ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਬੀ. ਡੀ. ਪੀ. ਓ. ਨੂੰ ਮਿਲਿਆ

01/23/2019 10:15:30 AM

ਲੁਧਿਆਣਾ (ਮਾਲਵਾ)-ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਵਿਖੇ ਪਿਛਲੇ ਸਮੇਂ ਮਨਰੇਗਾ ਦੇ ਕੰਮ ਵਿਚ ਹੋਈਆਂ ਧਾਂਦਲੀਆਂ ਵਿਰੁੱਧ ਵਫ਼ਦ ਬੀ. ਡੀ. ਪੀ. ਓ. ਜਗਰਾਓਂ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਫ਼ਦ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਪੂਰੇ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ, ਜਿੰਨਾਂ ਕੰਮ ਦਿੱਤਾ ਜਾ ਰਿਹਾ ਹੈ, ਉਸ ਵਿਚ ਮਜ਼ਦੂਰਾਂ ਨਾਲ ਹੇਰਾ-ਫੇਰੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਮਜ਼ਦੂਰਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੀਆਂ ਹਾਜ਼ਰੀਆਂ ਘੱਟ ਲਾਈਆਂ ਜਾ ਰਹੀਆਂ ਹਨ ਅਤੇ ਕਈ ਮਜ਼ਦੂਰਾਂ ਨੂੰ 2-2 ਸਾਲ ਤੋਂ ਕੰਮ ਦੀ ਮਿਹਨਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਰਸੂਲਪੁਰ ਵਿਖੇ ਇਕ ਵਿਦੇਸ਼ ਗਏ ਵਿਅਕਤੀ ਦੀਆਂ ਹਾਜ਼ਰੀਆਂ ਲਗਾ ਕੇ ਘਪਲੇਬਾਜ਼ੀ ਕੀਤੀ ਗਈ ਹੈ। ਇਸ ਸਬੰਧੀ ਸਬੰਧਤ ਅਫ਼ਸਰ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੇ ਹਨ ਕਿਉਂਕਿ ਘਪਲੇਬਾਜ਼ੀ ਅਫ਼ਸਰਾਂ ਨਾਲ ਮਿਲ ਕੇ ਹੋ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਜਥੇਬੰਦੀ 29 ਜਨਵਰੀ ਨੂੰ ਸੂਬਾਈ ਪੱਧਰ ’ਤੇ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ ਦੇਵੇਗੀ। ਇਸ ਸਮੇਂ ਜ਼ਿਲਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਮਦਨ ਸਿੰਘ ਤੇ ਅਜੈਬ ਸਿੰਘ ਵੀ ਮੌਜੂਦ ਸਨ।