ਅਕਾਲੀਆਂ ਦੇ ਪੋਸਟਰਾਂ 'ਚੋਂ ਭਾਜਪਾਈ ਸਥਾਨਕ ਲੀਡਰਸ਼ਿਪ ਗਾਇਬ!

05/03/2019 12:23:59 PM

ਜਲੰਧਰ (ਬੁਲੰਦ)—ਲੋਕ ਸਭਾ ਚੋਣਾਂ 'ਚ ਜਲੰਧਰ ਸੀਟ ਤੋਂ ਸ਼੍ਰੋਅਦ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਲਈ ਜ਼ਮੀਨੀ ਪੱਧਰ 'ਤੇ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਅਸਲ 'ਚ ਲਗਾਤਾਰ ਭਾਜਪਾ ਦੇ ਨੇਤਾਵਾਂ ਵਲੋਂ ਇਹ ਦੋਸ਼ ਅਕਾਲੀ ਦਲ 'ਤੇ ਲਾਏ ਜਾ ਰਹੇ ਹਨ ਕਿ ਜਿੰਨੇ ਵੀ ਪ੍ਰੋਗਰਾਮ, ਬੈਠਕਾਂ ਜਾਂ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਲਈ ਸਾਰਾ ਖਰਚਾ ਵਰਕਰਾਂ ਨੂੰ ਆਪਣੀਆਂ ਜੇਬਾਂ 'ਚੋਂ ਕਰਨਾ ਪੈ ਰਿਹਾ ਹੈ।

ਗੱਠਜੋੜ ਦੇ ਜਲੰਧਰ ਤੋਂ ਉਮੀਦਵਾਰ ਆਪਣੇ ਹੱਥ ਖਿੱਚ ਕੇ ਬੈਠੇ ਹਨ, ਜਿਸ ਕਾਰਨ ਭਾਜਪਾ ਦੇ ਵਰਕਰ ਤੇ ਨੇਤਾ ਅਕਾਲੀ ਦਲ ਦੇ ਨਾਲ ਖੁੱਲ੍ਹ ਕੇ ਨਹੀਂ ਚਲ ਪਾ ਰਹੇ ਤੇ ਨਿਰਾਸ਼ ਦਿਖਾਈ ਦੇ ਰਹੇ ਹਨ। ਇਸੇ ਦਾ ਨਤੀਜਾ ਲਗਾਤਾਰ ਦੋਵਾਂ ਪਾਰਟੀਆਂ 'ਚ ਵੱਧਦੀ ਨਾਰਾਜ਼ਗੀ ਦੇ ਤੌਰ 'ਤੇ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਅਕਾਲੀ ਦਲ ਵਲੋਂ ਕਰਵਾਈਆਂ ਜਾ ਰਹੀਆਂ ਜ਼ਿਆਦਾਤਰ ਬੈਠਕਾਂ ਤੇ ਹੋਰ ਪ੍ਰੋਗਰਾਮਾਂ 'ਚ ਲਾਏ ਜਾਣ ਵਾਲੇ ਹੋਰਡਿੰਗਜ਼ ਤੇ ਫਲੈਕਸਾਂ 'ਚ ਭਾਜਪਾ ਦੀ ਜਲੰਧਰ ਇਕਾਈ ਦੇ ਸੀਨੀਅਰ ਨੇਤਾਵਾਂ ਦੀਆਂ ਤਸਵੀਰਾਂ ਗਾਇਬ ਦਿਖਾਈ ਦੇ ਰਹੀਆਂ ਹਨ। ਜ਼ਿਆਦਾਤਰ ਫਲੈਕਸਾਂ 'ਚ ਸਿਰਫ ਮੋਦੀ ਜਾਂ ਪੰਜਾਬ ਪ੍ਰਧਾਨ ਮਲਿਕ ਦੀਆਂ ਤਸਵੀਰਾਂ ਹੀ ਦਿਖਾਈ ਦਿੰਦੀਆਂ ਹਨ। ਬਾਕੀ ਚਿਹਰੇ ਅਕਾਲੀ ਦਲ ਦੇ ਹੀ ਹੁੰਦੇ ਹਨ। ਉਧਰ, ਬੈਠਕਾਂ 'ਚ ਵੀ ਭਾਜਪਾ ਦੇ ਇਕ-ਦੋ ਚਿਹਰੇ ਹੀ ਦਿਖਾਈ ਦੇ ਰਹੇ ਹਨ। ਜ਼ਿਆਦਾਤਰ ਭਾਜਪਾ ਨੇਤਾ ਅਟਵਾਲ ਦੀਆਂ ਚੋਣ ਬੈਠਕਾਂ 'ਚ ਸਿਰਫ ਨਾਂ ਦੀ ਹਾਜ਼ਰੀ ਲਗਵਾਉਣ ਹੀ ਪਹੁੰਚਦੇ ਨਜ਼ਰ ਆਉਂਦੇ ਹਨ।

ਤਾਜ਼ਾ ਸੂਚਨਾ 'ਤੇ ਯਕੀਨ ਕਰੀਏ ਤਾਂ 10 ਤਰੀਕ ਨੂੰ ਜਲੰਧਰ 'ਚ ਅਟਵਾਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਲੰਧਰ ਪਹੁੰਚ ਰਹੇ ਹਨ। ਇਸ ਲਈ ਬੀਤੇ ਦਿਨੀਂ ਗੱਠਜੋੜ ਦੀ ਬੈਠਕ ਹੋਈ ਸੀ, ਜਿਸ 'ਚ ਸਾਰੇ ਹਲਕਿਆਂ ਦੇ ਨੇਤਾਵਾਂ ਨੂੰ ਆਪਣੇ ਆਪਣੇ ਹਲਕੇ 'ਚ ਰੈਲੀ ਕਰਵਾਉਣ ਨੂੰ ਕਿਹਾ ਗਿਆ ਸੀ। ਇਸ ਦੌਰਾਨ ਭਾਜਪਾ ਦੇ ਨੇਤਾਵਾਂ ਨੂੰ ਵੀ ਉਨ੍ਹਾਂ ਦੇ ਹਲਕਿਆਂ 'ਚ ਰੈਲੀਆਂ ਦਾ ਆਯੋਜਨ ਕਰਨ ਨੂੰ ਕਿਹਾ ਗਿਆ ਤਾਂ ਇਕ ਸੀਨੀਅਰ ਭਾਜਪਾ ਨੇਤਾ ਨੇ ਬੈਠਕ 'ਚ ਸਾਫ ਕਿਹਾ ਕਿ ਰੈਲੀ ਦਾ ਆਯੋਜਨ ਤਾਂ ਉਹ ਕਰਵਾ ਲੈਣਗੇ ਪਰ ਉਸ 'ਤੇ ਆਉਣ ਵਾਲਾ ਟੈਂਟ, ਸਾਊਂਡ, ਸਟੇਜ ਆਦਿ ਦਾ ਸਾਰਾ ਖਰਚਾ ਪਾਰਟੀ ਉਮੀਦਵਾਰ ਨੂੰ ਦੇਣਾ ਹੋਵੇਗਾ, ਜਿਸ ਤੋਂ ਬਾਅਦ ਹੋਰ ਭਾਜਪਾ ਨੇਤਾਵਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ। ਅਖੀਰ ਪਾਰਟੀ ਉਮੀਦਵਾਰ ਨੂੰ ਇਸ 'ਤੇ ਸਹਿਮਤੀ ਦੇਣੀ ਪਈ।

Shyna

This news is Content Editor Shyna