ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸੰਮਨ ਜਾਰੀ

07/21/2017 1:26:20 PM

ਲੁਧਿਆਣਾ— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਟੈਕਸ ਮਾਮਲੇ ਵਿਚ ਲੁਧਿਆਣਾ ਦੀ ਇਕ ਅਦਾਲਤ ਨੇ ਤਾਜ਼ਾ ਸੰਮਨ ਭੇਜੇ ਹਨ। ਮੁੱਖ ਨਿਆਂਇਕ ਮੈਜਿਸਟ੍ਰੇਟ ਜਪਿੰਦਰ ਸਿੰਘ ਨੇ ਅਮਰਿੰਦਰ ਸਿੰਘ ਖਿਲਾਫ ਆਮਦਨ ਟੈਕਸ ਵਿਭਾਗ ਵੱਲੋਂ ਸਾਲ 2016 ਵਿਚ ਦਾਇਰ ਅਪਰਾਧਕ ਸ਼ਿਕਾਇਤ ਵਿਚ ਤਾਜ਼ਾ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। 
ਅਦਾਲਤ ਨੂੰ ਦੱਸਿਆ ਗਿਆ ਕਿ ਪਹਿਲਾਂ ਭੇਜੇ ਗਏ ਸੰਮਨ ਮੁੱਖ ਮੰਤਰੀ ਨੂੰ ਨਹੀਂ ਮਿਲ ਸਕੇ। ਇਸ ਤੋਂ ਬਾਅਦ ਤਾਜ਼ਾ ਸੰਮਨ ਜਾਰੀ ਕੀਤੇ ਗਏ ਹਨ। ਮਾਮਲੇ 'ਤੇ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ। ਅਮਰਿੰਦਰ ਸਿੰਘ ਉੱਤੇ ਗਲਤ ਬਿਆਨ ਦੇਣ, ਆਮਦਨ ਟੈਕਸ ਵਿਭਾਗ ਨੂੰ ਜਾਣਬੁੱਝ ਕੇ ਗਲਤ ਸੂਚਨਾ ਦੇਣ ਅਤੇ ਉਸ ਦੇ ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਦੇ ਇਲਜ਼ਾਮ ਲਾਏ ਗਏ ਹਨ। ਇਹ ਸਾਰੇ ਇਲਜ਼ਾਮ ਆਮਦਨ ਟੈਕਸ ਵਿਭਾਗ ਨੇ ਅਦਾਲਤ ਵਿਚ ਦਾਇਰ ਕੀਤੀ ਅਪਰਾਧਕ ਸ਼ਿਕਾਇਤ ਵਿਚ ਲਗਾਏ ਹਨ। 
ਜ਼ਿਕਰਯੋਗ ਹੈ ਕਿ ਟੈਕਸ ਵਿਭਾਗ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਥਾਨਕ ਅਦਾਲਤ 'ਚ ਬੀਤੇ ਸਾਲ ਟੈਕਸ ਵਿਭਾਗ ਦੀ ਧਾਰਾ 277 ਅਤੇ ਫੌਜਦਾਰੀ ਦੀ ਧਾਰਾ 176, 177, 181, 186, 187, 193 ਅਤੇ 199 ਦੇ ਤਹਿਤ ਸ਼ਿਕਾਇਤ ਦਾਇਰ ਕੀਤੀ ਸੀ। ਸ਼ਿਕਾਇਤ ਵਿਭਾਗ ਨੇ ਕੈਪਟਨ ਸਿੰਘ 'ਤੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਵਿਦੇਸ਼ਾਂ 'ਚ ਕਈ ਚੱਲ, ਅਚੱਲ ਜਾਇਦਾਦਾਂ ਹਨ ਅਤੇ ਉਸ ਨੇ ਵਿਭਾਗ ਨੂੰ ਹਨੇਰੇ 'ਚ ਰੱਖਦੇ ਹੋਏ ਜਰਕੰਧਾ ਟਰੱਸਟ ਦੇ ਜ਼ਰੀਏ ਕਈ ਲਾਭ ਹਾਸਲ ਕੀਤੇ। ਟੈਕਸ ਵਿਭਾਗ ਦੇ ਅਨੁਸਾਰ ਕੈਪਟਨ ਸਿੰਘ ਨੇ ਜਾਣ-ਬੁੱਝ ਕੇ ਇਸ ਸਬੰਧੀ ਆਪਣੇ ਦਸਤਾਵੇਜ਼ ਵੀ ਵਿਭਾਗ ਤੋਂ ਛੁਪਾਏ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕੈਪਟਨ ਸਿੰਘ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਤੋਂ ਰੋਕਣ ਅਤੇ ਅੜਚਨਾਂ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਟੈਕਸ ਵਿਭਾਗ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਕਾਇਦਾ ਕੈਪ. ਅਮਰਿੰਦਰ ਸਿੰਘ ਨੂੰ ਇਕ ਨੋਟਿਸ ਵੀ ਭੇਜਿਆ ਸੀ ਅਤੇ ਜਵਾਬ ਦੇਣ ਲਈ ਕਿਹਾ ਸੀ ਪਰ ਕੈਪਟਨ ਸਿੰਘ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਟੈਕਸ ਵਿਭਾਗ ਵਲੋਂ ਉਪਰੋਕਤ ਸ਼ਿਕਾਇਤ ਵਿਭਾਗ ਦੀ ਅਮਨਪ੍ਰੀਤ ਕੌਰ ਵੱਲੋਂ ਦਾਇਰ ਕੀਤੀ ਗਈ ਹੈ। ਅਦਾਲਤ ਨੇ ਬੀਤੀ ਸੁਣਵਾਈ ਦੇ ਦੌਰਾਨ ਹੀ ਆਪਣਾ ਫੈਸਲਾ ਦਿੰਦੇ ਹੋਏ ਕੈਪਟਨ ਸਿੰਘ ਨੂੰ ਅੱਜ ਲਈ ਅਦਾਲਤ 'ਚ ਤਲਬ ਕਰ ਲਿਆ ਸੀ। ਇਥੇ ਇਹ ਵੀ ਵਰਨਣਯੋਗ ਹੈ ਕਿ ਵਿਭਾਗ ਵੱਲੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਦੋ ਵੱਖ-ਵੱਖ ਸ਼ਿਕਾਇਤਾਂ ਉਪਰੋਕਤ ਅਦਾਲਤ 'ਚ ਦਾਇਰ ਕੀਤੀਆਂ ਹੋਈਆਂ ਹਨ, ਜਿਸ ਵਿਚ ਇਕ ਸ਼ਿਕਾਇਤ 'ਚ ਬਕਾਇਦਾ ਰਣਇੰਦਰ ਸਿੰਘ ਅਦਾਲਤ 'ਚ ਪੇਸ਼ ਵੀ ਹੋ ਚੁੱਕੇ ਹਨ।