ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?

12/26/2021 9:50:15 AM

ਲੁਧਿਆਣਾ (ਰਾਜ) - ਲੁਧਿਆਣਾ ’ਚ ਕੋਰਟ ਕੰਪਲੈਕਸ ਵਿਚ ਹੋਏ ਬਲਾਸਟ ਦੇ ਤਾਰ ਖਾਲਿਸਤਾਨ ਨਾਲ ਜੁੜੇ ਹਨ, ਇਹ ਗੱਲ ਸਪਸ਼ਟ ਹੋ ਗਈ ਹੈ। ਇਸ ਮਾਮਲੇ ’ਚ ਮੁੱਖ ਮੁਲਜ਼ਮ ਗਗਨਦੀਪ ਨਾਲ ਜੁੜੇ ਕਈ ਤਾਰ ਹੁਣ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦਾ ਲਿੰਕ ਪਾਕਿਸਤਾਨ ਤੋਂ ਲੈ ਕੇ ਕੌਮਾਂਤਰੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਤਕ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਪੂਰੇ ਮਾਮਲੇ ’ਚ ਪੁਲਸ ਤੋਂ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਹਰ ਤਰ੍ਹਾਂ ਦੀਆਂ ਬਾਰੀਕ ਜਾਣਕਾਰੀਆਂ ਲੈਣ ਵਿੱਚ ਲੱਗੀਆਂ ਹੋਈਆਂ ਹਨ। ਇਸ ਦਰਮਿਆਨ ਪੂਰੇ ਮਾਮਲੇ ’ਤੇ ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਜਵਾਬ ਲੱਭਣੇ ਬਹੁਤ ਜ਼ਰੂਰੀ ਹਨ। ਵੱਡਾ ਸਵਾਲ ਇਹ ਹੈ ਕਿ ਆਖਰ ਬਲਾਸਟ ਕਰਨ ਵਾਲੇ ਦੇ ਲਿੰਕ ਪਾਕਿਸਤਾਨ ਨਾਲ ਕਿਵੇਂ ਜੁੜ ਗਏ?

ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

ਜੇਲ੍ਹ ’ਚੋਂ ਹੀ ਸ਼ੁਰੂ ਹੋਇਆ ਅੱਤਵਾਦੀਆਂ ਤਕ ਦਾ ਸਫਰ
ਸੂਤਰਾਂ ਅਨੁਸਾਰ ਗਗਨਦੀਪ ਸਿੰਘ ਦਾ ਜੇਲ੍ਹ ਅੰਦਰ ਰਣਜੀਤ ਤੇ ਬਾਕਸਰ ਬਾਬਾ ਨਾਲ ਕਾਫ਼ੀ ਮੇਲ-ਜੋਲ ਬਣ ਗਿਆ ਸੀ। ਰਣਜੀਤ ਤੇ ਸੁਖਜਿੰਦਰ ਨੇ ਹੀ ਆਪਣੇ ਮੋਬਾਇਲ ਫੋਨ ਰਾਹੀਂ ਗਗਨਦੀਪ ਦੀ ਗੱਲ ਪਾਕਿਸਤਾਨ ’ਚ ਬੈਠੇ ਖਾਲਿਸਤਾਨੀਆਂ ਨਾਲ ਕਰਵਾਈ ਸੀ। ਪਤਾ ਤਾਂ ਇਹ ਵੀ ਲੱਗਾ ਹੈ ਕਿ ਗਗਨਦੀਪ ਦੀ ਗੱਲ ਜਰਮਨੀ ਵਿਚ ਬੈਠੇ ਕੁਝ ਅੱਤਵਾਦੀਆਂ ਨਾਲ ਵੀ ਕਰਵਾਈ ਗਈ ਸੀ, ਜਿਸ ਤੋਂ ਬਾਅਦ ਗਗਨਦੀਪ ਅਕਸਰ ਉਨ੍ਹਾਂ ਨਾਲ ਮਿਲ ਕੇ ਪਾਕਿਸਤਾਨ ਗੱਲ ਕਰਦਾ ਸੀ। ਸੁਖਜਿੰਦਰ ਤੇ ਰਣਜੀਤ ਦਾ ਵੀ ਬੰਬ ਬਲਾਸਟ ਵਿਚ ਕਿਤੇ ਨਾ ਕਿਤੇ ਹੱਥ ਹੋ ਸਕਦਾ ਹੈ।

