ਵਾਇਰਸ ਨਾਲ ਅੱਜ 20 ਵਿਅਕਤੀਆਂ ਦੀ ਮੌਤ ਹੋ ਗਈ, ਜੋ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਦੱਸੀ ਜਾਂਦੀ ਹੈ। ਇਨ੍ਹਾਂ 20 ਮ੍ਰਿਤਕਾਂ ਵਿਚੋਂ 17 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 3 ਦੂਜੇ ਜ਼ਿਲਿਆਂ ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਬਠਿੰਡਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 316 ਮਰੀਜ਼ ਪਾਜ਼ੇਟਿਵ ਆਏ ਹਨ। ਪਾਜ਼ੇਟਿਵ ਮਰੀਜ਼ਾਂ ਵਿਚੋਂ 280 ਜ਼ਿਲੇ ਦੇ ਰਹਿਣ ਵਾਲੇ ਜਦੋਂਕਿ 36 ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਹੁਣ ਤੱਕ ਮਹਾਨਗਰ ਵਿਚ 9826 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 380 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਤੋਂ ਸਥਾਨਕ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 1025 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ਮਰੀਜ਼ਾਂ ਵਿਚੋਂ 90 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਮਹਾਨਗਰ ਵਿਚ 27 ਹੈਲਥ ਕੇਅਰ ਵਰਕਰਾਂ ਤੋਂ ਇਲਾਵਾ 77 ਮਰੀਜ਼ ਫਲੂ ਕਾਰਨਰ ਤੋਂ ਸਾਹਮਣੇ ਆਏ, 30 ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਜਦਕਿ 67 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ. ਵਿਚੋਂ ਸਾਹਮਣੇ ਆਏ। ਇਸ ਤੋਂ ਇਲਾਵਾ ਤਿੰਨ ਅੰਡਰ ਟ੍ਰਾਇਲ ਅਤੇ ਤਿੰਨ ਗਰਭਵਤੀ ਔਰਤਾਂ ਵੀ ਵਾਇਰਸ ਤੋਂ ਪਾਜ਼ੇਟਿਵ ਆਈਆਂ ਹਨ। ਹੈਲਥ ਕੇਅਰ ਵਰਕਰਾਂ ਵਿਚ ਫਰੰਟ ਲਾਈਨ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨਿੱਜੀ ਹਸਪਤਾਲਾਂ ਵਿਚ ਸਾਹਮਣੇ ਆ ਰਹੇ ਹਨ।

3713 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 3713 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਨ੍ਹਾਂ ਵਿਚ ਏਂਟੀਜਨ ਅਤੇ ਟਰੂਨੈਟ ’ਤੇ ਕੀਤੇ ਗਏ ਟੈਸਟ ਵੀ ਸ਼ਾਮਲ ਹਨ। 2281 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤੱਕ 119887 ਲੋਕਾਂ ਦੇ ਟੈਸਟ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 117606 ਵਿਅਕਤੀਆਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ 106755 ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਨ। ਸਿਵਲ ਸਰਜ਼ਨ ਰਾਜੇਸ਼ ਬੱਗਾ ਨੇ ਦੱਸਿਆ ਕਿ ਲੋਕਾਂ ਨੂੰ ਘਬਰਾਉਣਾ ਦੀ ਲੋੜ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਨੂੰ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਨਿਵਾਸੀਆਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫਤਹਿ’ ਤਹਿਤ ਜ਼ਿਲਾ ਲੁਧਿਆਣਾ ਵਿਚ ਕੋਵਿਡ-19 ਰੋਗ ਤੋਂ ਉੱਭਰਨ ਵਾਲੇ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਈ ਜਾਂਚ ਕੇਂਦਰ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਸਰਕਾਰੀ ਕੇਂਦਰਾਂ ਵਿਚ ਕੋਰੋਨਾ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਵਿਚ ਕੋਰੋਨਾ ਨਾਲ ਸਬੰਧਤ ਕੋਈ ਲੱਛਣ ਹੈ ਤਾਂ ਉਸ ਨੂੰ ਬਿਨਾ ਕਿਸੇ ਦੇਰ ਦੇ ਨੇੜੇ ਦੇ ਜਾਂਚ ਕੇਂਦਰ ਵਿਚ ਜਾਣਾ ਚਾਹੀਦਾ ਹੈ ਅਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਰੋਜ਼ਾਨਾ ਨਮੂਨਿਆਂ ਦੀ ਗਿਣਤੀ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ।

ਅੱਜ 448 ਵਿਅਕਤੀਆਂ ਨੂੰ ਕੀਤਾ ਘਰ ਵਿਚ ਇਕਾਂਤਵਾਸ

ਸਿਵਲ ਸਰਜਨ ਮੁਤਾਬਕ ਅੱਜ 448 ਵਿਅਕਤੀਆਂ ਘਰ ਵਿਚ ਇਕਾਂਤਵਾਸ ਕੀਤਾ ਗਿਆ। ਅੱਜ ਤੱਕ 6046 ਵਿਅਕਤੀ ਘਰ ਵਿਚ ਇਕਾਂਤਵਾਸ ਹਨ। ਹੁਣ ਤੱਕ 33842 ਵਿਅਕਤੀਆਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਜਾ ਚੁੱਕਾ ਹੈ।

ਕੋਰੋਨਾ ਵਾਇਰਸ ਤੋਂ ਬਚਾਅ ਲਈ 3 ਨਿਯਮ ਜ਼ਰੂਰ ਅਪਣਾਓ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਵਿਅਕਤੀ ਨੂੰ ਤਿੰਨ ਨਿਯਮਾਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ, ਜਿਸ ਵਿਚੋਂ ਇਕ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਸਮੇਂ-ਸਮੇਂ ’ਤੇ ਹੱਥ ਧੋਂਦੇ ਰਹਿਣਾ। ਇਨ੍ਹਾਂ ਤਿੰਨਾਂ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਬਚਾਅ ਹੋ ਜਾਵੇਗਾ।

Deepak Kumar

This news is Content Editor Deepak Kumar