ਮਾਮਲਾ ਸ਼ਹੀਦ ਸੁਖਦੇਵ ਥਾਪਰ ਦੀ ਨੌਘਰਾ ਸਥਿਤ ਜਨਮ ਭੂਮੀ ਨੂੰ ਚੌਡ਼ਾ ਬਾਜ਼ਾਰ ਤੋਂ ਸਿੱਧਾ ਰਸਤਾ ਦਿਵਾਉਣ ਦਾ

01/24/2019 10:09:15 AM

ਲੁਧਿਆਣਾ (ਸੇਠੀ)–ਨੌਘਰਾ ਸਥਿਤ ਸ਼ਹੀਦ ਸੁਖਦੇਵ ਥਾਪਰ ਦੀ ਜਨਮ ਭੂਮੀ ਨੂੰ ਚੌਡ਼ਾ ਬਾਜ਼ਾਰ ਤੋਂ ਸਿੱਧਾ ਰਸਤਾ ਦਿਵਾਉਣ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਸੰਘਰਸ਼ਸ਼ੀਲ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਸੂਬਾ ਸਰਕਾਰ ਵਲੋਂ ਜ਼ਿਲਾ ਪ੍ਰਸ਼ਾਸਨ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਗੇਂਦ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਪਾਲੇ ’ਚ ਸੁੱਟਣ ਤੋਂ ਦੁਖੀ ਹੋ ਚੁੱਕਾ ਹਾਂ। ਸ਼ਹੀਦਾਂ ਦੇ ਨਾਂ ’ਤੇ ਸੱਤਾ ਸੁੱਖ ਹਾਸਲ ਕਰਨ ਵਾਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਜਨਤਕ ਮੰਚਾਂ ’ਤੇ ਤਾਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਕਰੋਡ਼ਾਂ ਰੁਪਏ ਦੇ ਐਲਾਨ ਕਰਦੇ ਹਨ ਪਰ ਮੰਚ ਤੋਂ ਉਤਰਦਿਆਂ ਹੀ ਸ਼ਹੀਦਾਂ ਦੇ ਨਾਂ ’ਤੇ ਵਾਹ-ਵਾਹੀ ਲੁੱਟ ਕੇ ਐਲਾਨਾਂ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਦਿੰਦੇ ਹਨ। ਉਕਤ ਦੋਸ਼ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਤੇ ਮਹਾਮੰਤਰੀ ਸੰਦੀਪ ਥਾਪਰ ਗੋਰਾ ਤੇ ਸ਼ਹੀਦ ਦੇ ਵੰਸ਼ਜ਼ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਲੁਧਿਆਣਾ ’ਚ ਆਯੋਜਿਤ ਸੂਬਾ ਪੱਧਰੀ ਸਮਾਰੋਹ ’ਚ ਸ਼ਹੀਦ ਸੁਖਦੇਵ ਥਾਪਰ ਜਨਮ ਭੂਮੀ ਵਿਖੇ ਯਾਦਗਾਰ ਦੇ ਨਿਰਮਾਣ ਲਈ ਐਲਾਨੀ ਇਕ ਕਰੋਡ਼ ਰੁਪਏ ਦੀ ਰਾਸ਼ੀ ਦੇ ਪੰਜ ਮਹੀਨਿਆਂ ਬਾਅਦ ਵੀ ਰਿਲੀਜ਼ ਨਾ ਹੋਣ ਦਾ ਦੁੱਖ ਬਿਆਨ ਕਰਦਿਆਂ ਲਾਏ। ਥਾਪਰ ਨੇ ਕਿਹਾ ਕਿ ਟਰੱਸਟ ਤੇ ਸ਼ਹੀਦ ਥਾਪਰ ਦੇ ਵੰਸ਼ਜ਼ ਪਿਛਲੇ 30 ਸਾਲਾਂ ਤੋਂ ਸਮੇਂ-ਸਮੇਂ ’ਤੇ ਮੁੱਖ ਮੰਤਰੀਆਂ, ਮੰਤਰੀਆਂ ਤੇ ਡਿਪਟੀ ਕਮਿਸ਼ਨਰਾਂ ਦੇ ਦਰਬਾਰ ਦੇ ਚੱਕਰ ਲਾ ਕੇ ਥੱਕ ਚੁੱਕੇ ਹਨ। ਹਰ ਵਾਰ ਸੂਬਾ ਸਰਕਾਰ ਨੇ ਮੌਜੂਦਾ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਣ ਤੇ ਡਿਪਟੀ ਕਮਿਸ਼ਨਰਾਂ ਨੇ ਸੂਬਾ ਸਰਕਾਰ ਨੂੰ ਪੱਤਰ ਵਾਪਸ ਭੇਜਣ ਤੋਂ ਸਿਵਾਏ ਇਕ ਕਦਮ ਵੀ ਅੱਗੇ ਨਹੀਂ ਵਧਾਇਆ। ਇਸ ਮੌਕੇ ਵਿਕਾਸ ਖੋਸਲਾ, ਨਾਹਨਾ ਖੋਸਲਾ, ਅਭਿਨਵ, ਤ੍ਰਿਭਵਨ ਥਾਪਰ, ਦੀਪਕ ਮੌਜੂਦ ਰਹੇ।