8 ਲੋਕ ਸਭਾ ਸੀਟਾਂ ''ਤੇ ਉਪ ਚੋਣਾਂ ਦੀ ਤਿਆਰੀ ''ਚ ਜੁਟੀ ਭਾਜਪਾ

12/26/2017 1:35:42 PM

ਜਲੰਧਰ/ਦੇਸ਼ (ਪਾਹਵਾ)—ਗੁਜਰਾਤ ਵਿਚ ਉਮੀਦ ਤੋਂ ਘੱਟ ਫਰਕ ਨਾਲ ਜਿੱਤ ਹਾਸਲ ਕਰਨ ਪਿੱਛੋਂ ਭਾਜਪਾ ਹੁਣ ਲੋਕ ਸਭਾ ਦੀਆਂ 8 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਜੁਟ ਗਈ ਹੈ। ਇਹ ਚੋਣਾਂ 18 ਫਰਵਰੀ ਤਕ ਕਰਵਾਈਆਂ ਜਾਣੀਆਂ ਜ਼ਰੂਰੀ ਹਨ। ਭਾਜਪਾ ਸਾਹਮਣੇ ਇਨ੍ਹਾਂ ਵਿਚੋਂ 2 ਸੀਟਾਂ 'ਤੇ ਆਪਣਾ ਕਬਜ਼ਾ ਕਾਇਮ ਰੱਖਣ ਦੀ ਵੱਡੀ ਚੁਣੌਤੀ ਹੈ। 
ਫਰਵਰੀ ਤੱਕ ਉਪ ਚੋਣ ਕਰਵਾਉਣੀ ਕਿਉਂ ਹੈ ਜ਼ਰੂਰੀ?
ਸੰਵਿਧਾਨਿਕ ਨਿਯਮਾਂ ਮੁਤਾਬਕ ਕੋਈ ਵੀ ਸੀਟ ਖਾਲੀ ਹੋਣ ਤੋਂ 6 ਮਹੀਨਿਆਂ ਅੰਦਰ ਉੱਥੇ ਉਪ ਚੋਣ ਕਰਵਾਉਣੀ ਜ਼ਰੂਰੀ ਹੈ। ਇਸ ਪੱਖੋਂ ਦੇਖੀਏ ਤਾਂ 8 ਵਿਚੋਂ 6 ਸੀਟਾਂ 'ਤੇ ਉਪ ਚੋਣ ਕਰਵਾਉਣ ਦੀ ਵੱਧ ਤੋਂ ਵੱਧ ਸਮਾਂ ਹੱਦ ਫਰਵਰੀ 2018 ਹੈ। ਹਾਲਾਤ ਆਮ ਵਾਂਗ ਨਾ ਹੋਣ ਕਾਰਨ ਅਨੰਤਨਾਗ ਦੀ ਉਪ ਚੋਣ ਪਹਿਲਾਂ ਵੀ ਇਕ ਵਾਰ ਟਾਲੀ ਜਾ ਚੁੱਕੀ ਹੈ। ਭੰਡਾਰਾ ਗੋਂਦੀਆ ਵਿਖੇ ਵੀ ਸਮੇਂ ਸਿਰ ਹੀ ਚੋਣ ਹੋ ਜਾਏਗੀ।
ਇਹ ਹਨ 8 ਸੀਟਾਂ
1. ਅਜਮੇਰ (ਰਾਜਸਥਾਨ)
2. ਅਲਵਰ (ਰਾਜਸਥਾਨ)
3. ਗੋਰਖਪੁਰ (ਯੂ. ਪੀ.)
4. ਫੂਲਪੁਰ (ਯੂ. ਪੀ.)
5. ਅਰਰੀਆ (ਬਿਹਾਰ)
6. ਅਨੰਤਨਾਗ (ਜੰਮੂ-ਕਸ਼ਮੀਰ)
7. ਉਲੂਬੇਰੀਆ (ਪੱ. ਬੰਗਾਲ)
8. ਭੰਡਾਰਾ ਗੋਂਦੀਆ (ਮਹਾਰਾਸ਼ਟਰ)
ਕਿਉਂ ਖਾਲੀ ਹੋਈਆਂ ਹਨ ਇਹ ਸੀਟਾਂ?
