ਅਕਾਲੀ ਦਲ ਦੇ ਸਮਰਥਨ ਤੋਂ ਬਾਅਦ ਭਾਜਪਾ ਦੇ ਗਲੇ ਦਾ ਫਾਹ ਬਣ ਸਕਦੈ ਰਾਜੋਆਣਾ ਦੀ ਰਿਹਾਈ ਦਾ ਮੁੱਦਾ

01/05/2020 11:57:31 AM

ਲੁਧਿਆਣਾ (ਹਿਤੇਸ਼) : ਸਾਬਕਾ ਸੀ. ਐੱਮ. ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਕ ਵਾਰ ਫਿਰ ਗਰਮਾ ਗਿਆ ਹੈ, ਜਿਸ ਦੇ ਤਹਿਤ ਅਕਾਲੀ ਦਲ ਵਲੋਂ ਖੁੱਲ੍ਹੇਆਮ ਸਮਰਥਨ ਕਰਨ ਤੋਂ ਬਾਅਦ ਇਹ ਮੁੱਦਾ ਆਉਣ ਵਾਲੇ ਦਿਨਾਂ ਵਿਚ ਭਾਜਪਾ ਦੇ ਗਲੇ ਦਾ ਫਾਹ ਬਣ ਸਕਦਾ ਹੈ। ਇਥੇ ਦੱਸਣਾ ਸਹੀ ਹੋਵੇਗਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ ਅਮਲ ਕੁਝ ਸਾਲ ਪਹਿਲਾ ਐੱਸ. ਜੀ. ਪੀ. ਸੀ. ਦੀ ਪਟੀਸ਼ਨ 'ਤੇ ਹੀ ਰੋਕਿਆ ਗਿਆ ਸੀ ਪਰ ਉਸ ਤੋਂ ਬਾਅਦ ਰਾਜੋਆਣਾ ਦੀ ਸਜ਼ਾ ਮੁਆਫੀ ਦਾ ਮੁੱਦਾ ਲਗਾਤਾਰ ਪੈਂਡਿੰਗ ਚਲਦਾ ਆ ਰਿਹਾ ਹੈ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉਦੇਸ਼ ਵਿਚ ਸਿੱਖ ਕੈਦੀਆਂ ਦੀ ਸਜ਼ਾ ਮੁਆਫੀ ਲਈ ਜਾਰੀ ਕੀਤੀ ਗਈ ਲਿਸਟ ਵਿਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਗਿਆ।

ਇਸ ਫੈਸਲੇ ਦਾ ਬੇਅੰਤ ਸਿੰਘ ਦੇ ਪਰਿਵਾਰ ਵਲੋਂ ਵਿਰੋਧ ਕਰਦਿਆਂ ਕੋਰਟ ਵਿਚ ਚੈਲੰਜ ਕਰਨ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਪੋਤੇ ਰਵਨੀਤ ਬਿੱਟੂ ਨੇ ਬਤੌਰ ਐੱਮ. ਪੀ. ਲੋਕ ਸਭਾ ਵਿਚ ਵੀ ਇਹ ਮੁੱਦਾ ਚੁੱਕਿਆ, ਜਿਸ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਾਜੋਆਣਾ ਨੂੰ ਰਿਹਾਅ ਨਾ ਕਰਨ ਦੀ ਗੱਲ ਕਹਿਣੀ ਪਈ। ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵਲੋਂ ਇਸ ਤਰ੍ਹਾਂ ਯੂ-ਟਰਨ ਲੈਣ ਦੇ ਪਿੱਛੇ ਖੁਫੀਆ ਏਜੰਸੀਆਂ ਦਾ ਉਹ ਇਨਪੁਟ ਵੱਡੀ ਵਜ੍ਹਾ ਰਿਹਾ ਹੈ, ਜਿਸ ਵਿਚ ਰਾਜੋਆਣਾ ਦੀ ਰਿਹਾਈ ਤੋਂ ਬਾਅਦ ਭਾਰਤ ਅਤੇ ਵਿਦੇਸ਼ਾਂ ਵਿਚ ਬੈਠੇ ਕੱਟੜਪੰਥੀ ਸੰਗਠਨਾਂ ਦੀਆਂ ਸਰਗਰਮੀਆਂ ਵਿਚ ਇਜ਼ਾਫਾ ਹੋਣ ਦਾ ਸ਼ੱਕ ਜਾਹਿਰ ਕੀਤਾ ਗਿਆ ਸੀ। ਹੁਣ ਰਿਹਾਈ ਦੇ ਫੈਸਲੇ 'ਤੇ ਅਮਲ ਨਾ ਹੋਣ ਦੇ ਵਿਰੋਧ ਵਿਚ ਰਾਜੋਆਣਾ ਨੇ 11 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜੋਆਣਾ ਦੀ ਭੈਣ ਨੂੰ ਮਿਲ ਕੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਸੀ।

ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਰਾਜੋਆਣਾ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਬਿਗੁਲ ਵਜਾ ਕੇ ਗਏ ਹਨ। ਇਸ ਦੌਰਾਨ ਦੇਖਣਾ ਇਹ ਹੋਵੇਗਾ ਕਿ ਪਹਿਲਾ ਫੈਸਲਾ ਬਦਲਣ ਨੂੰ ਲੈ ਕੇ ਆਪਣੀ ਸਹਿਯੋਗੀ ਪਾਰਟੀ ਵਲੋਂ ਬਣਾਏ ਜਾ ਰਹੇ ਦਬਾਅ ਨੂੰ ਲੈ ਕੇ ਭਾਜਪਾ ਹੁਣ ਕੀ ਸਟੈਂਡ ਲੈਂਦੀ ਹੈ ਕਿਉਂਕਿ ਸ਼ੁਰੂਆਤੀ ਦੌਰ ਵਿਚ ਅਕਾਲੀ ਦਲ ਦੇ ਨਾਲ ਮਿਲ ਕੇ ਰਾਜੋਆਣਾ ਦੀ ਰਿਹਾਈ ਦਾ ਸਵਾਗਤ ਕਰਨ ਵਾਲੇ ਪੰਜਾਬ ਭਾਜਪਾ ਨੇਤਾ ਵੀ ਅਮਿਤ ਸ਼ਾਹ ਦੇ ਬੈਕਫੁਟ 'ਤੇ ਆਉਣ ਦੇ ਬਾਅਦ ਤੋਂ ਚੁੱਪ ਧਾਰੀ ਬੈਠੇ ਹੋਏ ਹਨ।

ਪੰਥਕ ਵੋਟ ਬੈਂਕ ਦੇ ਚੱਕਰ ਵਿਚ ਨਾਰਾਜ਼ ਹੋ ਸਕਦੇ ਹਨ ਹਿੰਦੂ ਵੋਟਰ
ਬਿੱਟੂ ਦਾ ਕਹਿਣਾ ਹੈ ਕਿ ਅਕਾਲੀ ਦਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ 'ਤੇ ਦੂਰ ਹੋਏ ਪੰਥਕ ਵੋਟ ਬੈਂਕ ਨੂੰ ਲੁਭਾਉਣ ਦੇ ਲਈ ਰਾਜੋਆਣਾ ਦੀ ਰਿਹਾਈ ਨੂੰ ਸਮਰਥਨ ਦੇਣ ਦਾ ਨਾਟਕ ਕੀਤਾ ਜਾ ਰਿਹਾ ਹੈ ਪਰ ਇਸ ਚੱਕਰ ਵਿਚ ਹਿੰਦੂ ਵੋਟਰ ਸਿੱਧੇ ਤੌਰ 'ਤੇ ਅਕਾਲੀ ਦਲ ਤੋਂ ਨਾਰਾਜ਼ ਹੋ ਸਕਦੇ ਹਨ, ਜਿਨ੍ਹਾਂ ਨੇ ਲੰਮਾ ਸਮਾਂ ਅੱਤਵਾਦ ਦਾ ਸੰਤਾਪ ਝੱਲਿਆ ਹੈ।

ਇਹ ਹੈ ਬੇਅੰਤ ਸਿੰਘ ਦੇ ਪਰਿਵਾਰ ਦਾ ਸਟੈਂਡ
ਇਸ ਮਾਮਲੇ ਵਿਚ ਬੇਅੰਤ ਸਿੰਘ ਪਰਿਵਾਰ ਦੀ ਦਲੀਲ ਹੈ ਕਿ ਰਾਜੋਆਣਾ ਵਲੋਂ ਆਪਣਾ ਗੁਨਾਹ ਕਬੂਲ ਕਰਨ ਤੋਂ ਬਾਅਦ ਉਸ ਦੇ ਲਈ ਮਿਲੀ ਸਜ਼ਾ ਦੇ ਖਿਲਾਫ ਅਪੀਲ ਤੱਕ ਨਹੀਂ ਕੀਤੀ ਗਈ। ਬਿੱਟੂ ਮੁਤਾਬਕ ਰਾਜੋਆਣਾ ਨੂੰ ਆਪਣੇ ਕੀਤੇ 'ਤੇ ਕੋਈ ਅਫਸੋਸ ਨਹੀਂ ਹੈ ਅਤੇ ਉਹ ਹੁਣ ਤੱਕ ਖਾਲਿਸਤਾਨੀ ਏਜੰਡੇ 'ਤੇ ਕੰਮ ਕਰ ਰਿਹਾ ਹੈ। ਬਿੱਟੂ ਨੇ ਕਿਹਾ ਕਿ ਰਾਜੋਆਣਾ ਜੇਕਰ ਦੇਸ਼ ਵਿਰੋਧੀ ਏਜੰਡਾ ਛੱਡ ਸ਼ਹੀਦ ਪਰਿਵਾਰਾਂ ਤੋਂ ਮੁਆਫੀ ਮੰਗ ਲਵੇ ਤਾਂ ਉਹ ਉਸ ਦੀ ਰਿਹਾਈ ਦਾ ਸਮਰਥਨ ਕਰ ਸਕਦੇ ਹਨ।

Baljeet Kaur

This news is Content Editor Baljeet Kaur