ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ''ਤੇ ''ਤੀਸਰੀ ਅੱਖ'' ਰੱਖੇਗੀ ਨਿਗ੍ਹਾ

07/19/2017 2:31:30 PM

ਸਮਰਾਲਾ - ਪੰਜਾਬ ਪੁਲਸ 'ਚ ਰਿਸ਼ਵਤ ਲੈ ਕੇ ਕੰਮ ਕਰਨ ਵਾਲੇ ਕਰਮਚਾਰੀ ਤੇ ਅਧਿਕਾਰੀਆਂ ਨੂੰ ਨੱਥ ਪਾਉਣ ਲਈ ਵਿਭਾਗ ਵਲੋਂ ਸਖਤ ਕਦਮ ਚੁੱਕਦਿਆਂ ਫੈਸਲਾ ਲਿਆ ਗਿਆ ਹੈ ਕਿ ਸਾਰੇ ਮੁਲਾਜ਼ਮ ਤੇ ਅਧਿਕਾਰੀ ਆਪਣੀ ਡਿਊਟੀ ਕੈਮਰੇ ਦੀ ਅੱਖ ਹੇਠ ਕਰਨਗੇ, ਜਿਸ ਦੇ ਜ਼ਰੀਏ ਪਲ-ਪਲ ਦੀ ਰਿਪੋਰਟ ਕੰਟਰੋਲ ਰੂਮ ਨੂੰ ਮਿਲਦੀ ਰਹੇਗੀ। ਜਾਣਕਾਰੀ ਅਨੁਸਾਰ ਡਾਇਰੈਕਟਰ ਜਨਰਲ ਪੁਲਸ ਵਲੋਂ ਜਾਰੀ ਪੱਤਰ 'ਚ ਵਿਭਾਗ 'ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਪੱਤਰ ਪੁਲਸ ਕਮਿਸ਼ਨਰ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਤੋਂ ਇਲਾਵਾ ਸਮੂਹ ਇੰਸਪੈਕਟਰ ਜਨਰਲ ਪੁਲਸ ਜ਼ੋਨਲ ਪੰਜਾਬ ਨੂੰ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਿਕ ਸਮੂਹ ਪੁਲਸ ਸਟੇਸ਼ਨਾਂ 'ਚ ਜਿਥੇ ਵੀ ਪੁਲਸ ਕਰਮਚਾਰੀ ਦਫਤਰ 'ਚ ਆਪਣੀ ਡਿਊਟੀ ਨਿਭਾਅ ਰਿਹਾ ਹੈ, ਉਸ ਨੂੰ ਈ-ਸਰਵੇਲੈਂਸ ਰਾਹੀਂ ਨਿਗਰਾਨੀ ਹੇਠ ਲਿਆਉਣ ਲਈ ਇਕ ਕੰਟਰੋਲ ਰੂਮ ਬਣਾਉਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਭ੍ਰਿਸ਼ਟਾਚਾਰ ਸਬੰਧੀ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਕੰਟਰੋਲਿੰਗ ਅਧਿਕਾਰੀ ਦੇ ਧਿਆਨ 'ਚ ਲਿਆਂਦਾ ਜਾਵੇ।
ਜਾਰੀ ਪੱਤਰ 'ਚ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਮੂਹ ਪੁਲਸ ਤੇ ਟ੍ਰੈਫਿਕ ਕਰਮਚਾਰੀਆਂ ਨਾਲ ਮੀਟਿੰਗਾਂ ਕਰਨ ਲਈ ਕਿਹਾ ਗਿਆ ਹੈ ਤੇ ਕਿਹਾ ਕਿ ਸਮੇਂ-ਸਮੇਂ 'ਤੇ ਡਿਊਟੀ ਚੰਗੇ ਤਰੀਕੇ ਨਾਲ ਨਿਭਾਉਣ ਲਈ ਸਮਝਾਇਆ ਜਾਵੇ ਤੇ ਉਨ੍ਹਾਂ ਨੂੰ ਆਪਣੀ ਡਿਊਟੀ ਦੇ ਨਾਲ-ਨਾਲ ਪਬਲਿਕ ਨੂੰ ਜਾਗਰੂਕ ਕਰਨ ਤੇ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ ਦੀ ਡਿਊਟੀ ਇਕ ਥਾਂ ਤੋਂ ਦੂਜੀ ਥਾਂ 'ਤੇ ਨਾ ਲਾਈ ਜਾਵੇ ਤੇ ਉਨ੍ਹਾਂ ਦੀ ਤਾਇਨਾਤੀ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਵੇ।
ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਡਿਊਟੀਆਂ 'ਚ ਫੇਰਬਦਲ ਕੀਤਾ ਜਾਵੇ। ਇਸ ਤੋਂ ਇਲਾਵਾ ਹਰ ਨਵੀਂ ਦਰਖਾਸਤ ਦੀ ਪੜਤਾਲ ਮੁਕੰਮਲ ਕਰਨ ਲਈ ਆਮ ਤੌਰ 'ਤੇ 30 ਦਿਨਾਂ ਦਾ ਸਮਾਂ ਨਿਸ਼ਚਿਤ ਕਰਨ ਲਈ ਵੀ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਦਰਖਾਸਤ ਦੇ ਪੜਤਾਲੀਆ ਅਫਸਰ ਨੂੰ ਪੜਤਾਲ ਦੌਰਾਨ ਬਿਨਾਂ ਕਿਸੇ ਠੋਸ ਲਿਖਤੀ ਕਾਰਨ ਦੇ ਬਦਲਿਆ ਨਹੀਂ ਜਾਵੇਗਾ ਤੇ ਅਗਲੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਪੜਤਾਲੀਆ ਅਫਸਰ ਨੂੰ ਪੜਤਾਲ ਮੁਕੰਮਲ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। 
ਸੌਖਾ ਨਹੀਂ ਹੋਵੇਗਾ ਆਪਣੇ ਹੀ ਖਿਲਾਫ ਲੱਗੇ ਦੋਸ਼ਾਂ ਨੂੰ ਨਿਪਟਾਉਣਾ
ਵਿਭਾਗ ਦੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਆਮ ਪਬਲਿਕ ਵਲੋਂ ਲਾਏ ਦੋਸ਼ਾਂ ਤੋਂ ਛੁਟਕਾਰਾ ਪਾਉਣਾ ਹੁਣ ਸੌਖਾ ਨਹੀਂ ਹੋਵੇਗਾ, ਕਿਉਂਕਿ ਪੱਤਰ 'ਚ ਕਿਹਾ ਗਿਆ ਹੈ ਕਿ ਵੇਖਣ 'ਚ ਆਇਆ ਹੈ ਕਿ ਪੁਲਸ ਕਰਮਚਾਰੀਆਂ ਖਿਲਾਫ ਪ੍ਰਾਪਤ ਹੋਈ ਦਰਖਾਸਤ ਜ਼ਿਆਦਾ ਕਰਕੇ ਹੇਠਲੇ ਪੱਧਰ 'ਤੇ ਹੀ ਦਾਖਲ ਦਫਤਰ ਕਰਕੇ ਸੂਚਨਾ ਉੱਚ ਦਫਤਰ ਨੂੰ ਭੇਜ ਦਿੱਤੀ ਜਾਂਦੀ ਹੈ, ਜਦੋਂਕਿ ਦਰਖਾਸਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਪਬਲਿਕ ਨੂੰ ਇਨਸਾਫ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। 
ਟ੍ਰੈਫਿਕ ਪੁਲਸ ਦੀ ਵਰਦੀ 'ਤੇ ਲੱਗੇਗਾ ਬਾਡੀ ਕੈਮਰਾ
ਨਾਕੇ ਦੌਰਾਨ ਡਿਊਟੀ ਨਿਭਾਉਂਦੇ ਸਮੇਂ ਟ੍ਰੈਫਿਕ ਮੁਲਾਜ਼ਮ ਦੀ ਵਰਦੀ ਉੱਪਰ ਬਾਡੀ ਕੈਮਰਾ ਲਾਉਣ ਦੀ ਹਦਾਇਤ ਦਿੱਤੀ ਗਈ ਹੈ, ਤਾਂ ਜੋ ਪਲ-ਪਲ ਕੀਤੀ ਜਾ ਰਹੀ ਕਾਰਵਾਈ 'ਤੇ ਉੱਚ ਅਧਿਕਾਰੀ ਨਜ਼ਰ ਰੱਖ ਸਕਣ। ਇਸ ਹਦਾਇਤ ਮੁਤਾਬਿਕ ਕਿਹਾ ਗਿਆ ਹੈ ਕਿ ਟ੍ਰੈਫਿਕ ਨਾਕੇ ਦੌਰਾਨ ਜੇ ਕੋਈ ਟ੍ਰੈਫਿਕ ਕਰਮਚਾਰੀ ਪਬਲਿਕ ਨਾਲ ਮਾੜਾ ਵਿਵਹਾਰ ਕਰਦਾ ਹੈ ਜਾਂ ਉਸ 'ਤੇ ਕਿਸੇ ਕਿਸਮ ਦਾ ਪ੍ਰੈੱਸ਼ਰ ਪਾਉਂਦਾ ਹੈ ਜਾਂ ਕੋਈ ਵਿਅਕਤੀ ਪੁਲਸ ਨਾਲ ਮਾੜਾ ਵਿਵਹਾਰ ਕਰਦਾ ਹੈ ਤੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਬੂਤ ਵਜੋਂ ਲਿਆ ਜਾਵੇਗਾ। ਇਸ ਤੋਂ ਇਲਾਵਾ ਜਿੰਨੇ ਵੀ ਕਰਮਚਾਰੀ ਦਫਤਰਾਂ ਵਿਚ, ਜਨਰਲ ਡਿਊਟੀ ਜਾਂ ਫਿਰ ਟ੍ਰੈਫਿਕ ਵਿਚ ਤਾਇਨਾਤ ਹਨ, ਉਹ ਲੋੜ ਅਨੁਸਾਰ ਘੱਟ ਤੋਂ ਘੱਟ ਮੋਬਾਇਲ ਫੋਨ ਦੀ ਵਰਤੋਂ ਕਰਨ ਅਗਰ ਕੋਈ ਸ਼ੱਕੀ ਹੈ ਤਾਂ ਉਸ ਦੀ ਗਤੀਵਿਧੀ ਨੂੰ ਜਾਣਨ ਲਈ ਉਸਦੇ ਮੋਬਾਇਲ 'ਤੇ ਸਰਵੇਲਾਂਸ ਲਾਏ ਜਾਣ ਦੀ ਹਦਾਇਤ ਕੀਤੀ ਗਈ ਹੈ।