ਪਿਓ-ਪੁੱਤ ਨੂੰ ਗੰਨ ਪੁਆਇੰਟ 'ਤੇ ਲੁੱਟਣ ਵਾਲੇ ਹਿਸਟਰੀ ਸ਼ੀਟਰ ਮੁਲਜ਼ਮ ਆਏ ਪੁਲਸ ਅੜਿੱਕੇ

06/17/2020 6:14:21 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼, ਸ਼ਰਮਾ, ਗੁਪਤਾ)— ਟਾਂਡਾ ਅਤੇ ਗੜ੍ਹਦੀਵਾਲਾ ਪੁਲਸ ਦੇ ਸਾਂਝੇ ਆਪਰੇਸ਼ਨ 'ਚ ਧੁੱਗਾ ਕਲਾਂ ਦੇ ਕਿਸਾਨ ਪਿਓ-ਪੁੱਤਰ ਨੂੰ ਗੰਨ ਪੁਆਇੰਟ 'ਤੇ ਲੁੱਟਣ ਵਾਲੇ ਹਿਸਟਰੀ ਸ਼ੀਟਰ 2 ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਨੇ ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼ 'ਚ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਡੀ. ਐੱਸ. ਪੀ. ਟਾਂਡਾ ਦਫ਼ਤਰ ਵਿਖੇ ਹੋਈ ਪ੍ਰੈਸ ਕਾਨਫਰੰਸ 'ਚ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਰਮਿੰਦਰ ਸਿੰਘ ਅਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਪੁਲਸ ਦੀ ਇਸ ਸਫ਼ਲਤਾ ਬਾਰੇ ਸਥਾਨਕ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਨੇ ਪਿੰਡ ਧੁੱਗਾ ਕਲਾਂ ਵਿਖੇ ਆਪਣੀ ਮੱਕੀ ਦੀ ਫ਼ਸਲ ਵੇਚ ਕੇ ਵਾਪਸ ਆ ਰਹੇ ਕਿਸਾਨ ਅਮਨਦੀਪ ਸਿੰਘ ਅਤੇ ਉਸ ਦੇ ਪਿਤਾ ਹਰਦੇਵ ਸਿੰਘ ਵਾਸੀ ਧੁੱਗਾ ਕਲਾਂ ਨੂੰ ਗੰਨ ਪੁਆਇੰਟ 'ਤੇ ਲੁੱਟ ਲਿਆ ਸੀ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਐੱਸ. ਐੱਚ. ਓ. ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਐੱਸ. ਐੱਚ. ਓ. ਗੜ੍ਹਦੀਵਾਲਾ ਗਗਨਦੀਪ ਸਿੰਘ ਸੇਖੋਂ ਨੇ ਮੌਕੇ 'ਤੇ ਪਹੁੰਚ ਕੇ ਲੁਟੇਰਿਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ।

ਅਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਟਾਂਡਾ ਮੰਡੀ ਵਿਚ ਆਪਣੀ ਫ਼ਸਲ ਵੇਚ ਕੇ ਵਾਪਸ ਪਿੰਡ ਨੂੰ ਆ ਰਹੇ ਸਨ ਕਿ ਜਦੋਂ ਉਹ ਜੋਹਲਾਂ ਫੋਕਲ ਪੁਆਇੰਟ ਨੇੜੇ ਪੁੱਜੇ ਤਾਂ ਲਾਲ ਰੰਗ ਦੀ ਬ੍ਰੇਜਾ ਕਾਰ ਜਿਸ 'ਤੇ ਪੀ. ਬੀ-37-ਡੀ-4576 ਦੀ ਨੰਬਰ ਪਲੇਟ ਲੱਗੀ ਹੋਈ ਸੀ, 'ਚ ਸਵਾਰ 2 ਨੌਜਵਾਨਾਂ ਨੇ ਟਰੈਕਟਰ ਅੱਗੇ ਗੱਡੀ ਲਗਾ ਕੇ ਰੋਕ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਕੀਮਤੀ ਸਾਮਾਨ ਅਤੇ ਨਕਦੀ ਦੇਣ ਲਈ ਕਿਹਾ।

ਇਹ ਵੀ ਪੜ੍ਹੋ :ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)

ਉਨ੍ਹਾਂ ਵੱਲੋਂ ਵਿਰੋਧ ਕਰਨ 'ਤੇ ਦੋਸ਼ੀਆਂ ਵੱਲੋਂ ਮਾਰਨ ਦੀ ਨੀਅਤ ਨਾਲ ਪਿਸਤੌਲ ਦਾ ਫਾਇਰ ਵੀ ਕੀਤਾ ਗਿਆ ਪਰ ਅਮਨਦੀਪ ਸਿੰਘ ਦਾ ਬਚਾਅ ਹੋ ਗਿਆ। ਲੁਟੇਰਿਆਂ ਨੇ ਉਸ ਦੇ ਪਿਤਾ ਦੀ ਜੇਬ 'ਚ ਮੌਜੂਦ ਕੁੱਲ 800 ਰੁਪਏ ਕੱਢ ਲਏ ਅਤੇ ਫਰਾਰ ਹੋ ਗਏ। ਰੌਲਾ ਪੈਣ 'ਤੇ ਉਸ ਦੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਜੋ ਖੁਦ ਟਰੈਕਟਰ-ਟਰਾਲੀ 'ਤੇ ਜਾ ਰਿਹਾ ਸੀ ਵੱਲੋਂ ਦੋਸ਼ੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪਿੰਡ ਵਾਸੀਆਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਦੋਨਾਂ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ।

ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਂ ਸੁਖਜੀਤ ਸਿੰਘ ਉਰਫ ਸੁੱਖਾ ਉਰਫ ਗੈਂਡਾ ਪੁੱਤਰ ਜਗਦੀਪ ਸਿੰਘ ਵਾਸੀ ਝਿੰਗੜਾਂ ਥਾਣਾ ਮੁਕੰਦਪੁਰ ਨਵਾਂਸ਼ਹਿਰ ਅਤੇ ਕੁਲਦੀਪ ਸਿੰਘ ਉਰਫ ਵਲੈਤੀਆ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਮੋਰੋਂ ਥਾਣਾ ਫਿਲੌਰ ਜ਼ਿਲਾ ਜਲੰਧਰ ਦੱਸਿਆ। ਐੱਸ. ਪੀ. ਨੇ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਧਾਰਾ 307, 394, 323, 341, 269, 270, 271, 34, 53, 54 ਡੀ. ਐੱਮ. ਐਕਟ, 25-54-59 ਅਸਲਾ ਐਕਟ ਅਧੀਨ ਥਾਣਾ ਗੜ੍ਹਦੀਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ

ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਕੋਲੋਂ ਮੁਢਲੀ ਪੁੱਛਗਿੱਛ ਦੌਰਾਨ ਕੁਝ ਹੀ ਦਿਨਾਂ ਵਿਚ ਕੀਤੀਆਂ ਕਈ ਵਾਰਦਾਤਾਂ ਟਰੇਸ ਹੋਈਆਂ ਹਨ, ਜਿਨ੍ਹਾਂ 'ਚ ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਪੈਟਰੋਲ ਪੰਪ ਤੋਂ 5 ਹਜ਼ਾਰ ਰੁਪਏ ਦੀ ਖੋਹ ਦੀ ਵਾਰਦਾਤ, ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਵਿਖੇ ਵੈਸਟਰਨ ਯੂਨੀਅਨ ਤੋਂ 3 ਹਜ਼ਾਰ ਰੁਪਏ ਤੇ ਮੋਬਾਈਲ ਖੋਹਣ ਦੀ ਵਾਰਦਾਤ, ਥਾਣਾ ਮੁੱਲਾਂਪੁਰ ਜ਼ਿਲਾ ਐੱਸ. ਏ. ਐੱਸ. ਨਗਰ 'ਚ ਬਰੇਜਾ ਗੱਡੀ ਅਤੇ ਮੋਬਾਇਲ ਫੋਨ ਖੋਹਣ 'ਤੇ ਥਾਣਾ ਨਾਗਲ ਜ਼ਿਲਾ ਸਹਾਰਨਪੁਰ ਯੂ. ਪੀ. 'ਚ ਕਾਰ ਅਤੇ ਫੋਨ ਖੋਹਣ ਦੀ ਵਾਰਦਾਤ ਸ਼ਾਮਲ ਹਨ।

ਦੋਸ਼ੀਆਂ ਵਿੱਚੋਂ ਕੁਲਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੋਰੋਂ ਦੇ ਖ਼ਿਲਾਫ਼ ਥਾਣਾ ਫਿਲੌਰ 'ਚ ਚਾਰ ਮੁਕੱਦਮੇ, ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ, ਥਾਣਾ ਬੰਗਾ ਸਿਟੀ, ਥਾਣਾ ਸਦਰ ਜਲੰਧਰ, ਥਾਣਾ ਬਲਾਚੌਰ, ਥਾਣਾ ਮੁਕੰਦਪੁਰ ਵਿਚ ਇਕ-ਇਕ ਮੁਕੱਦਮਾ ਦਰਜ ਹੈ। ਇਸ ਤੋਂ ਇਲਾਵਾ ਸੁਖਜੀਤ ਸਿੰਘ ਉਰਫ ਸੁੱਖਾ ਉਰਫ ਗੈਂਡਾ ਪੁੱਤਰ ਜਗਦੀਪ ਸਿੰਘ ਵਾਸੀ ਝਿੰਗੜਾਂ ਖਿਲਾਫ ਥਾਣਾ ਸਦਰ ਬੰਗਾ, ਥਾਣਾ ਸਿਟੀ ਬੰਗਾ ਅਤੇ ਥਾਣਾ ਫਿਲੌਰ ਜ਼ਿਲਾ ਜਲੰਧਰ ਵਿਚ ਇਕ-ਇਕ ਮੁਕੱਦਮਾ ਦਰਜ ਹੈ। ਦੋਸ਼ੀਆਂ ਪਾਸੋਂ ਲਾਲ ਰੰਗ ਦੀ ਬ੍ਰੇਜਾ ਕਾਰ, ਇਕ ਦੇਸੀ ਕੱਟਾ 315 ਬੋਰ ਅਤੇ ਇਕ ਖੋਲ, ਦੇਸੀ ਕੱਟਾ 32 ਬੋਰ ਇੱਕ ਰੌਂਦ ਅਤੇ ਪੰਜ ਮੋਬਾਈਲ ਫੋਨ ਬਰਾਮਦ ਹੋਏ ਹਨ। ਪੁਲਸ ਨੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ BSF ਮੁਲਾਜ਼ਮ ਨਿਕਲਿਆ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 146 ਤੱਕ ਪੁੱਜੀ

shivani attri

This news is Content Editor shivani attri