ਲਵਲੀ ਆਟੋਜ਼ ''ਚ ਗੋਲੀ ਲੱਗਣ ਨਾਲ ਮਰੀ ਕੁੜੀ ਦੇ ਮਾਮਲੇ ''ਚ ਪੁਲਸ ਦੇ ਹੱਥ ਅਜੇ ਵੀ ਖਾਲੀ

12/09/2019 12:32:55 PM

ਜਲੰਧਰ (ਜ.ਬ.)— ਕਰੀਬ 8 ਮਹੀਨੇ ਬਾਅਦ ਵੀ ਥਾਣਾ 8 ਦੀ ਪੁਲਸ ਚਾਚਾ ਗੰਨ ਹਾਊਸ ਦੇ ਮਾਲਕ ਪਿਤਾ-ਪੁੱਤਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਲਵਲੀ ਆਟੋਜ਼ 'ਚ ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਮਨਪ੍ਰੀਤ ਦੇ ਮਾਮਲੇ 'ਚ ਰਿਵਾਲਵਰ ਦੇਣ ਵਾਲੇ ਚਾਚਾ ਗੰਨ ਹਾਊਸ ਦੇ ਮਾਲਕ ਨੇ ਖੁਦ ਨੂੰ ਬਰੀ ਕਰਵਾਉਣ ਲਈ ਪੁਲਸ ਕਮਿਸ਼ਨਰ ਤੋਂ ਇਨਕੁਆਰੀ ਮਾਰਕ ਕਰਵਾਈ ਹੈ, ਜਿਨ੍ਹਾਂ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਲਿਖਤੀ ਰੂਪ 'ਚ ਅਰਜ਼ੀ ਦੇ ਕੇ ਕਿਹਾ ਹੈ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਜੋ ਵੀ ਕੀਤਾ ਉਹ ਕਾਨੂੰਨ ਦੇ ਦਾਇਰੇ 'ਚ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਬੇਕਸੂਰ ਹਾਂ।

ਉਥੇ ਹੀ ਪੁਲਸ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇਕਰ ਇਨਕੁਆਰੀ ਮਾਰਕ ਕੀਤੀ ਗਈ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ। ਉਸ ਦੇ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪਤਾ ਲੱਗਾ ਹੈ ਕਿ ਪੁਲਸ ਉਕਤ ਮਾਲਕ ਨੂੰ ਭਗੌੜਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਉਨ੍ਹਾਂ ਨੇ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਪਿਸਤੌਲ ਦੇਣ ਵਾਲੇ ਪਿਤਾ-ਪੁੱਤਰ ਨੂੰ ਜਲਦ ਹੀ ਪੀ. ਓ. ਐਲਾਨਿਆ ਜਾ ਸਕਦਾ ਹੈ।

ਉਕਤ ਮਾਮਲੇ ਸਬੰਧੀ ਏ. ਸੀ. ਪੀ. ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ, ਉਨ੍ਹਾਂ ਦੇ ਕੋਲ ਕੋਈ ਇਨਕੁਆਰੀ ਨਹੀਂ ਆਈ ਹੈ। ਸੋਮਵਾਰ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਕੋਲ ਕੋਈ ਇਨਕੁਆਰੀ ਆਈ ਹੈ ਜਾਂ ਨਹੀਂ, ਉਸ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪਤਾ ਲੱਗਾ ਹੈ ਕਿ ਪੁਲਸ ਪਿਸਤੌਲ ਦੇਣ ਵਾਲੇ ਪਿਤਾ ਸਰਵਨ ਸਿੰਘ ਅਤੇ ਪੁੱਤਰ ਵਿਕਰਮਜੀਤ ਸਿੰਘ ਨੂੰ ਪੀ. ਓ. ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਦੇ ਵਿਰੁੱਧ ਕੋਰਟ 'ਚ ਅਰਜ਼ੀ ਦਾਇਰ ਕਰ ਰੱਖੀ ਹੈ। ਦੱਸਣਯੋਗ ਹੈ ਕਿ ਕਰੀਬ 8 ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਸ ਕਪੂਰਥਲਾ ਗੰਨ ਹਾਊਸ ਮਾਲਕ ਦੀ ਗ੍ਰਿਫਤਾਰੀ ਵਿਖਾ ਨਹੀਂ ਸਕੀ ਹੈ। ਹਾਲਾਂਕਿ ਪੁਲਸ ਨੂੰ ਪਤਾ ਲੱਗਾ ਹੈ ਕਿ ਪਿਸਤੌਲ ਕਪੂਰਥਲਾ ਦੇ ਉਕਤ ਗੰਨ ਹਾਊਸ ਤੋਂ ਹੀ ਬਾਹਰ ਨਿਕਲੀ ਸੀ, ਜਿਸ ਨਾਲ ਬੀਤੀ 6 ਮਈ ਨੂੰ ਮਨਪ੍ਰੀਤ ਉਰਫ ਵਿੱਕੀ ਨੇ ਨਕੋਦਰ ਚੌਕ ਸਥਿਤ ਲਵਲੀ ਆਟੋਜ਼ ਦੀ ਦੂਜੀ ਮੰਜ਼ਿਲ ਦੀ ਕੰਟੀਨ 'ਚ ਪ੍ਰੇਮਿਕਾ ਨੂੰ ਸ਼ਰੇਆਮ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਗੰਨ ਹਾਊਸ ਦੀ ਮਿਲੀਭੁਗਤ ਨਾਲ ਹੀ ਮਨਪ੍ਰੀਤ ਨੇ ਪਿਸਤੌਲ ਲਈ ਸੀ।

