ਲੋਕਪਾਲ ਦੇ ਡਰੋਂ ਨਿਗਮ ਨੇ ਸਵੇਰੇ ਵਿਰਾਸਤ ਹਵੇਲੀ ਨੂੰ ਲਾਈ ਸੀਲ, ਸ਼ਾਮ ਨੂੰ ਖੋਲ੍ਹੀ

02/03/2018 6:48:59 AM

ਜਲੰਧਰ, (ਖੁਰਾਣਾ)— ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਤੇ ਲਾਪ੍ਰਵਾਹੀ ਕਾਰਨ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਵਿਚ ਕੁਝ ਨਾਜਾਇਜ਼ ਉਸਾਰੀਆਂ ਦੀ ਜਾਂਚ ਕਰਨ  ਪੰਜਾਬ ਦੇ ਲੋਕਪਾਲ ਦੀ ਇਕ ਟੀਮ 8 ਫਰਵਰੀ ਨੂੰ ਜਲੰਧਰ ਨਗਰ ਨਿਗਮ ਆ ਰਹੀ ਹੈ। ਟੀਮ ਦੇ ਜਲੰਧਰ ਆਉਣ ਦੀ  ਸੂਚਨਾ ਮਿਲਦਿਆਂ ਹੀ ਟੀਮ ਦਾ ਬਿਲਡਿੰਗ ਵਿਭਾਗ ਅੱਜ ਹਰਕਤ ਵਿਚ ਆ ਗਿਆ ਤੇ ਉਸਨੇ ਅੱਜ ਮਾਸਟਰ ਤਾਰਾ ਸਿੰਘ ਨਗਰ ਵਿਚ ਵਿਰਾਸਤ ਹਵੇਲੀ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਪਰ ਹਵੇਲੀ ਮਾਲਕ ਵੱਲੋਂ 2 ਫਰਵਰੀ ਦੀ ਸ਼ਾਮ ਇਕ ਪ੍ਰੋਗਰਾਮ ਦਾ ਹਵਾਲਾ ਦੇ ਕੇ ਇਕ ਦਿਨ ਲਈ ਸੀਲ ਖੁਲ੍ਹਵਾ ਲਈ। 

ਮੌਕੇ 'ਤੇ ਗਈ ਨਗਰ ਨਿਗਮ ਦੀ ਟੀਮ ਦਾ ਹਵੇਲੀ ਮਾਲਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਅਕਾਲੀ ਆਗੂ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਬਿਲਡਿੰਗ 1990 ਦੀ ਬਣੀ ਹੋਈ ਹੈ ਪਰ ਨਿਗਮ ਸਿਆਸੀ ਰੰਜਿਸ਼ ਕਾਰਨ ਕਾਰਵਾਈ ਕਰ ਰਿਹਾ ਹੈ।  
ਜ਼ਿਕਰਯੋਗ ਹੈ ਕਿ ਵਿਰਾਸਤ ਹਵੇਲੀ ਨੂੰ ਕਰੀਬ ਡੇਢ ਦੋ ਸਾਲ ਪਹਿਲਾਂ ਹੀ ਮੋਹਨ ਪੈਲੇਸ ਨੇੜੇ ਖੋਲ੍ਹਿਆ ਗਿਆ ਸੀ। ਉਸ ਵੇਲੇ ਇਸ ਨਿਰਮਾਣ ਨੂੰ ਲੈ ਕੇ ਕਾਫੀ ਰੌਲਾ ਪਿਆ ਸੀ ਤੇ ਅਕਾਲੀ ਦਲ ਦੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਵੀ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਸ ਵੇਲੇ ਇਕ ਆਰ. ਟੀ. ਆਈ. ਐਕਟੀਵਿਸਟ ਨੇ ਨਗਰ ਨਿਗਮ ਨੂੰ ਇਸ ਹਵੇਲੀ ਬਾਰੇ ਕਈ ਸ਼ਿਕਾਇਤਾਂ ਦਿੱਤੀਆਂ ਪਰ ਸਿਆਸੀ ਦਖਲਅੰਦਾਜ਼ੀ ਕਾਰਨ ਨਗਰ ਨਿਗਮ ਨੇ ਇਸ ਹਵੇਲੀ ਰੈਸਟੋਰੈਂਟ 'ਤੇ ਕੋਈ ਕਾਰਵਾਈ ਨਹੀਂ ਕੀਤੀ।  ਤਦ ਆਰ. ਟੀ. ਆਈ. ਐਕਟੀਵਿਸਟ ਨੇ ਇਸ ਸਬੰਧੀ ਲੋਕਪਾਲ ਕੋਲ ਸ਼ਿਕਾਇਤ ਭੇਜ ਦਿੱਤੀ। ਲੋਕਪਾਲ ਵੱਲੋਂ  ਨਿਰਦੇਸ਼ ਆਉਂਦਿਆਂ ਹੀ ਅੱਜ ਨਗਰ ਨਿਗਮ ਦੀ ਟੀਮ ਨੇ ਮੌਕੇ 'ਤੇ ਜਾ ਕੇ ਹਵੇਲੀ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਨੂੰ ਇਕ ਪ੍ਰੋਗਰਾਮ ਦੀ ਬੁਕਿੰਗ ਕਾਰਨ ਸੀਲ ਨੂੰ ਅਸਥਾਈ ਤੌਰ 'ਤੇ ਖੋਲ੍ਹਿਆ ਗਿਆ ਹੈ ਤੇ ਸ਼ਨੀਵਾਰ ਨੂੰ ਦੁਬਾਰਾ ਸੀਲ ਲਾ ਦਿੱਤੀ ਜਾਵੇਗੀ। 

