ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਤਰੱਕੀ ਵੱਲ : ਬੀਬੀ ਗਰੇਵਾਲ

01/24/2019 10:07:45 AM

ਲੁਧਿਆਣਾ (ਜਗਰੂਪ)-ਇਸੇ ਵਰ੍ਹੇ 2019 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸਾਹਨੇਵਾਲ ’ਚ ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਯੋਗ ਅਗਵਾਈ ਹੇਠ ਹਲਕੇ ਅੰਦਰ ਕਾਂਗਰਸ ਦੀ ਇਸਤਰੀ ਵਿੰਗ ਦੀ ਟੀਮ ਵੱਲੋਂ ਕਾਂਗਰਸ ਪਾਰਟੀ ਦੀ ਜਿੱਤ ਲਈ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਹ ਪ੍ਰਗਟਾਵਾ ਬਲਾਕ-1 ਦੇ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਹਿਰਦ ਯਤਨਾਂ ਸਦਕਾ ਅੱਜ ਸੂਬਾ ਤਰੱਕੀ ਵੱਲ ਵੱਧ ਰਿਹਾ ਹੈ। ਜਦਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਜਿਥੇ ਪੰਜਾਬ ਬਦਹਾਲੀ ਅਤੇ ਭੁੱਖਮਰੀ ਵੱਲ ਵੱਧਦਾ ਗਿਆ। ਉਥੇ ਹੀ ਨਸ਼ੇ ਨੇ ਪੰਜਾਬ ਦੀ ਜਵਾਨੀ ਦੀਆਂ ਜਡ਼੍ਹਾਂ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੱਤਾ। ਜਿਸ ਕਾਰਨ ਅੱਜ ਵੀ ਸਾਡੀ ਨੌਜਵਾਨ ਪੀਡ਼੍ਹੀ ਨਸ਼ਿਆਂ ਦੀ ਦਲ-ਦਲ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਜਿਸ ਕਾਰਨ ਹੱਸਦੇ ਵੱਸਦੇ ਘਰ ਉਜਡ਼ਦੇ ਰਹੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ੇ ਦਾ ਲੱਕ ਪੂਰੀ ਤਰ੍ਹਾਂ ਤੋਡ਼ਦੇ ਹੋਏ ਸਮੱਗਲਰਾਂ ਅਤੇ ਡਰੱਗ ਡੀਲਰਾਂ ਨੂੰ ਨਕੇਲ ਪਾਉਣ ਲਈ ਕਾਰਵਾਈ ਅਮਲ ’ਚ ਲਿਆਂਦੀ ਹੈ। ਇਸ ਮੌਕੇ ਗੋਪਿਕਾ ਗੁਪਤਾ, ਨੀਨਾ, ਰਾਖੀ ਕਾਂਸਲ, ਵਿਜੇ ਧੀਰ, ਕੈਲਾਸ਼ ਰਾਣੀ, ਹਰਜੀਤ ਕੌਰ, ਰੁਪਿੰਦਰ ਕੌਰ ਅਤੇ ਕਲਮਜੀਤ ਕੌਰ ਸਮੇਤ ਹੋਰ ਮਹਿਲਾ ਵਿੰਗ ਦੀਆਂ ਕਾਂਗਰਸ ਵਰਕਰ ਹਾਜ਼ਰ ਸਨ।