ਅਜਮੇਰ ਸੀਟ ਭਾਜਪਾ ਦੇ ਸਾਬਕਾ ਐੱਮ. ਪੀ. ਸਾਂਵਰ ਲਾਲ ਜਾਟ ਦਾ ਇਸ ਸਾਲ ਅਗਸਤ ਵਿਚ ਦਿਹਾਂਤ ਹੋਣ ਕਾਰਨ ਖਾਲੀ ਹੋਈ ਸੀ। ਅਲਵਰ ਦੀ ਸੀਟ ਮਹੰਤ ਚਾਂਦ ਨਾਥ ਦੇ ਸਤੰਬਰ 'ਚ ਦਿਹਾਂਤ ਪਿੱਛੋਂ ਖਾਲੀ ਹੋਈ ਸੀ। ਯੋਗੀ ਆਦਿਤਿਆਨਾਥ ਦੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਤੇ ਕੇਸ਼ਵ ਪ੍ਰਸਾਦ ਮੋਰੀਆ ਦੇ ਉਪ ਮੁੱਖ ਮੰਤਰੀ ਬਣਨ ਪਿੱਛੋਂ ਕ੍ਰਮਵਾਰ ਗੋਰਖਪੁਰ ਅਤੇ ਫੂਲਪੁਰ ਦੀਆਂ ਸੀਟਾਂ ਖਾਲੀ ਹੋਈਆਂ ਸਨ। ਦੋਵਾਂ ਨੇ ਇਸ ਸਾਲ ਅਗਸਤ ਵਿਚ ਲੋਕ ਸਭਾ ਦੇ ਮੈਂਬਰਾਂ ਵਜੋਂ ਅਸਤੀਫਾ ਦਿੱਤਾ ਸੀ। 
ਅਰਰੀਆ ਦੀ ਸੀਟ ਰਾਸ਼ਟਰੀ ਜਨਤਾ ਦਲ ਦੇ ਐੱਮ. ਪੀ. ਤਸਲੀਮੂਦੀਨ ਅਤੇ ਉਲੂਬੇਰੀਆ ਦੀ ਸੀਟ ਤ੍ਰਿਣਮੂਲ ਕਾਂਗਰਸ ਦੇ ਐੱਮ. ਪੀ. ਸੁਲਤਾਨ ਅਹਿਮਦ ਦੀ ਸਤੰਬਰ 'ਚ ਮੌਤ ਹੋਣ ਕਾਰਨ ਖਾਲੀ ਹੋਈ ਸੀ। ਭਾਜਪਾ ਦੇ ਐੱਮ. ਪੀ. ਨਾਨਾਭਾਊ ਵਲੋਂ ਕੁੱਝ ਸਮਾਂ ਪਹਿਲਾਂ ਭਾਜਪਾ ਨੂੰ ਛੱਡ ਦੇਣ ਕਾਰਨ ਅਤੇ ਨਾਲ ਹੀ ਐੱਮ. ਪੀ. ਵਜੋਂ ਅਸਤੀਫਾ ਦੇਣ ਕਾਰਨ ਭੰਡਾਰਾ ਗੋਂਦੀਆ ਦੀ ਸੀਟ ਖਾਲੀ ਹੋ ਗਈ ਸੀ। 
ਕੁਝ ਇਹ ਚਿਹਰੇ ਵੀ ਹਨ ਮੈਦਾਨ 'ਚ
ਕਾਂਗਰਸ ਦੇ ਸੂਤਰਾਂ ਨੇ ਇਸ਼ਾਰਿਆਂ 'ਚ ਦੱਸਿਆ ਕਿ 2014 ਦੀਆਂ ਚੋਣਾਂ 'ਚ ਰਾਜਸਥਾਨ ਤੋਂ ਹਾਰੇ ਸੂਬਾਈ ਪ੍ਰਧਾਨ ਸਚਿਨ ਪਾਇਲਟ ਨੂੰ ਪਾਰਟੀ ਅਜਮੇਰ ਤੋਂ ਅਤੇ ਭੰਵਰ ਸਿੰਘ ਨੂੰ ਅਲਵਰ ਤੋਂ ਮੁੜ ਟਿਕਟ ਦੇਵੇਗੀ। ਭਾਜਪਾ ਦੇ ਸੂਤਰਾਂ ਮੁਤਾਬਕ ਵਸੁੰਧਰਾ ਸਰਕਾਰ 'ਚ ਕੈਬਨਿਟ ਮੰਤਰੀ ਜਸਵੰਤ ਨੂੰ ਅਲਵਰ ਤੋਂ ਅਤੇ ਸਾਂਵਰ ਲਾਲ ਦੇ ਪੁੱਤਰ ਰਾਮ ਸਵਰੂਪ ਨੂੰ ਅਜਮੇਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਭਾਜਪਾ ਲਈ ਗੋਰਖਪੁਰ ਅਤੇ ਫੂਲਪੁਰ ਸੀਟਾਂ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਦੋਵਾਂ ਸੀਟਾਂ 'ਚੋਂ ਗੋਰਖਪੁਰ ਦੀ ਜਿੱਤ ਤਾਂ ਬਹੁਤੀ ਔਖੀ ਨਹੀਂ ਲੱਗ ਰਹੀ ਪਰ ਫੂਲਪੁਰ 'ਚ ਜਿੱਤ ਸੌਖੀ ਨਹੀਂ ਹੈ। ਇਥੇ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ 'ਚ ਪਾਰਟੀ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ।