ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ ਸ਼ਾਂਤੀਪੂਰਵਕ 60 ਫੀਸਦੀ ਪੋਲਿੰਗ

05/19/2019 6:56:22 PM

ਹੁਸ਼ਿਆਰਪੁਰ (ਘੁੰਮਣ)— ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਅੱਜ ਸ਼ਾਂਤੀਪੂਰਵਕ ਲਗਭਗ 60 ਫੀਸਦੀ ਪੋਲਿੰਗ ਹੋਈ। ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਵਿਚ ਵੋਟਾਂ ਪਾਉਣ ਲਈ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਸੀ। ਹੁਣ ਜ਼ਿਲੇ ਦੇ 8 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਿਆ ਹੈ ਅਤੇ ਜਿਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮਾਂ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਜਮ੍ਹਾ ਕਰਵਾ ਦਿੱਤਾ ਗਿਆ ਹੈ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲੇ 'ਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੋਲ ਹੋਈਆਂ, ਜਿਸ ਲਈ ਜ਼ਿਲਾ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਵੀ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਸੀ ਅਤੇ ਨਵੇਂ ਰਜਿਸਟਰਡ ਹੋਏ ਇਨ੍ਹਾਂ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਪੂਰੇ ਉਤਸ਼ਾਹ ਨਾਲ ਕੀਤੀ।

ਹਲਕੇ  2 ਵਜੇ ਤੱਕ ਦੀ ਵੋਟਿੰਗ 3 ਵਜੇ ਤੱਕ ਦੀ ਵੋਟਿੰਗ 5 ਵਜੇ ਤੱਕ ਦੀ ਵੋਟਿੰਗ 6 ਵਜੇ ਤੱਕ ਦੀ ਵੋਟਿੰਗ ਕੁੱਲ ਵੋਟਿੰਗ
ਹੁਸ਼ਿਆਰਪੁਰ 39.90 ਫੀਸਦੀ 51.80 ਫੀਸਦੀ 59.70 ਫੀਸਦੀ 59.70 ਫੀਸਦੀ 63.80ਫੀਸਦੀ 
ਟਾਂਡਾ-ਉੜਮੁੜ 34.36 ਫੀਸਦੀ 48.29 ਫੀਸਦੀ 56.96 ਫੀਸਦੀ 56.96 ਫੀਸਦੀ 60.74ਫੀਸਦੀ 
ਮੁਕੇਰੀਆਂ 29.00 ਫੀਸਦੀ 43.00 ਫੀਸਦੀ 54.00 ਫੀਸਦੀ 54.00 ਫੀਸਦੀ 62.00ਫੀਸਦੀ 
ਭੁਲੱਥ 36.40 ਫੀਸਦੀ 44.68 ਫੀਸਦੀ 55.32 ਫੀਸਦੀ 55.32 ਫੀਸਦੀ 55.32 ਫੀਸਦੀ 
ਸ਼ਾਮਚੁਰਾਸੀ  37.00 ਫੀਸਦੀ 45.00 ਫੀਸਦੀ 54.00 ਫੀਸਦੀ 54.00 ਫੀਸਦੀ 54.00ਫੀਸਦੀ 
ਚੱਬੇਵਾਲ 36.30 ਫੀਸਦੀ 47.80 ਫੀਸਦੀ 59.60 ਫੀਸਦੀ 59.60 ਫੀਸਦੀ 64.54ਫੀਸਦੀ 
ਫਗਵਾੜਾ 39.50 ਫੀਸਦੀ 50.30 ਫੀਸਦੀ 58.40ਫੀਸਦੀ 58.40 ਫੀਸਦੀ 48.40ਫੀਸਦੀ 
ਦਸੂਹਾ  34.00 ਫੀਸਦੀ 44.00 ਫੀਸਦੀ 53.00 ਫੀਸਦੀ 59.00 ਫੀਸਦੀ 59.00 ਫੀਸਦੀ 
ਸ੍ਰੀ ਹਰਗੋਬਿੰਦਪੁਰ 38.56 ਫੀਸਦੀ 52.35 ਫੀਸਦੀ 55.80 ਫੀਸਦੀ 55.80 ਫੀਸਦੀ 55.80 ਫੀਸਦੀ 

ਈਸ਼ਾ ਕਾਲੀਆ ਨੇ ਚੋਣ ਅਮਲੇ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ-2019 ਦੀ ਵੋਟ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਚੋਣ ਅਮਲੇ ਵੱਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਕਾਰਨ ਹੀ ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ ਵੋਟ ਪ੍ਰਕਿਰਿਆ ਪਾਰਦਰਸ਼ੀ ਅਤੇ ਸਫਲਤਾਪੂਰਵਕ ਸਿਰੇ ਚੜ੍ਹੀ ਹੈ। ਹੁਣ ਪੋਲ ਹੋਈਆਂ ਇਨ੍ਹਾਂ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਚੋਣਾਂ ਦੌਰਾਨ ਵੋਟਰਾਂ ਅਤੇ ਚੋਣ ਅਮਲੇ ਲਈ ਐਂਬੂਲੈਂਸ ਸਹੂਲਤ ਵੀ ਮੁਹੱਈਆ ਕਰਵਾਈ ਗਈ, ਤਾਂ ਜੋ ਐਮਰਜੈਂਸੀ ਦੀ ਹਾਲਤ 'ਚ ਦਿਵਿਆਂਗ ਜਨਾਂ ਜਾਂ ਹੋਰ ਵੋਟਰਾਂ ਅਤੇ ਚੋਣ ਅਮਲੇ ਨੂੰ ਫੌਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ 'ਚ ਡਾਕਟਰ, ਫਾਰਮਾਸਿਸਟ ਸਮੇਤ ਨਰਸਿੰਗ ਸਟਾਫ ਅਤੇ ਜ਼ਰੂਰੀ ਦਵਾਈਆਂ ਉਪਲੱਬਧ ਸਨ।  ਦੱਸ ਦੇਈਏ ਕਿ ਇਥੋਂ ਭਾਜਪਾ ਵੱਲੋਂ ਸੋਮ ਪ੍ਰਕਾਸ਼ ਨੂੰ ਉਮੀਦਵਾਰ ਵਜੋ ਐਲਾਨਿਆ ਗਿਆ ਹੈ, ਜਿੱਥੇ ਇਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ, 'ਆਪ' ਦੇ ਰਵਜੋਤ ਸਿੰਘ ਅਤੇ ਪੀ. ਡੀ. ਏ. ਦੇ ਸਾਂਝੇ ਉਮੀਦਵਾਰ ਖੁਸ਼ੀ ਰਾਮ ਨਾਲ ਹੈ।



 







 

shivani attri

This news is Content Editor shivani attri