ਕਿਵੇਂ ਮਿਲੀ ਟਰੇਨਿੰਗ?
ਲੁਧਿਆਣਾ ’ਚ ਬਲਾਸਟ ਮਾਮਲੇ ਵਿਚ ਗਗਨਦੀਪ ਨੂੰ ਆਖਰ ਬਲਾਸਟ ਕਰਨ ਦੀ ਟਰੇਨਿੰਗ ਕਿੱਥੋਂ ਮਿਲੀ, ਇਹ ਵੱਡਾ ਸਵਾਲ ਹੈ। ਪੰਜਾਬ ਨੂੰ ਲਗਾਤਾਰ ਅਸ਼ਾਂਤ ਕਰਨ ’ਚ ਲੱਗੇ ਗੁਰਪਤਵੰਤ ਸਿੰਘ ਪੰਨੂ ਜਾਂ ਵਧਾਵਾ ਸਿੰਘ ਨਾਲ ਸਬੰਧਤ ਅੱਤਵਾਦੀਆਂ ਨੇ ਗਗਨਦੀਪ ਨੂੰ ਟਰੇਨਿੰਗ ਦਿੱਤੀ ਤਾਂ ਉਹ ਕਿੱਥੇ ਦਿੱਤੀ ਗਈ, ਇਹ ਵੀ ਵੱਡਾ ਸਵਾਲ ਹੈ। ਸਤੰਬਰ 2021 ਨੂੰ ਗਗਨਦੀਪ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਅਤੇ 3 ਮਹੀਨੇ ਉਹ ਕਿੱਥੇ ਰਿਹਾ, ਇਸ ਗੱਲ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਜਾਂਚ ਦਾ ਵਿਸ਼ਾ ਇਹ ਵੀ ਹੈ ਕਿ ਕੀ ਗਗਨਦੀਪ ਨੂੰ ਪਾਕਿਸਤਾਨ ਸੱਦ ਕੇ ਟਰੇਨਿੰਗ ਦਿੱਤੀ ਗਈ ਜਾਂ ਪੰਜਾਬ ’ਚ ਉਸ ਨੂੰ ਟਰੇਂਡ ਕਰ ਕੇ ਬਲਾਸਟ ਕਰਨਾ ਸਿਖਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਪੰਜਾਬ ’ਚ ਐਕਟਿਵ ਹੈ ਸਲਿਪਰ ਸੈੱਲ?
ਗਗਨਦੀਪ ਨੂੰ ਜਿਸ ਤਰ੍ਹਾਂ ਟਰੇਨਿੰਗ ਮਿਲੀ ਅਤੇ ਬਾਅਦ ’ਚ ਧਮਾਕਾਖੇਜ਼ ਸਮੱਗਰੀ ਮੁਹੱਈਆ ਕਰਵਾਈ ਗਈ। ਇਸ ਤੋਂ ਇਹ ਗੱਲ ਸਾਬਤ ਹੋ ਰਹੀ ਹੈ ਕਿ ਪੰਜਾਬ ਵਿਚ ਅੱਤਵਾਦੀਆਂ ਦੇ ਸਲਿਪਰ ਸੈੱਲ ਸਰਗਰਮ ਹਨ ਅਤੇ ਉਹ ਗਗਨਦੀਪ ਵਰਗੇ ਲੋਕਾਂ ਨੂੰ ਟਰੇਨਿੰਗ ਤੇ ਧਮਾਕਾਖੇਜ਼ ਸਮੱਗਰੀ ਮੁਹੱਈਆ ਕਰਵਾ ਰਹੇ ਹਨ। ਕੋਰਟ ਕੰਪਲੈਕਸ ਵਿਚ ਜੋ ਧਮਾਕਾਖੇਜ਼ ਸਮੱਗਰੀ ਪਹੁੰਚੀ, ਉਹ ਗਗਨਦੀਪ ਕੋਲ ਪਹਿਲਾਂ ਤੋਂ ਮੌਜੂਦ ਸੀ ਜਾਂ ਉਸ ਨੂੰ ਕੋਰਟ ਕੰਪਲੈਕਸ ਵਿਚ ਮੁਹੱਈਆ ਕਰਵਾਈ ਗਈ, ਇਹ ਵੀ ਜਾਂਚ ਦਾ ਵਿਸ਼ਾ ਹੈ। ਮੌਕੇ ’ਤੇ ਗਗਨ ਨੇ ਕੁਝ ਕਾਲਸ ਕੀਤੀਆਂ ਹਨ, ਜਿਸ ਤੋਂ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਹ ਕਾਲਸ ਧਮਾਕਾਖੇਜ਼ ਸਮੱਗਰੀ ਮੰਗਵਾਉਣ ਲਈ ਕੀਤੀਆਂ ਗਈਆਂ ਹੋ ਸਕਦੀਆਂ ਹਨ।

ਡੋਂਗਲ ਨਾਲ ਸਾਹਮਣੇ ਆਇਆ ਵਿਦੇਸ਼ੀ ਕੁਨੈਕਸ਼ਨ
ਜਾਂਚ ਦੌਰਾਨ ਟੀਮ ਨੂੰ ਇਕ ਬੁਰੀ ਤਰ੍ਹਾਂ ਝੁਲਸ ਚੁੱਕਾ ਮੋਬਾਇਲ ਤੇ ਇਕ ਡੋਂਗਲ ਮਿਲੀ ਹੈ। ਮੋਬਾਇਲ ਤੋਂ ਜਾਂਚ ਅੱਗੇ ਨਹੀਂ ਵਧੀ ਪਰ ਡੋਂਗਲ ਦੇ ਸਿਮ ਤੋਂ ਏਜੰਸੀਆਂ ਨੂੰ ਕਾਫ਼ੀ ਮਦਦ ਮਿਲੀ ਹੈ। ਉਸ ਦੇ ਅੰਦਰ ਕਈ ਨੰਬਰ ਅਤੇ ਇੰਨਾ ਡਾਟਾ ਮਿਲ ਗਿਆ ਸੀ ਕਿ ਪੁਲਸ ਮ੍ਰਿਤਕ ਦੀ ਪਛਾਣ ਕਰਨ ਦੇ ਨੇੜੇ ਪਹੁੰਚ ਗਈ ਸੀ। ਏਜੰਸੀਆਂ ਨੇ ਜਦੋਂ ਡੋਂਗਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਭ ਤੋਂ ਵੱਧ ਇੰਟਰਨੈੱਟ ਕਾਲਿੰਗ ਹੋਈ ਹੈ, ਜਿਸ ਵਿਚੋਂ 4 ਤੋਂ 5 ਕਾਲਸ ਦੇਸ਼ ਵਿਚ ਅਤੇ ਬਾਕੀ ਸਾਰੀਆਂ ਕਾਲਸ ਵਿਦੇਸ਼ ਵਿਚ ਕੀਤੀਆਂ ਗਈਆਂ ਹਨ।