ਨਿਗਮ ਕਮਿਸ਼ਨਰ ਲੋਕਪਾਲ ਵੱਲੋਂ ਤਲਬ
ਇਹ ਪਤਾ ਲੱਗਾ ਹੈ ਕਿ ਪੰਜਾਬ ਦੇ ਲੋਕਪਾਲ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ 6 ਫਰਵਰੀ ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਰਾਸਤ ਹਵੇਲੀ 'ਤੇ ਕੋਈ ਕਾਰਵਾਈ ਨਾ ਹੁੰਦੀ ਵੇਖ ਆਰ. ਟੀ. ਆਈ. ਐਕਟੀਵਿਸਟ ਨੇ ਕਮਿਸ਼ਨਰ ਦਾ ਨਾਂ ਲੈ ਕੇ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਲੋਕਪਾਲ ਨੇ ਜਲੰਧਰ ਨਿਗਮ ਦੇ ਕਮਿਸ਼ਨਰ ਡਾ. ਬਸੰਤ  ਗਰਗ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਫਰਮਾਨ ਸੁਣਾਇਆ । ਹੁਣ ਵੇਖਣਾ ਹੈ ਕਿ ਲੋਕਪਾਲ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ। 
ਹੋਟਲ ਇੰਦਰਪ੍ਰਸਥ ਦੇ ਨੇੜੇ ਦੁਕਾਨ ਤੋੜੀ
ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਇੰਸਪੈਕਟਰ ਅਜੀਤ ਸ਼ਰਮਾ ਦੀ ਅਗਵਾਈ ਵਿਚ ਹੋਟਲ ਇੰਦਰਪ੍ਰਸਥ ਨੇੜੇ ਬਣੀ ਇਕ ਨਾਜਾਇਜ਼ ਦੁਕਾਨ ਨੂੰ ਵੀ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਬਿਲਡਿੰਗ ਬਾਰੇ ਵੀ ਲੋਕਪਾਲ ਨੂੰ ਸ਼ਿਕਾਇਤ ਭੇਜੀ ਗਈ ਸੀ। ਇੰਸਪੈਕਟਰ ਅਜੀਤ ਸ਼ਰਮਾ ਵੱਲੋਂ ਅੱਜ ਅਜੀਤ ਨਗਰ ਵਿਚ ਬਣੀਆਂ 2 ਹੋਰ ਦੁਕਾਨਾਂ 'ਤੇ ਵੀ ਕਾਰਵਾਈ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ। 
ਮੋਤਾ ਸਿੰਘ ਨਗਰ ਮਾਰਕੀਟ ਦੇ ਹੋਟਲ ਦਾ ਮਾਮਲਾ ਵੀ ਭਖਿਆ
ਲੋਕਪਾਲ ਦੇ ਕੋਲ ਸ਼ਹਿਰ ਵਿਚ ਹੋਈਆਂ ਨਾਜਾਇਜ਼ ਉਸਾਰੀਆਂ ਬਾਰੇ ਕਈ ਸ਼ਿਕਾਇਤਾਂ ਪੈਂਡਿੰਗ ਹਨ। ਕਰੀਬ 15 ਸ਼ਿਕਾਇਤਾਂ ਦੇ ਹੱਲ ਲਈ ਲੋਕਪਾਲ ਦੀ ਟੀਮ 8 ਫਰਵਰੀ ਨੂੰ ਜਲੰਧਰ ਆ ਕੇ ਜਾਂਚ ਕਰੇਗੀ। ਜਾਂਚ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਿਆ ਜਾਵੇਗਾ ਕਿ ਇਨ੍ਹਾਂ ਸ਼ਿਕਾਇਤਾਂ ਨੂੰ ਖਤਮ ਕਰਨਾ ਹੈ ਜਾਂ ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਦੇ ਹੁਕਮ ਦਿੱਤੇ ਜਾਂਦੇ ਹਨ। ਸੂਤਰ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਮੋਤਾ ਸਿੰਘ ਨਗਰ ਮਾਰਕੀਟ ਵਿਚ ਇਕ ਬੂਥ 'ਤੇ ਨਾਜਾਇਜ਼ ਕਬਜ਼ਾ ਕਰਕੇ 5 ਮੰਜ਼ਿਲਾ ਹੋਟਲ ਬਣਾ ਦਿੱਤਾ ਗਿਆ। ਜਿਸ ਬਾਰੇ ਮਾਰਕੀਟ ਦੇ ਕਈ ਦੁਕਾਨਦਾਰਾਂ ਤੇ ਹੋਰਨਾਂ ਨੇ ਨਿਗਮ ਨੂੰ ਦਰਜਨਾਂ ਸ਼ਿਕਾਇਤਾਂ ਕੀਤੀਆਂ ਪਰ ਨਿਗਮ ਨੇ ਉਸ ਹੋਟਲ 'ਤੇ ਕੋਈ ਐਕਸ਼ਨ ਨਹੀਂ ਲਿਆ। ਹੁਣ ਲੋਕਪਾਲ ਦੀ ਟੀਮ ਸਾਹਮਣੇ ਇਸ ਹੋਟਲ ਦੇ ਨਾਜਾਇਜ਼ ਨਿਰਮਾਣ ਤੇ ਇਸ ਵਿਚ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਦਾ ਮਾਮਲਾ ਵੀ ਉਠਾਇਆ ਜਾ ਸਕਦਾ ਹੈ।