ਲਵਲੀ ਯੂਨੀਵਰਸਿਟੀ ਦੇ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਕੀਤਾ ਹਾਈਵੇ ਜਾਮ, ਦੇਖੋ ਵੀਡੀਓ

11/06/2017 4:00:00 AM

ਫਗਵਾੜਾ (ਜਲੋਟਾ) - ਪਿੰਡ ਚਹੇੜੂ ਦੇ ਨੇੜੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਦੋ ਧੜਿਆਂ 'ਚ ਚੋਰੀ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ। ਇਸਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਇਕ ਧੜੇ ਦੇ ਵਿਦਿਆਰਥੀਆਂ ਨਾਲ ਪੁਲਸ ਨੇ ਕੁੱਟਮਾਰ ਕੀਤੀ।

 

ਜਿਸਦੇ ਬਾਅਦ ਝਗੜਾ ਵਧ ਗਿਆ ਤੇ ਵਿਦਿਆਰਥੀਆਂ ਨੇ ਪੁਲਸ ਖਿਲਾਫ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜੋ ਹਿੰਸਕ ਰੂਪ ਲੈ ਗਿਆ। ਇਸ ਤੋਂ ਬਾਅਦ ਦੇਰ ਰਾਤ ਗੁੱਸੇ 'ਚ ਵਿਦਿਆਰਥੀ ਵਰਗ ਵਲੋਂ ਨੈਸ਼ਨਲ ਹਾਈਵੇ ਨੰਬਰ 1'ਤੇ  ਹੰਗਾਮਾ ਮਚਾਉਣ ਦੀਆਂ ਸੂਚਨਾਵਾਂ ਮਿਲੀਆਂ ਹਨ।

 

ਇਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅੰਦਰ ਵੀ ਭੰਨ-ਤੋੜ ਹੋਈ। ਦੇਰ ਰਾਤ ਤੱਕ ਅੰਦੋਲਨਕਾਰੀ ਵਿਦਿਆਰਥੀਆਂ ਵਲੋਂ ਜਿਥੇ ਨੈਸ਼ਨਲ ਹਾਈਵੇ ਨੰਬਰ 1 ਨੂੰ ਪੂਰੀ ਤਰ੍ਹਾਂ ਨਾਲ ਆਪਣੇ ਕਬਜ਼ੇ 'ਚ ਲੈ ਕੇ ਟ੍ਰੈਫਿਕ ਜਾਮ ਕਰ ਦਿੱਤਾ ਗਿਆ, ਉਥੇ ਹਿੰਸਕ ਵਿਦਿਆਰਥੀਆਂ ਦੇ ਇਕ ਵੱਡੇ ਧੜੇ ਵਲੋਂ ਪੁਲਸ ਤੇ ਨਿੱਜੀ ਵਾਹਨਾਂ 'ਤੇ ਪੱਥਰ ਵੀ ਸੁੱਟੇ ਗਏ।

 

ਇਸ ਕਾਰਨ ਜਿਥੇ ਪੁਲਸ ਦੀ ਜੀਪ ਨੁਕਸਾਨੀ ਗਈ। ਉਥੇ ਕੁਝ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬੇਕਾਬੂ ਹੁੰਦੇ ਹਾਲਾਤ ਨੂੰ ਕੰਟਰੋਲ 'ਚ ਕਰਨ ਲਈ ਫਗਵਾੜਾ ਪੁਲਸ ਨੇ ਗੁੱਸੇ 'ਚ ਆਏ ਵਿਦਿਆਰਥੀਆਂ ਨੂੰ ਤਿੱਤਰ -ਬਿੱਤਰ ਕਰਨ ਲਈ ਹਵਾ 'ਚ ਫਾਇਰਿੰਗ ਕੀਤੀ। ਇਸ ਦੌਰਾਨ ਪੁਲਸ ਵਲੋਂ ਵਿਦਿਆਰਥੀਆਂ ਨੂੰ ਮੇਨ ਹਾਈਵੇ ਤੋਂ ਹਟਾਉਣ ਲਈ ਲਾਠੀਚਾਰਜ ਵੀ ਕੀਤਾ ਗਿਆ। ਜਿਸ ਨਾਲ ਕੁਝ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ।