ਬਾਘਾਪੁਰਾਣਾ ਦੀ ਆਸ਼ਾ ਦੀਆਂ ਆਸਾਂ ਨੂੰ ਪਿਆ ਬੂਰ, ਰਾਤੋ-ਰਾਤ ਬਣ ਗਈ ਕਰੋੜ ਪਤੀ

03/24/2021 11:12:56 PM

ਚੰਡੀਗੜ੍ਹ/ਮੋਗਾ : ਪੰਜਾਬ ਸਟੇਟ ਡੀਅਰ 100 ਮਾਸਿਕ ਲਾਟਰੀ ਨੇ ਕਬਾੜ ਦਾ ਕੰਮ ਕਰਨ ਵਾਲੇ ਪਰਿਵਾਰ ਦੀ ਰਾਤੋ ਰਾਤ ਤਕਦੀਰ ਬਦਲ ਦਿੱਤੀ ਹੈ। ਬਾਘਾਪੁਰਾਣਾ ਦੀ ਰਹਿਣ ਵਾਲੀ ਘਰੇਲੂ ਸੁਆਣੀ ਆਸ਼ਾ ਰਾਣੀ ਨੇ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਆਸ਼ਾ ਨੇ ਅੱਜ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਪਹਿਲਾ ਇਨਾਮ ਜਿੱਤਣ ਤੋਂ ਬਾਅਦ ਬਾਗ਼ੋ-ਬਾਗ ਨਜ਼ਰ ਆ ਰਹੀ ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਫ਼ਨੇ ਵਿਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇਕ ਦਿਨ ਕਰੋੜਪਤੀ ਬਣ ਜਾਵੇਗੀ। ਉਸ ਨੇ ਅੱਗੇ ਕਿਹਾ ਕਿ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਇਹ ਸੁਫ਼ਨਾ ਸਾਕਾਰ ਹੋਣ ਵਾਂਗ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਦੀ ਬਾਘਾਪੁਰਾਣਾ ਵਿਖੇ ਕਬਾੜ ਦੀ ਦੁਕਾਨ ਹੈ ਅਤੇ ਉਸ ਦੇ ਦੋਵੇਂ ਬੇਟੇ ਦੁਕਾਨ ਵਿਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਭੇਜੀ ਦੁੱਗਣੀ ਤਨਖ਼ਾਹ ਪਰ ਨਹੀਂ ਕਢਵਾ ਸਕਣਗੇ ਇਕ ਵੀ ਪੈਸਾ

ਭਵਿੱਖੀ ਯੋਜਨਾ ਬਾਰੇ ਗੱਲ ਕਰਦਿਆਂ ਆਸ਼ਾ ਰਾਣੀ (61) ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਇਨਾਮੀ ਰਾਸ਼ੀ ਨਾਲ ਆਪਣਾ ਨਵਾਂ ਘਰ ਬਣਾਉਣਗੇ ਕਿਉਂਕਿ ਉਨ੍ਹਾਂ ਦਾ ਮੌਜੂਦਾ ਮਕਾਨ ਉਨ੍ਹਾਂ ਦੇ ਵੱਡੇ ਪਰਿਵਾਰ ਲਈ ਬਹੁਤ ਛੋਟਾ ਹੈ ਅਤੇ ਬਾਕੀ ਰਕਮ ਦੀ ਵਰਤੋਂ ਪਰਿਵਾਰਕ ਕਾਰੋਬਾਰ ਦੇ ਵਿਸਥਾਰ ਲਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਵੱਡੀ ਇਨਾਮੀ ਰਾਸ਼ੀ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਦੂਰ ਕਰਨ ਵਿਚ ਅਹਿਮ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ 81 ਫ਼ੀਸਦੀ ਨਮੂਨਿਆਂ ’ਚ ਪਾਇਆ ਗਿਆ ਯੂ.ਕੇ. ਦਾ ਵਾਇਰਸ, ਕੈਪਟਨ ਨੇ ਜਾਰੀ ਕੀਤੀ ਚਿਤਾਵਨੀ

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਿਕਟ ਸੀ-74263 ਦੀ ਜੇਤੂ ਆਸ਼ਾ ਰਾਣੀ ਨੇ ਅੱਜ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸ ਜੇਤੂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤੇ ਵਿਚ ਪਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਮਹਿਕਮੇ ’ਚ ਵੱਡਾ ਫੇਰ-ਬਦਲ, ਕਈ ਅਫ਼ਸਰਾਂ ਦੇ ਤਬਾਦਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh