ਸਿੱਧੂ ਦੇ ਆਨਲਾਈਨ ਸਿਸਟਮ ਨੂੰ ਫੇਲ ਕਰਨ ’ਤੇ ਤੁਲੇ ਇਮਾਰਤੀ ਸ਼ਾਖਾ ਦੇ ਅਫਸਰ

04/21/2019 4:45:40 AM

ਲੁਧਿਆਣਾ (ਹਿਤੇਸ਼)–ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਡ੍ਰੀਮ ਪ੍ਰੋਜੈਕਟ ਦੇ ਰੂਪ ਵਿਚ ਜਾਣੇ ਜਾਂਦੇ ਆਨਲਾਈਨ ਨਕਸ਼ੇ ਪਾਸ ਕਰਨ ਦੇ ਸਿਸਟਮ ਨੂੰ ਇਮਾਰਤੀ ਸ਼ਾਖਾ ਦੇ ਜਿਨ੍ਹਾਂ ਅਧਿਕਾਰੀਆਂ ਨੇ ਪਹਿਲਾਂ ਕਾਫੀ ਦੇਰ ਤਕ ਲਾਗੂ ਨਹੀਂ ਹੋਣ ਦਿੱਤਾ, ਉਹ ਅਫਸਰ ਹੁਣ ਇਸ ਸਿਸਟਮ ਨੂੰ ਫੇਲ ਕਰਨ ਵਿਚ ਜੁਟ ਗਏ ਹਨ ਜਿਸ ਦੇ ਤਹਿਤ ਆਨਲਾਈਨ ਸਿਸਟਮ ਰਾਹੀਂ ਇਤਰਾਜ਼ ਲਗਾਉਣ ਦੇ ਬਾਵਜੂਦ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਨਕਸ਼ੇ ਪਾਸ ਕਰਨ ਦਾ ਕੇਸ ਸਾਹਮਣੇ ਆਇਆ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਆਨਲਾਈਨ ਸਿਸਟਮ ਰਾਹੀਂ ਹੁਣ ਤਕ ਪਾਸ ਹੋ ਚੁੱਕੇ ਨਕਸ਼ਿਆਂ ਦੀ ਕ੍ਰਾਸ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸਿੱਧੂ ਨੇ ਲੋਕਾਂ ਨੂੰ ਇਮਾਰਤ ਬਣਾਉਣ ਲਈ ਨਕਸ਼ੇ ਪਾਸ ਕਰਵਾਉਣ ਵਿਚ ਆ ਰਹੀ ਮੁਸ਼ਕਲ ਦੇ ਨਾਲ ਇਮਾਰਤੀ ਸ਼ਾਖਾ ਵਿਚ ਕੁਰੱਪਸ਼ਨ ਖਤਮ ਹੋਣ ਦਾ ਦਾਅਵਾ ਕਰਦੇ ਹੋਏ ਆਨਲਾਈਨ ਨਕਸ਼ੇ ਪਾਸ ਕਰਨ ਦਾ ਪ੍ਰੋਜੈਕਟ ਲਾਗੂ ਕਰਨ ਦਾ ਫੈਸਲਾ ਕੀਤਾ ਸੀ ਪਰ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੇ ਆਪਣੀ ਦੁਕਾਨਦਾਰੀ ਬੰਦ ਹੋਣ ਦੇ ਡਰੋਂ ਪਹਿਲਾਂ ਡੇਢ ਸਾਲ ਤਕ ਇਸ ਸਿਸਟਮ ਨੂੰ ਲਾਂਚ ਹੀ ਨਹੀਂ ਹੋਣ ਦਿੱਤਾ ਅਤੇ ਇਨ੍ਹਾਂ ਅਧਿਕਾਰੀਆਂ ਵੱਲੋਂ ਸਹਿਯੋਗ ਨਾ ਦੇਣ ਕਾਰਨ ਅਗਸਤ ਤੋਂ ਲੈ ਕੇ ਹੁਣ ਤਕ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਹੈ। ਇਸ ਦੇ ਤਹਿਤ ਜਿੱਥੇ ਟਾਊਨ ਪਲਾਨਿੰਗ ਸਕੀਮ ਏਰੀਆ ਦੇ ਨਕਸ਼ੇ ਹੁਣ ਵੀ ਮੈਨੁੂਅਲ ਤਰੀਕੇ ਨਾਲ ਪਾਸ ਕੀਤੇ ਜਾ ਰਹੇ ਹਨ, ਜਦੋਂਕਿ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੇ ਆਨਲਾਈਨ ਸਿਸਟਮ ਰਾਹੀਂ ਵੀ ਗਲਤ ਢੰਗ ਨਾਲ ਨਕਸ਼ੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਖੁਲਾਸਾ ਸਰਕਾਰ ਵੱਲੋਂ ਪੂਰੇ ਪੰਜਾਬ ਦੀਆਂ ਨਗਰ ਨਿਗਮਾਂ ਨੂੰ ਭੇਜੀ ਗਈ ਇਕ ਲੈਟਰ ਤੋਂ ਹੋਇਆ ਹੈ, ਜਿਸ ਵਿਚ ਆਨਲਾਈਨ ਸਿਸਟਮ ਵੱਲੋਂ ਇਤਰਾਜ਼ ਲਗਾਉਣ ਦੇ ਬਾਵਜੂਦ ਨਕਸ਼ੇ ਪਾਸ ਕਰਨ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਆਨਲਾਈਨ ਸਿਸਟਮ ਰਾਹੀਂ ਹੁਣ ਤਕ ਪਾਸ ਹੋ ਚੁੱਕੇ ਨਕਸ਼ਿਆਂ ਦੀ ਕ੍ਰਾਸ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।