ਬਾਰਾਤ ਉਡੀਕਦੀ ਰਹੀ ਪ੍ਰੇਮਿਕਾ, ਲਾੜਾ ਪਰਿਵਾਰ ਸਮੇਤ ਗਾਇਬ

09/29/2019 11:56:16 PM

ਗੁਰਦਾਸਪੁਰ, (ਵਿਨੋਦ)— ਪ੍ਰੇਮ-ਵਿਆਹ ਕਰਵਾਉਣ ਵਾਲੀ ਇਕ ਲੜਕੀ ਦੀਆਂ ਸਾਰੀਆਂ ਇੱਛਾਵਾਂ ਉਸ ਸਮੇਂ ਚਕਨਾਚੂਰ ਹੋ ਗਈਆਂ ਜਦ ਸਾਰੀਆਂ ਪਰਿਵਾਰਕ ਰਸਮਾਂ ਤਾਂ ਪੂਰੀਆਂ ਹੋ ਗਈਆਂ ਪਰ ਪ੍ਰੇਮੀ ਦਿੱਤੇ ਸਮੇਂ 'ਤੇ ਬਾਰਾਤ ਲੈ ਕੇ ਨਹੀਂ ਪਹੁੰਚਿਆ। ਸਿਟੀ ਪੁਲਸ ਕੋਲ ਮਾਮਲਾ ਆਉਣ 'ਤੇ ਪੁਲਸ ਨੇ ਜਦ ਲੜਕੇ ਦੇ ਘਰ ਛਾਪੇਮਾਰੀ ਕੀਤੀ ਤਾਂ ਘਰ 'ਚ ਤਾਲਾ ਲੱਗਾ ਮਿਲਿਆ ਅਤੇ ਪ੍ਰੇਮੀ ਦਾ ਸਾਰਾ ਪਰਿਵਾਰ ਲਾਪਤਾ ਹੋ ਗਿਆ ਹੈ।
ਗੁਰਦਾਸਪੁਰ ਦੇ ਮੁਹੱਲਾ ਨੰਗਲ ਕੋਟਲੀ ਵਾਸੀ ਇਕ ਲੜਕੀ ਦੀਪਿਕਾ ਪੁੱਤਰੀ ਨੀਲਮ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਸ਼ਹਿਰ ਦੇ ਮੁਹੱਲਾ ਸੰਗਲਪੁਰਾ ਵਾਸੀ ਰਮਨ ਕੁਮਾਰ ਪੁੱਤਰ ਪ੍ਰਭਾਤ ਕੁਮਾਰ ਨਾਲ ਬੀਤੇ ਲਗਭਗ 6-7 ਸਾਲਾਂ ਤੋਂ ਪ੍ਰੇਮ-ਸਬੰਧ ਹਨ। ਪਰ ਰਮਨ ਮਲੇਸ਼ੀਆ ਚਲਾ ਗਿਆ ਸੀ। ਜਿਸ ਕਾਰਨ ਵਿਆਹ ਕਰਵਾਉਣ 'ਚ ਦੇਰੀ ਹੋਈ। ਹੁਣ ਲਗਭਗ 2 ਮਹੀਨੇ ਪਹਿਲਾਂ ਹੀ ਮਲੇਸ਼ੀਆ ਤੋਂ ਉਹ ਵਾਪਸ ਭਾਰਤ ਆਇਆ ਹੈ ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਸਾਡੇ ਵਿਆਹ ਕਰਵਾਉਣ ਲਈ 29 ਸਤੰਬਰ ਮਿਤੀ ਤੈਅ ਹੋਈ ਸੀ। ਜਿਸ ਅਧੀਨ ਸਥਾਨਕ ਗੀਤਾ ਭਵਨ ਮੰਦਰ 'ਚ ਸਾਧਾਰਣ ਰੀਤੀ-ਰਿਵਾਜਾਂ ਨਾਲ ਵਿਆਹ ਹੋਣਾ ਸੀ ਅਤੇ ਉਸ ਦੇ ਬਾਅਦ ਗੀਤਾ ਭਵਨ ਰੋਡ 'ਤੇ ਸਥਿਤ ਇਕ ਹੋਟਲ 'ਚ ਬਾਰਾਤੀਆਂ ਲਈ ਰੋਟੀ ਆਦਿ ਦਾ ਪ੍ਰਬੰਧ ਸੀ।

ਘਰ ਨੂੰ ਲੱਗਾ ਸੀ ਤਾਲਾ
ਲੜਕੀ ਨੇ ਦੱਸਿਆ ਕਿ ਐਤਵਾਰ ਉਹ ਗੀਤਾ ਭਵਨ ਮੰਦਰ ਨਿਰਧਾਰਤ ਪ੍ਰੋਗਰਾਮ ਅਨੁਸਾਰ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਪਹੁੰਚ ਗਏ, ਪਰ ਰਮਨ ਬਾਰਾਤ ਲੈ ਕੇ ਨਹੀਂ ਪਹੁੰਚਿਆ। ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਜਦ ਉਸ ਦੇ ਘਰ ਭੇਜ ਕੇ ਪਤਾ ਕੀਤਾ ਤਾਂ ਉਥੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਲੜਕੇ ਦਾ ਸ਼ਾਮ ਤੱਕ ਇੰਤਜ਼ਾਰ ਕੀਤਾ ਜਾਵੇਗਾ, ਜੇਕਰ ਸ਼ਾਮ ਤੱਕ ਨਾ ਆਇਆ ਜਾਂ ਵਿਆਹ ਨਾ ਕਰਵਾਇਆ ਤਾਂ ਫਿਰ ਕਾਨੂੰਨੀ ਕਾਰਵਾਈ ਹੋਵੇਗੀ।

KamalJeet Singh

This news is Content Editor KamalJeet Singh