ਬਠਿੰਡਾ ਤੇ ਫਿਰੋਜ਼ਪੁਰ ਲੋਕ ਸਭਾ ਸੀਟਾਂ ''ਤੇ ਸਸਪੈਂਸ ਬਰਕਰਾਰ

04/17/2019 6:55:59 PM

ਜਲੰਧਰ (ਧਵਨ) : ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਨੂੰ ਲੈ ਕੇ ਅਜੇ ਵੀ ਸਸਪੈਂਸ ਦੀ ਸਥਿਤੀ ਬਣੀ ਹੋਈ ਹੈ। ਨਾ ਤਾਂ ਅਜੇ ਤੱਕ ਅਕਾਲੀ ਦਲ ਨੇ ਅਤੇ ਨਾ ਹੀ ਕਾਂਗਰਸ ਨੇ ਆਪਣੇ ਪੱਤੇ ਖੋਲ੍ਹੇ ਹਨ। ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਚੋਣ ਮੈਦਾਨ 'ਚ ਉਤਰਨ ਦੇ 100 ਫੀਸਦੀ ਆਸਾਰ ਹਨ। ਇਸ ਗੱਲ ਦੀ ਭਿਣਕ ਕਾਂਗਰਸ ਨੂੰ ਵੀ ਹੈ ਅਤੇ ਉਨ੍ਹਾਂ ਨੇ ਇਸੇ ਮੁਤਾਬਕ ਆਪਣੀ ਰਣਨੀਤੀ ਬਣਾਈ ਹੋਈ ਹੈ ਪਰ ਹਾਲੇ ਕਾਂਗਰਸ ਨੇ ਆਪਣਾ ਉਮੀਦਵਾਰ ਤੈਅ ਕਰਨਾ ਹੈ। ਪਿਛਲੇ ਕਈ ਦਿਨਾਂ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ ਵਾਰ ਚੱਲ ਰਹੀ ਹੈ ਤੇ ਮੁੱਖ ਮੰਤਰੀ ਵੀ ਹਰਸਿਮਰਤ ਦੇ ਖਿਲਾਫ ਮਜ਼ਦੂਰ ਉਮੀਦਵਾਰ ਉਤਾਰਨਾ ਚਾਹੁੰਦੇ ਹਨ। ਕਾਂਗਰਸ 'ਚ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਬੈਠਕ 21 ਅਪ੍ਰੈਲ ਨੂੰ ਹੋ ਸਕਦੀ ਹੈ। ਹਾਲੇ ਅਧਿਕਾਰਕ ਰੂਪ ਨਾਲ ਬੈਠਕ ਨੂੰ ਲੈ ਕੇ ਸੱਦਾ ਤਾਂ ਨਹੀਂ ਆਇਆ ਪਰ ਸੀਨੀਅਰ ਕਾਂਗਰਸ ਲੀਡਰਾਂ ਦਾ ਮੰਨਣਾ ਹੈ ਕਿ ਸੰਭਵ ਹੈ  ਕਿ ਰਾਹੁਲ ਵਲੋਂ 21 ਅਪ੍ਰੈਲ ਨੂੰ ਹੀ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਸਮਾਂ ਦਿੱਤਾ ਜਾਵੇਗਾ।
ਕਾਂਗਰਸ 'ਚ ਇਸ ਸਮੇਂ ਦੋ ਤਰ੍ਹਾਂ ਦੇ ਵਿਚਾਰ ਬਠਿੰਡਾ ਸੀਟ ਨੂੰ ਲੈ ਕੇ ਚੱਲ ਰਹੇ ਹਨ। ਪਹਿਲਾ ਵਿਚਾਰ ਹੈ ਕਿ ਕਾਂਗਰਸ ਨੂੰ ਨਵਾਂ ਚਿਹਰਾ ਬਠਿੰਡਾ ਲੋਕ ਸਭਾ ਸੀਟ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ। ਇਸ ਸਬੰਧ 'ਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਨਾਂ ਚਰਚਾ 'ਚ ਹੈ। ਇਕ ਤਾਂ ਉਹ ਨੌਜਵਾਨ ਵਿਧਾਇਕਾਂ ਅਤੇ ਨਾਲ ਹੀ ਉਨ੍ਹਾਂ ਦੀ ਭਾਸ਼ਾ ਬਾਦਲਾਂ ਖਿਲਾਫ ਤੇਜ਼-ਤਰਾਰ ਰਹਿੰਦੀ ਹੈ। ਦੂਜਾ ਵਿਚਾਰ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੂੰ ਉਤਾਰਨ 'ਤੇ ਚੱਲ ਰਿਹਾ ਹੈ। ਮਨਪ੍ਰੀਤ ਫਿਲਹਾਲ ਬਠਿੰਡਾ 'ਚ ਆਪਣੇ ਵਿਧਾਨ ਸਭਾ ਹਲਕੇ 'ਚ ਸਰਗਰਮ ਹਨ ਅਤੇ ਉਨ੍ਹਾਂ ਨੇ ਪਿਛਲੇ ਸਮੇਂ 'ਚ ਕਈ ਅਕਾਲੀ ਕੌਂਸਲਰਾਂ ਨੂੰ ਕਾਂਗਰਸ 'ਚ ਸ਼ਾਮਲ ਕਰਵਾਇਆ ਹੈ ਪਰ ਮਨਪ੍ਰੀਤ ਇਹ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਚੋਣ ਲੜਨ 'ਚ ਦਿਲਚਸਪੀ ਨਹੀਂ ਹੈ। 
ਇਸ ਤਰ੍ਹਾਂ ਫਿਰੋਜ਼ਪੁਰ ਲੋਕ ਸਭਾ ਸੀਟ ਨੂੰ ਲੈ ਕੇ ਵੀ ਹਾਲੇ ਆਖਰੀ ਫੈਸਲਾ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲੈਣਾ ਹੈ। ਫਿਰੋਜ਼ਪੁਰ ਲੋਕ ਸਭਾ ਸੀਟ ਲਈ ਇਸ ਸਮੇਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਂਵਲਾ ਦਾ ਨਾਂ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ।

Gurminder Singh

This news is Content Editor Gurminder Singh