ਲੋਕ ਸਭਾ ਚੋਣਾਂ 2019 : ਜਾਣੋ ਕਿਹੜੇ-ਕਿਹੜੇ ਸਿਆਸੀ ਦਿੱਗਜਾਂ ਨੇ ਪਾਈ ਵੋਟ

05/19/2019 4:14:22 PM

ਜਲੰਧਰ (ਵੈੱਬ ਡੈਸਕ) : ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆਪਣੀ ਨਵੀਂ ਸਰਕਾਰ ਚੁਣ ਰਿਹਾ ਹੈ। ਅੱਜ ਆਖਰੀ 7ਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਦੇਸ਼ ਦੀ ਇਸ 17ਵੀਂ ਲੋਕ ਸਭਾ ਚੋਣ 'ਚ ਵੱਖੋ-ਵੱਖ ਸੂਬਿਆਂ 'ਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇਥੇ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ। ਆਮ ਜਨਤਾ ਦੇ ਨਾਲ-ਨਾਲ ਸ਼ਹਿਰ ਦੇ ਦਿੱਗਜ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ 'ਤੇ ਪੁੱਜ ਰਹੇ ਹਨ। ਹੁਣ ਤੱਕ ਇਹ ਦਿੱਗਜ ਵੋਟਾਂ ਪਾ ਚੁੱਕੇ ਹਨ—

ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ 172 ਨੰਬਰ ਬੂਥ 'ਤੇ ਪਹੁੰਚ ਕੇ ਆਪਣੇ ਵੋਟ ਦੇ ਹੱਕ ਦੇ ਵਰਤੋਂ ਕੀਤੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। 'ਜਗ ਬਾਣੀ' ਨਾਲ ਸੰਤੋਖ ਸਿੰਘ ਚੌਧਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੁਬਾਰਾ ਫਿਰ ਇਸ ਸੀਟ 'ਤੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ। ਪੰਜਾਬ ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸੀਟਾਂ 'ਤੇ ਕਾਂਗਰਸ ਜਿੱਤੇਗੀ।

ਇਸੇ ਤਰ੍ਹਾਂ ਪੰਜਾਬੀ ਗਾਇਕ ਹੰਸ ਰਾਜ ਹੰਸ ਵੀ ਵੋਟ ਪਾਉਣ ਲਈ ਦਿੱਲੀ ਤੋਂ ਜਲੰਧਰ ਪਹੁੰਚ ਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਯੁਵਰਾਜ ਹੰਸ ਵੀ ਮੌਜੂਦ ਸਨ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ। 

ਮਾਝਾ 'ਚ ਇਨ੍ਹਾਂ ਸਿਆਸੀ ਦਿੱਗਜ਼ਾ ਨੇ ਪਾਈ ਵੋਟ 
ਕੈਬਨਿਟ ਮੰਤਰੀ ਨਵਜੋਤ ਸਿੰਘ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਸਮੇਤ ਅੰਮ੍ਰਿਤਸਰ ਦੇ ਬੂਥ ਨੰਬਰ 134 'ਤੇ ਪਹੁੰਚੇ। ਇਥੇ ਉਨ੍ਹਾਂ ਨੇ ਆਪਣੀ ਪਤਨੀ ਸਮੇਤ ਵੋਟ ਪਾਈ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਵੀ ਆਪਣੇ ਪਿੰਡ 'ਚ ਵੋਟ ਪਾਈ।

ਇਸ ਦੇ ਨਾਲ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਪੋਲਿੰਗ ਸ਼ੁਰੂ ਹੁੰਦੇ ਹੀ ਹਲਕਾ ਭੁਲੱਥ 'ਚ ਆਪਣੇ ਰਿਹਾਇਸ਼ੀ ਪਿੰਡ ਬੇਗੋਵਾਲ ਦੇ ਪੋਲਿੰਗ ਬੂਥ 'ਤੇ ਪਹੁੰਚੇ, ਜਿਥੇ ਉਨ੍ਹਾਂ ਵੋਟ ਪਾਈ।
ਮਾਲਵਾ 'ਚ ਇਨ੍ਹਾਂ ਸਿਆਸੀ ਦਿੱਗਜ਼ਾ ਨੇ ਪਾਈ ਵੋਟ 
ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਜਗਾ ਰਾਮ ਤੀਰਥ ਵਿਚ ਆਪਣੇ ਵੋਟ ਦਾ ਇਸਤੇਮਾਲ ਕੀਤਾ।

ਇਸੇ ਤਰ੍ਹਾਂ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪੁੱਜੇ। ਢੀਂਡਸਾ ਅਤੇ ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਨੇ ਜਿਥੇ ਵੋਟਰਾਂ ਦਾ ਧੰਨਵਾਦ ਕੀਤਾ, ਉਥੇ ਸਾਰੀਆਂ ਸੀਟਾਂ 'ਤੇ ਜਿੱਤ ਦਾ ਦਾਅਵਾ ਵੀ ਕੀਤਾ। ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਵੋਟ ਪਾਉਣ ਲਈ ਪੁੱਜੇ। ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਵੋਟ ਪਾਈ। 

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਵਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਪਿੰਡ ਫਤਿਹਪੁਰ ਅਰਾਈਆਂ ਵਿਖੇ ਵੋਟ ਪਾਈ ਗਈ।

ਇਸੇ ਤਰ੍ਹਾਂ ਫਾਜ਼ਿਲਕਾ ਦੇ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਪਣੇ ਪਿਤਾ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ 'ਚ ਆਪਣੇ ਜੱਦੀ ਪਿੰਡ ਘੁਬਾਇਆ ਵਿਖੇ ਵੋਟ ਪਾਈ।

ਇਸੇ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਨੇ ਆਪਣੀ ਧਰਮ ਪਤਨੀ ਕੁਲਦੀਪ ਕੌਰ ਨਾਲ ਮਿਲ ਕੇ ਸ਼ਹਿਰ ਰਾਏਕੋਟ ਸ਼ਹਿਰ ਦੇ ਪੋਲਿੰਗ ਬੂਥ-136 'ਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਵੋਟ ਪਾਈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਆਪਣੀ ਵੋਟ ਪਾਉਣ ਲਈ ਫਰੀਦਕੋਟ ਦੇ ਪੋਲਿੰਗ ਬੂਥ ਪੁੱਜੇ, ਜਿੱਥੇ ਉਨ੍ਹਾਂ ਦੇ ਆਪਣੀ ਧਰਮ ਪਤਨੀ ਨਾਲ ਮਿਲ ਕੇ ਵੋਟ ਪਾਈ।

ਇਸੇ ਤਰ੍ਹਾਂ ਪੰਜਾਬ ਡੈਮੋਕੈਟਿਕ ਅਲਾਇੰਸ ਵਲੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਵਲੋਂ ਵੀ ਵੋਟ ਪਾਈ ਗਈ।

ਲੁਧਿਆਣਾ ਤੋਂ 'ਆਪ' ਉਮੀਦਵਾਰ ਪ੍ਰੋ. ਤੇਜਪਾਲ ਗਿੱਲ ਨੇ ਪਾਈ ਵੋਟ

ਲੁਧਿਆਣਾ ਤੋਂ ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਪਾਈ ਵੋਟ

ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਛੋਟੇ ਬੇਟੇ ਸਮੇਤ ਪਾਈ ਵੋਟ

ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਪਤਨੀ ਸਮੇਤ ਪਾਈ ਵੋਟ

ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੇ ਸਰਾਭਾ ਨਗਰ 'ਚ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ।

ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਪਰਿਵਾਰ ਸਮੇਤ ਪਾਈ ਵੋਟ

Baljeet Kaur

This news is Content Editor Baljeet Kaur