ਘਰ ਨਾ ਪਹੁੰਚਿਆ ਗਗਨ ਤਾਂ ਪਰਿਵਾਰ ਨੇ ਸ਼ੁਰੂ ਕੀਤੀ ਭਾਲ
ਘਰੋਂ ਨਿਕਲਣ ਤੋਂ ਪਹਿਲਾਂ ਗਗਨਦੀਪ ਘਰ ਵਿਚ ਇਹ ਕਹਿ ਕੇ ਗਿਆ ਸੀ ਕਿ ਉਹ ਲੁਧਿਆਣਾ ਕੋਰਟ ਵਿਚ ਵਕੀਲ ਨੂੰ ਮਿਲਣ ਲਈ ਜਾ ਰਿਹਾ ਹੈ। ਉਸ ਦੇ ਘਰੋਂ ਨਿਕਲਣ ਦੇ ਕੁਝ ਘੰਟਿਆਂ ਬਾਅਦ ਕੋਰਟ ਵਿਚ ਬੰਬ ਬਲਾਸਟ ਦੀ ਸੂਚਨਾ ਪੂਰੇ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਸੀ। ਉਸ ਵੇਲੇ ਗਗਨ ਦੇ ਘਰ ਵਾਲੇ ਵੀ ਡਰ ਗਏ ਸਨ ਕਿ ਗਗਨ ਠੀਕ ਹੈ ਜਾਂ ਨਹੀਂ? ਘਰ ਵਾਲਿਆਂ ਨੇ ਉਸ ਦਾ ਨੰਬਰ ਵੀ ਟ੍ਰਾਈ ਕੀਤਾ ਸੀ ਪਰ ਮੋਬਾਇਲ ਬੰਦ ਆ ਰਿਹਾ ਸੀ। ਇਸ ਲਈ ਪਰਿਵਾਰ ਨੇ ਇੱਧਰ-ਓਧਰ ਕਾਲਸ ਕਰ ਕੇ ਗਗਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਗਗਨ ਦੇ ਪਰਿਵਾਰ ਨੇ ਇਲਾਕੇ ਦੇ ਥਾਣੇ ਨਾਲ ਸੰਪਰਕ ਕੀਤਾ ਸੀ। ਹਾਲਾਂਕਿ ਥਾਣਾ ਪੁਲਸ ਨੇ ਅਜਿਹੀ ਕਿਸੇ ਵੀ ਸੂਚਨਾ ਤੋਂ ਇਨਕਾਰ ਕੀਤਾ ਹੈ।

ਸ਼ੱਕੀ ਕਾਰ ਜਾਂਚ ਦੇ ਘੇਰੇ ’ਚ
ਕੋਰਟ ਕੰਪਲੈਕਸ ਵਿਚ ਬਲਾਸਟ ਤੋਂ ਬਾਅਦ ਪਾਰਕਿੰਗ ਵਾਲੀ ਥਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਇਸ ਦੌਰਾਨ ਜਾਂਚ ’ਚ ਪਾਰਕਿੰਗ ਵਾਲੀ ਥਾਂ ’ਤੇ ਇਕ ਲਾਵਾਰਿਸ ਕਾਰ ਬਰਾਮਦ ਕੀਤੀ ਗਈ ਹੈ। ਇਸ ਕਾਰ ਨੇ ਜਾਂਚ ਏਜੰਸੀਆਂ ਤੇ ਪੁਲਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਹਾਲਾਂਕਿ ਸੂਤਰ ਦੱਸਦੇ ਹਨ ਕਿ ਕਾਰ ਮੁਲਜ਼ਮ ਗਗਨਦੀਪ ਸਿੰਘ ਦੇ ਨਾਂ ’ਤੇ ਨਹੀਂ ਸੀ ਪਰ ਫਿਰ ਵੀ ਕਾਰ ਦੀ ਜਾਂਚ ਦੌਰਾਨ ਪੁਲਸ ਨੂੰ ਕੁਝ ਅਜਿਹੇ ਸਬੂਤ ਮਿਲੇ, ਜਿਨ੍ਹਾਂ ਕਾਰਨ ਕਾਰ ਨੂੰ ਗਗਨਦੀਪ ਨਾਲ ਜੋੜਿਆ ਜਾ ਰਿਹਾ ਹੈ।