ਰਾਜਨੀਤਕ ਦਬਾਅ ਅਤੇ ਪੁਲਸ ਨਾਲ ਸੈਟਿੰਗ ਕਾਰਨ ਗੰਨ ਹਾਊਸ ਮਾਲਕ ਦੀ ਗ੍ਰਿਫਤਾਰੀ ਨਹੀਂ ਕੀਤੀ
ਸੂਤਰ ਦੱਸਦੇ ਹਨ ਕਿ ਚਾਚਾ ਗੰਨ ਹਾਊਸ ਦੇ ਮਾਲਕ ਵੱਲੋਂ ਪੁਲਸ 'ਤੇ ਸਿਆਸੀ ਦਬਾਅ ਬਣਾਇਆ ਗਿਆ ਸੀ। ਗੰਨ ਹਾਊਸ ਮਾਲਕ ਦੀਆਂ ਉੱਚ ਅਧਿਕਾਰੀਆਂ ਦੇ ਨਾਲ ਨਜ਼ਦੀਕੀਆਂ ਦੇ ਲਿਹਾਜ਼ ਨਾਲ ਪੁਲਸ ਮਾਮਲੇ 'ਚ ਢਿੱਲ ਵਰਤ ਰਹੀ ਸੀ। ਅੰਦਰਖਾਤੇ ਪੁਲਸ ਨੂੰ ਸਾਰੀ ਜਾਣਕਾਰੀ ਹੈ ਕਿ ਗੰਨ ਹਾਊਸ ਮਾਲਕ ਕਿੱਥੇ ਹੈ। ਪੁਲਸ ਨੇ ਦੱਸਿਆ ਕਿ ਜਲੰਧਰ ਪੁਲਸ ਦੀਆਂ ਟੀਮਾਂ ਨੇ ਕਪੂਰਥਲਾ ਦੇ ਗੰਨ ਹਾਊਸ 'ਚ ਛਾਪੇਮਾਰੀ ਕੀਤੀ ਪਰ ਉਸ ਤੋਂ ਪਹਿਲਾਂ ਗੰਨ ਹਾਊਸ ਸਟਾਫ ਅਤੇ ਮਾਲਕ ਉਥੋਂ ਭੱਜ ਗਏ। ਪੁਲਸ ਨੂੰ ਪਤਾ ਲੱਗਾ ਸੀ ਕਿ ਚਾਚਾ ਗੰਨ ਹਾਊਸ 'ਚ ਕਪੂਰਥਲਾ ਦੀ ਮਨਜੀਤ ਕੌਰ ਦੇ ਨਾਂ 'ਤੇ ਅਸਲਾ ਜਮ੍ਹਾ ਸੀ ਪਰ ਕਿਸ ਤਰ੍ਹਾਂ ਅਸਲਾ ਮਨਪ੍ਰੀਤ ਦੇ ਕੋਲ ਪਹੁੰਚਿਆ, ਇਹ ਪਤਾ ਲਾ ਰਹੀ ਹੈ। ਉਥੇ ਥਾਣਾ ਮੁਖੀ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਲਦ ਹੀ ਗੰਨ ਹਾਊਸ ਮਾਲਕ ਨੂੰ ਗ੍ਰਿਫਤਾਰ ਕਰ ਲਵੇਗੀ ਪਰ 8 ਮਹੀਨੇ ਦੇ ਬਾਅਦ ਵੀ ਪੁਲਸ ਗੰਨ ਹਾਊਸ ਦੇ ਮਾਲਕ ਪਿਤਾ-ਪੁੱਤਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ।

shivani attri

This news is Content Editor shivani attri