2,60,664 ਵੋਟਰ ਖੋਲ੍ਹਣਗੇ 207 ਉਮੀਦਵਾਰਾਂ ਦੀ ਕਿਸਮਤ ਦੀ ਪਟਾਰੀ

12/17/2017 7:57:18 AM

ਪਟਿਆਲਾ  (ਜੋਸਨ, ਰਾਜੇਸ਼, ਬਲਜਿੰਦਰ, ਪਰਮੀਤ, ਰਾਣਾ)  - ਸੀ. ਐੱਮ. ਸਿਟੀ ਨਗਰ ਨਿਗਮ ਚੋਣਾਂ ਵਿਚ 17 ਦਸੰਬਰ ਨੂੰ 57 ਵਾਰਡਾਂ ਦੇ 207 ਉਮੀਦਵਾਰਾਂ ਦੀ ਕਿਸਮਤ ਦੀ ਪਟਾਰੀ ਸ਼ਾਹੀ ਸ਼ਹਿਰ ਦੇ 2,60,664 ਵੋਟਰ ਖੋਲ੍ਹਣਗੇ।  ਪਟਿਆਲਾ ਦੇ 60 ਵਾਰਡਾਂ ਵਿਚ ਕਾਂਗਰਸ ਦੇ 3 ਉਮੀਦਵਾਰਾਂ ਨੂੰ ਪਹਿਲਾਂ ਹੀ ਜੇਤੂ ਐਲਾਨ ਕੀਤਾ ਜਾ ਚੁੱਕਾ ਹੈ। ਹੁਣ 57 ਵਾਰਡਾਂ ਵਿਚ ਕਾਂਗਰਸ ਦੇ 57, ਅਕਾਲੀ ਦਲ ਦੇ 41, ਭਾਜਪਾ ਦੇ 16, 'ਆਪ' ਦੇ 40 ਅਤੇ 53 ਆਜ਼ਾਦ (ਕੁਲ 207) ਉਮੀਦਵਾਰ ਚੋਣ ਮੈਦਾਨ ਵਿਚ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ। ਵੋਟਾਂ ਪੈਣ ਦੀ ਸਮਾਪਤੀ ਉਪਰੰਤ ਗਿਣਤੀ ਹੋਵੇਗੀ ਤੇ ਉਸੇ ਸਮੇਂ ਨਤੀਜੇ ਐਲਾਨੇ ਜਾਣਗੇ। ਅੱਜ ਸਮੁੱਚੇ ਵਾਰਡਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਪਾਰਦਰਸ਼ੀ ਚੋਣਾਂ ਲਈ 4 ਆਬਜ਼ਰਵਰ ਨਿਯੁਕਤ
ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਜ਼ਿਲੇ ਵਿਚ ਪੈਣ ਵਾਲੀਆਂ ਵੋਟਾਂ ਪੂਰੀ ਪਾਰਦਰਸ਼ਤਾ ਨਾਲ ਕਰਵਾਉਣ ਲਈ ਵਚਨਬੱਧ ਹੈ। ਚੋਣ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਹੋਵੇ, ਇਸ ਲਈ ਕਮਿਸ਼ਨ ਨੇ 3 ਆਈ. ਏ. ਐੈੱਸ. ਅਤੇ ਇਕ ਪੀ. ਸੀ. ਐੈੱਸ. ਅਧਿਕਾਰੀ ਦੀ ਚੋਣ ਆਬਜ਼ਰਵਰ ਦੇ ਤੌਰ 'ਤੇ ਨਿਯੁਕਤੀ ਕਰ ਦਿੱਤੀ ਹੈ। ਇਸ ਤਹਿਤ ਵਾਰਡ ਨੰ. 1 ਤੋਂ 20 ਲਈ ਆਈ. ਐੈੱਸ. ਅਧਿਕਾਰੀ ਡਾ. ਅਮਰਪਾਲ ਸਿੰਘ, ਵਾਰਡ ਨੰ. 21 ਤੋਂ 40 ਅਤੇ ਘੱਗਾ ਨਗਰ ਪੰਚਾਇਤ ਲਈ ਆਈ. ਐੈੱਸ. ਅਧਿਕਾਰੀ ਸ਼੍ਰੀ ਸਿਬਨ ਸੀ., ਵਾਰਡ ਨੰ. 41 ਤੋਂ 50 ਅਤੇ ਨਗਰ ਪੰਚਾਇਤ ਘਨੌਰ ਲਈ ਆਈ. ਐੈੱਸ. ਅਧਿਕਾਰੀ ਪ੍ਰਵੀਨ ਥਿੰਦ ਅਤੇ ਵਾਰਡ ਨੰ. 51 ਤੋਂ 60 ਲਈ ਪੀ. ਸੀ. ਐੈੱਸ. ਅਧਿਕਾਰੀ ਸ਼੍ਰੀਮਤੀ ਹਰਗੁਣਜੀਤ ਕੌਰ ਮੌਜੂਦ ਰਹਿਣਗੇ।
ਕੁਲ 217 ਬੂਥ ਬਣਾਏ
