ਲੌਂਗੋਵਾਲ ਸਕੂਲ ਵੈਨ ਹਾਦਸਾ : ਕਬਾੜ 'ਚ 20 ਹਜ਼ਾਰ ਰੁਪਏ 'ਚ ਖਰੀਦੀ ਗਈ ਸੀ ਵੈਨ

02/16/2020 10:07:36 AM

ਲੌਂਗੋਵਾਲ (ਵਸ਼ਿਸ਼ਟ, ਵਿਜੇ) : ਸ਼ਨੀਵਾਰ ਨੂੰ ਇਥੇ ਇਕ ਪ੍ਰਾਈਵੇਟ ਸਕੂਲ ਦੀ ਛਕੜਾ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਨੰਨ੍ਹੇ ਮੁੰਨੇ ਬੱਚਿਆਂ ਦੇ ਜਿਊਂਦੇ ਸੜ ਜਾਣ ਦੀ ਦਰਦਨਾਕ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ, ਜਦ ਕਿ 8 ਹੋਰਨਾਂ ਬੱਚਿਆਂ ਨੂੰ ਖੇਤਾਂ ਵਿਚ ਕੰਮ ਕਰਦੇ ਨੇੜਲੇ ਲੋਕਾਂ ਨੇ ਜੱਦੋ ਜਹਿਦ ਕਰਕੇ ਬਾਹਰ ਜਿਊਂਦਾ ਕੱਢ ਲਿਆ। ਜਾਣਕਾਰੀ ਅਨੁਸਾਰ ਸਕੂਲ ਮਾਲਕ ਨੇ ਇਹ ਛਕੜਾ ਵੈਨ ਕੁਝ ਦਿਨ ਪਹਿਲਾਂ ਹੀ ਕਬਾੜ ਵਿਚ 20 ਹਜ਼ਾਰ ਰੁਪਏ 'ਚ ਖਰੀਦੀ ਗਈ ਸੀ ਅਤੇ ਸ਼ਨੀਵਾਰ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ, ਜਿਸ ਵਿਚ ਕੋਈ ਵੀ ਅੱਗ ਬੁਝਾਊ ਯੰਤਰ ਨਹੀਂ ਸੀ।

ਇਹ ਮੰਦਭਾਗੀ ਬੱਸ ਇੱਥੋਂ ਦੀ ਪਿੰਡੀ ਕੇਹਰ ਸਿੰਘ ਵਾਲਾ ਰੋਡ ਤੇ ਚੱਲਦੇ ਸਿਮਰਨ ਪਬਲਿਕ ਸਕੂਲ ਦੀ ਸੀ ।ਜੋ ਕਿ 2 ਵਜੇ ਦੇ ਕਰੀਬ 12 ਬੱਚਿਆਂ ਨੂੰ ਲੈ ਕੇ ਸਕੂਲ ਵਿੱਚੋਂ ਨਿਕਲੀ ਸੀ। ਜਿਵੇਂ ਹੀ ਬੱਸ ਸਕੂਲ ਤੋਂ ਬਾਹਰ ਨਿਕਲੀ ਤਾਂ ਦੂਰ ਤੱਕ ਪੈਟਰੋਲ ਸੜਕ 'ਤੇ ਆਪਣੇ ਨਿਸ਼ਾਨ ਛੱਡਦਾ ਗਿਆ। ਕਰੀਬ 200 ਮੀਟਰ ਦੀ ਦੂਰੀ 'ਤੇ ਜਾ ਕੇ ਇਹ ਵੈਨ ਭਿਆਨਕ ਅੱਗ ਦਾ ਸ਼ਿਕਾਰ ਹੋ ਗਈ। ਮੌਕੇ 'ਤੇ ਜਾ ਕੇ ਦੇਖਿਆ ਤਾਂ ਚਾਰ ਬੱਚੇ ਜਿਨ੍ਹਾਂ ਦੀ ਉਮਰ 3 ਤੋਂ 5 ਸਾਲ ਤੱਕ ਹੋਵੇਗੀ ਅੱਗ ਲੱਗਣ ਕਾਰਨ ਜਿਊਂਦਾ ਸੜ ਕੇ ਹੀ ਮਰ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਹਰ ਕੋਈ ਭੁੱਬਾਂ ਮਾਰ ਉਠਿਆ।

