ਜੱਜ ਸਾਹਿਬ! ਬੁਰੀ ਸੰਗਤ ’ਚ ਪੈਣ ਕਾਰਨ ਆਉਣਾ ਪਿਆ ਸਲਾਖਾਂ ਪਿੱਛੇ

01/24/2019 10:06:07 AM

ਲੁਧਿਆਣਾ (ਸਿਆਲ)-ਤਾਜਪੁਰ ਰੋਡ, ਕੇਂਦਰੀ ਜੇਲ ’ਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸਕੱਤਰ ਕਮ ਚੀਫ ਜੁਡੀਸ਼ੀਅਲ ਮਜਿਸਟਰੇਟ ਡਾ. ਗੁਰਪ੍ਰੀਤ ਕੌਰ ਵਲੋਂ ਕੋਰਟ ਕੈਂਪ ਲਾਇਆ ਗਿਆ, ਜਿਸ ਵਿਚ ਪੰਜ ਸੈਂਟਰਲ ਜੇਲ ਤੇ ਇਕ ਬ੍ਰੋਸਟਲ ਜੇਲ ਤੋਂ ਇਲਾਵਾ 8 ਮਾਮਲਿਆਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ’ਤੇ ਬੰਦੀਆਂ ਦੀ ਰਿਹਾਈ ਸੰਭਵ ਹੋ ਸਕੇਗੀ। ਥਾਣਾ ਸ਼ਿਮਲਾਪੁਰੀ ’ਚ ਐੱਨ. ਡੀ. ਪੀ. ਐੱਸ. ਐਕਟ ਤੇ ਚੋਰੀ ਦੇ ਦੋਸ਼ ’ਚ ਮਾਮਲੇ ਦਰਜ ਹੋਣ ’ਤੇ ਇਕ ਹਵਾਲਾਤੀ ਪ੍ਰਕਾਸ਼ ਬਹਾਦਰ ਥਾਪਾ ਜੁਲਾਈ 2016 ਤੋਂ ਜੇਲ ਵਿਚ ਬੰਦ ਹੈ। ਉਕਤ ਹਵਾਲਾਤੀ ਨੇ ਕੋਰਟ ਕੈਂਪ ਦੌਰਾਨ ਕਿਹਾ ਕਿ ਜੱਜ ਸਾਹਿਬ! ਬੁਰੀ ਸੰਗਤ ਵਿਚ ਪੈਣ ਕਾਰਨ ਜੇਲ ਦੀਆਂ ਸਲਾਖਾਂ ਪਿੱਛੇ ਆਉਣਾ ਪਿਆ ਪਰ ਹੁਣ ਰਿਹਾਅ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗਾ, ਜਿਸ ਕਰ ਕੇ ਫਿਰ ਤੋਂ ਜੇਲ ਆਉਣਾ ਪਵੇ ਅਤੇ ਆਪਣੇ ਪਰਿਵਾਰ ਵਿਚ ਜਾ ਕੇ ਮਾਤਾ-ਪਿਤਾ ਦਾ ਆਗਿਆਕਾਰੀ ਬਣਾਂਗਾ। ਇਸ ਤੋਂ ਇਲਾਵਾ ਛੋਟੇ ਮਾਮਲਿਆਂ ਦੇ ਬੰਦੀਆਂ ਦੀਆਂ ਫਾਈਲਾਂ ਦਾ ਨਿਰੀਖਣ ਕਰ ਕੇ ਕਾਨੂੰਨੀ ਪ੍ਰਕਿਰਿਆ ਹੋਣ ਦੇ ਉਪਰੰਤ ਨਿਪਟਾਰਾ ਕਰਨ ਦਾ ਐਲਾਨ ਕੀਤਾ। ਡਾ. ਗੁਰਪ੍ਰੀਤ ਕੌਰ ਨੇ ਜੇਲ ਅਧਿਕਾਰੀ ਨੂੰ ਛੋਟੇ ਮਾਮਲਿਆਂ ਦੇ ਬੰਦੀਆਂ ਦੀ ਸੂਚੀ ਜਲਦੀ ਤਿਆਰ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਤੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਮੌਜੂਦ ਸਨ।