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਹੈ ਕਿ ਪਟਿਆਲਾ ਸ਼ਹਿਰ ਦੇ 57 ਵਾਰਡਾਂ ਲਈ ਕੁਲ 217 ਬੂਥ ਬਣਾਏ ਗਏ ਹਨ। ਇਨ੍ਹਾਂ ਵਿਚ 1,25,177 ਮਹਿਲਾ ਅਤੇ 1,35,487 ਮਰਦ ਵੋਟਰ ਵੋਟਾਂ ਪਾਉਣਗੇ।
ਨਗਰ ਪੰਚਾਇਤ ਘੱਗਾ ਲਈ 41 ਅਤੇ ਘਨੌਰ ਲਈ 14 ਉਮੀਦਵਾਰ ਮੈਦਾਨ 'ਚ
ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਵਧੀਕ ਜ਼ਿਲਾ ਚੋਣਕਾਰ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਲਈ 41 ਅਤੇ ਘਨੌਰ ਲਈ 14 ਉਮੀਦਵਾਰ ਮੈਦਾਨ ਵਿਚ ਹਨ। ਘੱਗਾ ਦੇ 13 ਵਾਰਡਾਂ ਲਈ 6763 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਜਦਕਿ ਘਨੌਰ ਦੇ 6 ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ 'ਚ 2973 ਲੋਕ ਵੋਟਾਂ ਪਾਉਣਗੇ। ਘੱਗਾ ਨਗਰ ਪੰਚਾਇਤ ਦੇ 13 ਵਾਰਡਾਂ ਲਈ 13 ਬੂਥ ਬਣਾਏ ਗਏ ਹਨ। ਘਨੌਰ ਦੇ 6 ਵਾਰਡਾਂ ਲਈ 6 ਬੂਥ ਹਨ ਅਤੇ 14 ਉਮੀਦਵਾਰ ਚੋਣ ਮੈਦਾਨ ਵਿਚ ਹਨ।
8 ਜ਼ੋਨਾਂ 'ਚ 3000 ਪੁਲਸ ਕਰਮਚਾਰੀ ਤਾਇਨਾਤ
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਨਿਗਮ ਚੋਣਾਂ ਨੂੰ ਸ਼ਾਤੀਪੂਰਵਕ, ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਚੋਣ ਖੇਤਰ ਨੂੰ 8 ਜ਼ੋਨਾਂ ਵਿਚ ਵੰਡ ਕੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਰ ਜ਼ੋਨ ਦੀ ਦੇਖ-ਰੇਖ ਅਤੇ ਨਿਗਰਾਨੀ ਗਜ਼ਟਿਡ ਅਧਿਕਾਰੀ ਕਰ ਰਹੇ ਹਨ। ਜ਼ੋਨਾਂ ਵਿਚ ਸੁਰੱਖਿਆ ਲਈ ਲਗਭਗ 3000 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
12 ਪੁਲਸ ਪੈਟਰੋਲਿੰਗ ਪਾਰਟੀਆਂ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਲਈ ਸ਼ਹਿਰ ਵਿਚ 12 ਪੁਲਸ ਪੈਟਰੋਲਿੰਗ ਪਾਰਟੀਆਂ ਲਾਈਆਂ ਗਈਆਂ ਹਨ। ਸਮੂਹ ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਲਈ ਵੱਖ-ਵੱਖ ਗਜ਼ਟਿਡ ਅਫਸਰਾਂ ਅਤੇ ਮੁੱਖ ਅਫਸਰਾਂ ਦੀਆਂ 16 ਰਿਜ਼ਰਵ ਪਾਰਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖੀ ਜਾਵੇਗੀ ਅਤੇ ਆਵਾਜਾਈ ਨਿਰਵਿਘਨ ਚਾਲੂ ਰਹੇਗੀ।