3 ਮਹੀਨੇ ਦੀ ਕਾਲ ਡਿਟੇਲ ਫਰੋਲ ਰਹੀ ਹੈ ਪੁਲਸ
ਸੂਤਰਾਂ ਅਨੁਸਾਰ ਕੇਂਦਰੀ ਜਾਂਚ ਏਜੰਸੀਆਂ ਤੇ ਪੰਜਾਬ ਪੁਲਸ ਗਗਨਦੀਪ ਸਿੰਘ ਵੱਲੋਂ ਪਿਛਲੇ 3 ਮਹੀਨਿਆਂ ਵਿਚ ਕੀਤੀਆਂ ਗਈਆਂ ਸਾਰੀਆਂ ਕਾਲਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਸਾਰੇ ਮੋਬਾਇਲ ਨੰਬਰਾਂ ਨੂੰ ਜਾਂਚ ਦੇ ਘੇਰੇ ਵਿਚ ਲੈ ਲਿਆ ਗਿਆ ਹੈ, ਜਿਨ੍ਹਾਂ ਤੋਂ ਗਗਨਦੀਪ ਦੇ ਨੰਬਰ ’ਤੇ ਕਾਲ ਆਈ ਜਾਂ ਫਿਰ ਉਸ ਨੇ ਕਾਲ ਕੀਤੀ। ਪਤਾ ਲੱਗਾ ਹੈ ਕਿ ਜ਼ਿਆਦਾਤਰ ਕਾਲਸ ਵਟਸਐਪ ਤੇ ਮੈਸੇਂਜਰ ਰਾਹੀਂ ਕੀਤੀਆਂ ਗਈਆਂ ਸਨ ਤਾਂ ਜੋ ਉਨ੍ਹਾਂ ਨੂੰ ਟਰੇਸ ਨਾ ਕੀਤਾ ਜਾ ਸਕੇ। ਪੰਜਾਬ ਪੁਲਸ ਨੇ 2 ਦਰਜਨ ਤੋਂ ਵੱਧ ਫੋਨ ਕਬਜ਼ੇ ਵਿਚ ਲੈ ਲਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਫੋਨ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨਾਲ ਗਗਨਦੀਪ ਸਿੰਘ ਦੀ ਲੰਬੀ ਗੱਲਬਾਤ ਹੁੰਦੀ ਸੀ। ਇਨ੍ਹਾਂ ਵਿਚ ਗਗਨਦੀਪ ਦੇ ਨਾਲ ਡਰੱਗਜ਼ ਕੇਸ ਵਿਚ ਗ੍ਰਿਫ਼ਤਾਰ ਲੋਕਾਂ ਦੇ ਫੋਨ ਵੀ ਸ਼ਾਮਲ ਹਨ।

ਹਥਿਆਰਾਂ ਦਾ ਸ਼ੌਕੀਨ ਸੀ ਗਗਨਦੀਪ
ਗਗਨਦੀਪ ਨੂੰ ਹਥਿਆਰਾਂ ਨਾਲ ਫੋਟੋਆਂ ਖਿਚਵਾਉਣ ਦਾ ਬਹੁਤ ਸ਼ੌਕ ਸੀ। ਸੋਸ਼ਲ ਮੀਡੀਆ ’ਤੇ ਉਸ ਨੇ ਕਈ ਅਜਿਹੀਆਂ ਫੋਟੋਆਂ ਪੋਸਟ ਕੀਤੀਆਂ ਹੋਈਆਂ ਹਨ, ਜਿਨ੍ਹਾਂ ਵਿਚ ਉਹ ਕਾਲੀ ਜੀਪ ਤੇ ਹਥਿਆਰਾਂ ਨਾਲ ਵੇਖਿਆ ਜਾ ਸਕਦਾ ਹੈ। ਉਸ ਨੇ ਆਪਣੀ ਪੁਲਸ ਗਰਲਫਰੈਂਡ ਨਾਲ ਵੀ ਕੁਝ ਫੋਟੋਆਂ ਪੋਸਟ ਕੀਤੀਆਂ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਗਗਨਦੀਪ ਨੂੰ ਹਥਿਆਰਾਂ ਦਾ ਵੀ ਸ਼ੌਕ ਸੀ।

rajwinder kaur

This news is Content Editor rajwinder kaur