ਨਗਰ ਨਿਗਮ ਦੀਆਂ ਡਿਸਪੈਂਸਰੀਆਂ ’ਚ ਨਹੀਂ ਹੈ ਡਾਕਟਰ, ਕੌਣ ਲਗਾਏਗਾ ਆਵਾਰਾ ਕੁੱਤਿਆਂ ਵਲੋਂ ਵੱਢੇ ਲੋਕਾਂ ਨੂੰ ਇੰਜੈਕਸ਼ਨ

04/20/2019 4:30:29 AM

ਲੁਧਿਆਣਾ (ਹਿਤੇਸ਼)–ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਦੇ ਵਲੋਂ ਬਣਾਈਆਂ ਗਈਆਂ ਡਿਸਪੈਂਸਰੀਆਂ ’ਚ ਡਾਕਟਰ ਨਹੀਂ ਹੈ। ਅਜਿਹੇ ਵਿਚ ਆਵਾਰਾ ਕੁੱਤਿਆਂ ਵਲੋਂ ਕੱਟੇ ਗਏ ਲੋਕਾਂ ਨੂੰ ਇੰਜੈਕਸ਼ਨ ਕੌਣ ਲਗਾਏਗਾ। ਇਸ ਗੱਲ ਦਾ ਖੁਲਾਸਾ ਨਗਰ ਨਿਗਮ ਵਲੋਂ ਰੋਹਿਤ ਸੱਭਰਵਾਲ ਨੂੰ ਆਰ. ਟੀ. ਆਈ. ਐਕਟ ਤਹਿਤ ਮੁਹੱਈਆ ਕਰਵਾਈ ਗਈ ਸੂਚਨਾ ’ਚ ਹੋਇਆ ਹੈ, ਜਿਸ ਵਿਚ ਇਹ ਪੁੱਛਿਆ ਗਿਆ ਸੀ ਕਿ ਕੁੱਤਿਆਂ ਵਲੋਂ ਕੱਟੇ ਗਏ ਲੋਕਾਂ ਦੇ ਇਲਾਜ ਲਈ ਨਗਰ ਨਿਗਮ ਵਲੋਂ ਕੀ ਪ੍ਰਬੰਧ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਹੈਲਥ ਸ਼ਾਖਾ ਵਲੋਂ ਦੱਸਿਆ ਗਿਆ ਹੈ ਕਿ ਚੈਸਟ ਕਲੀਨਿਕ ’ਚ ਇਕ ਡਾਕਟਰ ਮੌਜੂਦ ਹੈ ਪਰ ਉਸ ਦੇ ਕੋਲ ਜਨਵਰੀ 2018 ਤੋਂ ਲੈ ਕੇ ਹੁਣ ਤਕ ਕੁੱਤਿਆਂ ਵਲੋਂ ਕੱਟਣ ਤੋਂ ਬਾਅਦ ਕੋਈ ਵੀ ਵਿਅਕਤੀ ਇਲਾਜ ਕਰਵਾਉਣ ਦੇ ਲਈ ਨਹੀਂ ਆਇਆ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਣਾਈਆਂ ਗਈਆਂ ਡਿਸਪੈਂਸਰੀਆਂ ਵਿਚ ਕੋਈ ਵੀ ਡਾਕਟਰ ਦੀ ਪੋਸਟਿੰਗ ਨਹੀਂ ਹੈ ਜੋ ਕੁੱਤਿਆਂ ਵਲੋਂ ਕੱਟੇ ਗਏ ਲੋਕਾਂ ਦਾ ਇਲਾਜ ਕਰ ਸਕੇ।