ਅਕਾਲੀ ਦਲ ਨੂੰ ਹਿੰਦੂ ਵੋਟਰਾਂ ਦਾ ਆਸਰਾ, ਜਿੱਤ ਮਿਲੀ ਤਾਂ ਸਿਹਰਾ ਮਿਲੇਗਾ ਸਿਰਫ ਮੋਦੀ ਨੂੰ

05/21/2019 10:26:39 AM

ਜਲੰਧਰ (ਬੁਲੰਦ)— ਜਲੰਧਰ ਲੋਕ ਸਭਾ ਸੀਟ ਤੋਂ ਇਸ ਵਾਰ ਅਕਾਲੀ ਦਲ ਨੂੰ ਜਿੱਤ ਦੀ ਪੂਰੀ ਆਸ ਹੈ। ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਅਕਾਲੀ ਦਲ ਦੀ ਚੋਣ ਯੋਜਨਾਬੰਦੀ ਰਹੀ ਹੈ, ਉਸ ਨਾਲ ਤਾਂ ਕਿਸੇ ਵੀ ਹਾਲ 'ਚ ਅਕਾਲੀ ਦਲ ਇਸ ਸੀਟ ਨੂੰ ਜਿੱਤ ਨਹੀਂ ਸਕਦਾ ਸੀ ਪਰ ਜਿਸ ਤਰ੍ਹਾਂ ਭਾਜਪਾ ਅਤੇ ਹਿੰਦੂ ਵੋਟਰਾਂ ਨੇ ਜ਼ਿਲੇ ਭਰ ਤੋਂ ਮੋਦੀ ਦੇ ਨਾਂ 'ਤੇ ਅਕਾਲੀ ਦਲ ਦਾ ਸਾਥ ਦਿੱਤਾ ਹੈ, ਉਸ ਨਾਲ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਇਸ ਸੀਟ 'ਤੇ ਜਿੱਤ ਦੇ ਦਾਅਵੇਦਾਰਾਂ 'ਚ ਉੱਪਰ ਆ ਚੁੱਕੇ ਹਨ।
ਮਾਮਲੇ ਬਾਰੇ ਭਾਜਪਾ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਚੋਣ ਪ੍ਰਚਾਰ ਦੇ ਤੌਰ ਤਰੀਕਿਆਂ ਤੋਂ ਉਹ ਕਦੇ ਵੀ ਖੁਸ਼ ਨਹੀਂ ਸਨ ਪਰ ਸਵਾਲ ਅਕਾਲੀ ਦਲ ਦੇ ਉਮੀਦਵਾਰ ਦਾ ਨਹੀਂ ਸੀ, ਸਵਾਲ ਤਾਂ ਕੇਂਦਰ 'ਚ ਮੋਦੀ ਨੂੰ ਲਿਆਉਣ ਦਾ ਸੀ। ਇਸ ਲਈ ਆਰ. ਐੱਸ. ਐੱਸ. ਅਤੇ ਭਾਜਪਾ ਤੋਂ ਇਲਾਵਾ ਹੋਰ ਕਈ ਹਿੰਦੂ ਸੰਗਠਨਾਂ ਨੇ ਜੰਮ ਕੇ ਮੋਦੀ ਦੇ ਹੱਕ 'ਚ ਅਕਾਲੀ ਦਲ ਦੇ ਤਕੜੀ ਨਿਸ਼ਾਨ 'ਤੇ ਵੋਟ ਪਾਈ ਹੈ ਅਤੇ ਆਸ ਹੈ ਕਿ ਇਸ ਦਾ ਨਤੀਜਾ ਗਠਜੋੜ ਦੇ ਹੱਕ 'ਚ ਹੋਵੇਗਾ।
ਇਕ ਹੋਰ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਸ਼ਹਿਰ 'ਚ ਕਈ ਬੂਥਾਂ 'ਤੇ ਸ਼ਾਮ ਹੁੰਦੇ-ਹੁੰਦੇ ਕਾਂਗਰਸੀ ਤਾਂ ਗਾਇਬ ਹੀ ਹੋ ਚੁੱਕੇ ਸਨ ਪਰ ਭਾਜਪਾ ਦੇ ਵਰਕਰਾਂ ਨੇ ਸ਼ਾਮ 6 ਵਜੇ ਤੱਕ ਪੂਰਾ ਆਪਣੇ ਬੂਥਾਂ 'ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਕਿ ਮੋਦੀ ਦੇ ਖਾਤੇ 'ਚ ਵੱਧ ਤੋਂ ਵੱਧ ਵੋਟਾਂ ਜਾਣ ਪਰ ਅਕਾਲੀ ਦਲ ਦੀ ਅੰਦਰੂਨੀ ਰਾਜਨੀਤੀ ਅਤੇ ਸੌੜੀ ਸੋਚ ਦਾ ਨੁਕਸਾਨ ਵੀ ਭਾਜਪਾ ਨੂੰ ਝੱਲਣਾ ਪਿਆ ਹੈ।
ਉਥੇ ਹੀ ਅਕਾਲੀ ਦਲ ਦੇ ਕੁਝ ਨੇਤਾਵਾਂ ਦਾ ਕਹਿਣਾ ਸੀ ਕਿ ਭਾਜਪਾ ਨੇ ਅਕਾਲੀ ਦਲ ਦਾ ਖੁੱਲ੍ਹ ਕੇ ਸਾਥ ਨਹੀਂ ਦਿੱਤਾ। ਇਕ ਅਕਾਲੀ ਨੇਤਾ ਨੇ ਕਿਹਾ ਕਿ ਭਾਜਪਾ ਨੇਤਾ ਤਾਂ ਬੈਠਕਾਂ ਅਤੇ ਰੈਲੀਆਂ ਆਦਿ 'ਚ ਵੀ ਸਿਰਫ ਫੋਟੋ ਖਿਚਵਾਉਣ ਲਈ ਹੀ ਆਉਂਦੇ ਰਹੇ ਹਨ ਪਰ ਇਸ ਗੱਲ ਤੋਂ ਅਕਾਲੀ ਦਲ ਦੇ ਨੇਤਾ ਵੀ ਇਨਕਾਰ ਨਹੀਂ ਕਰ ਸਕੇ ਕਿ ਵੋਟ ਮੋਦੀ ਦੇ ਮੂੰਹ ਨੂੰ ਹੀ ਪਈ ਹੈ ਅਤੇ ਇਸ ਵਾਰ ਹਿੰਦੂ ਵੋਟਰਾਂ ਨੇ ਅਕਾਲੀ ਦਲ ਦੇ ਹੱਕ 'ਚ ਭਾਰੀ ਮਤਦਾਨ ਕੀਤਾ ਹੈ।

shivani attri

This news is Content Editor shivani attri