ਤਾਕੀਆਂ ਨਾ ਖੁੱਲ੍ਹਣ ਕਾਰਨ ਸੜੇ ਬੱਚੇ
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘਟਨਾ ਸਥਾਨ ਦੇ ਨੇੜਲੇ ਖੇਤਾਂ ਤੋਂ ਭੱਜੇ ਆਏ ਲੋਕਾਂ ਨੇ ਬੱਚਿਆਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ।ਪਤਾ ਲੱਗਾ ਹੈ ਕਿ ਗੱਡੀ ਦਾ ਡਰਾਈਵਰ ਵੀ ਬੱਚਿਆਂ ਨੂੰ ਬਾਹਰ ਕੱਢਣ ਲਈ ਯਤਨਸ਼ੀਲ ਰਿਹਾ। 8 ਬੱਚਿਆਂ ਨੂੰ ਜਿਊਂਦੇ ਬਾਹਰ ਕੱਢਣ ਵਾਲਿਆਂ ਵਿਚ ਸ਼ਾਮਲ ਜੱਗਾ ਸਿੰਘ, ਭੋਲਾ ਸਿੰਘ ,ਗੁਰਮੁਖ ਸਿੰਘ ਅਤੇ ਗਿਆਨ ਸਿੰਘ ਨੇ ਦੱਸਿਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ 8 ਬੱਚਿਆਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਜਦ ਕਿ 4 ਬੱਚਿਆਂ ਨੂੰ ਬਾਹਰ ਕੱਢਣ ਲੱਗੇ ਤਾਂ ਤਾਕੀਆਂ ਨਾ ਖੁੱਲ੍ਹੀਆਂ ਅਤੇ ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ ਅਤੇ ਇਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ।

ਤਿੰਨ ਬੱਚੇ ਇੱਕੋ ਪਰਿਵਾਰ ਨਾਲ ਸਬੰਧਤ ਸਨ
ਇਸ ਸਕੂਲ ਵੈਨ ਹਾਦਸੇ ਵਿਚ ਮਾਰੇ ਗਏ 4 ਬੱਚਿਆਂ ਵਿਚੋਂ 3 ਬੱਚੇ ਇੱਕੋ ਪਰਿਵਾਰ ਨਾਲ ਸਬੰਧਤ ਸਨ । ਜੋ ਕਿ ਬਾਜਵਾ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿਚ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ ਸਿਮਰਨਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ (ਤਿੰਨੋਂ ਇੱਕੋ ਪਰਿਵਾਰ ਦੇ ਬੱਚੇ) ਅਤੇ ਅਰਾਧਿਆ ਪੁੱਤਰੀ ਸਤਪਾਲ ਹਨ।

ਪਰਿਵਾਰ ਦੀਆਂ ਚੀਕਾਂ ਨਹੀਂ ਦੇਖੀਆਂ ਗਈਆਂ
ਜਿਨ੍ਹਾਂ ਪਰਿਵਾਰਾਂ ਦੇ ਇਸ ਘਟਨਾ ਵਿੱਚ ਬੱਚੇ ਮਾਰੇ ਗਏ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਤਾਂ ਬੇਹੱਦ ਮਾਤਮ ਦਾ ਮਾਹੌਲ ਸੀ ਬੱਚਿਆਂ ਦੇ ਮਾਤਾ ਪਿਤਾ ਤਾਂ ਕਿ ਉੱਥੇ ਹਾਜ਼ਰ ਮੁਹੱਲੇ ਜਾਂ ਪਰਿਵਾਰ ਦੇ ਹੋਰ ਮੈਂਬਰ ਵੀ ਪੱਤਰਕਾਰਾਂ ਨਾਲ ਲੱਗ ਤੱਕ ਨਹੀਂ ਕਰ ਸਕੇ ਜਦ ਕੋਈ ਗੱਲ ਸ਼ੁਰੂ ਕਰਦਾ ਤਾਂ ਮੱਲੋ ਮੱਲੀ ਭੁੱਬਾਂ ਮਾਰ ਰੋ ਉਠਦਾ। ਬਾਜਵਿਆਂ ਦੇ ਪਰਿਵਾਰ ਵਿਚ ਹਰ ਪਾਸੇ ਚੀਕਾਂ ਹੀ ਚੀਕਾਂ ਸਨ ਕਿਉਂਕਿ ਇਸ ਪਰਿਵਾਰ ਨਾਲ ਸਬੰਧਤ ਇਸ ਘਟਨਾ ਵਿਚ ਤਿੰਨ ਬੱਚੇ ਮਾਰੇ ਗਏ।

cherry

This news is Content Editor cherry