ਲੁਧਿਆਣਾ ''ਚ ''ਕਮਲ'' ਦੀ ਹੋਵੇਗੀ ਸਰਦਾਰੀ, ''ਤੱਕੜੀ ਜਾਵੇਗੀ ਅੰਮ੍ਰਿਤਸਰ!

08/21/2018 3:46:50 PM

ਲੁਧਿਆਣਾ : ਅਕਾਲੀ ਦਲ ਤੇ ਭਾਜਪਾ ਦੀ ਲੀਡਰਸ਼ਿਪ ਦਾ ਲੁਧਿਆਣਾ ਲੋਕ ਸਭਾ ਸੀਟ ਦਾ ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਅਦਲਾ-ਬਦਲੀ ਕਰਨ ਦਾ ਫੈਸਲਾ ਲਗਭਗ ਸਿਰੇ ਚੜ੍ਹ ਗਿਆ ਹੈ। ਅਕਾਲੀ ਦਲ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮਨਜਿੰਦਰ ਸਿੰਘ ਸਿਰਸਾ ਤੇ ਬਿਕਰਮ ਸਿੰਘ ਮਜੀਠੀਆ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਜਿੱਤਣ ਵਾਲੇ ਆਗੂ ਨੂੰ ਉਮੀਦਵਾਰ ਬਣਇਆ ਜਾ ਸਕੇ। ਇਸੇ ਤਰ੍ਹਾਂ ਲੁਧਿਆਣਾ ਲੋਕ ਸਭਾ ਹਲਕਾ ਇਸ ਵਾਰ ਭਾਜਪਾ ਦੇ ਖਾਤੇ 'ਚ ਜਾਵੇਗਾ ਤੇ ਚੋਣ ਕੌਣ ਲ਼ੜੇਗਾ, ਇਹ ਅਜੇ ਬੁਝਾਰਤ ਬਣੀ ਹੋਈ ਹੈ ਪਰ ਫਿਲਮੀ ਹੀਰੋ ਬਾਰੇ ਜੋ ਚਰਚਾ ਹੈ, ਉਸ 'ਚ ਜ਼ਰਾ ਵੀ ਸੱਚਾਈ ਨਹੀਂ, ਕਿਉਂਕਿ ਅਕਸ਼ੈ ਕੁਮਾਰ ਨੇ ਇੰਗਲੈਂਡ ਦੀ ਨਾਗਰਿਕਤਾ ਲਈ ਹੋਈ ਹੈ, ਜਦੋਂ ਕਿ ਸੰਨੀ ਦਿਓਲ ਤੌਬਾ ਕਰ ਚੁੱਕਾ ਹੈ, ਜਿਸ ਕਾਰਨ ਭਾਜਪਾ ਕਿਸੇ ਵੱਡੇ ਆਗੂ ਜਾਂ ਸਥਾਨਕ ਨੇਤਾ 'ਤੇ ਸਰਚ ਮਾਰ ਰਹੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਉਸ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ, ਜੋ ਲੁਧਿਆਣਾ ਨਾਲ ਸਬੰਧ ਰੱਖਦਾ ਹੋਵੇ, ਨਹੀਂ ਤਾਂ ਹਾਰ-ਜਿੱਤ ਤੋਂ ਬਾਅਦ ਲੋਕਾਂ ਦੀਆਂ ਗੱਲਾਂ 'ਤੇ ਪਾਰਟੀ ਦੀ ਬਦਨਾਮੀ ਲੀਡਰਾਂ ਸਿਰ ਹੋਵੇਗੀ। ਬਾਕੀ ਸੂਬੇ ਦੀ ਵੰਡ ਤੋਂ ਬਾਅਦ ਲੁਧਿਆਣਾ 'ਚ ਲੋਕ ਸਭਾ ਚੋਣਾਂ ਤੱਕੜੀ ਦਾ ਮੁਕਾਬਲਾ ਹੱਥ ਪੰਜੇ ਨਾਲ ਹੁੰਦਾ ਰਿਹਾ ਹੈ ਪਰ ਹੁਣ ਅਦਲਾ-ਬਦਲੀ ਦੇ ਚੱਲਦਿਆਂ ਤੱਕੜੀ ਨਾਲ ਨਹੀਂ ਕਮਲ ਨਾਲ ਹੱਥ ਪੰਜਾ ਭਿੜੇਗਾ।