ਮੁੜ ਬਾਦਲਾਂ ਦੇ ਖੇਮੇ ''ਚ ਟੌਹੜਾ ਪਰਿਵਾਰ!

04/19/2019 6:21:52 PM

ਪਟਿਆਲਾ : ਵਿਧਾਨ ਸਭਾ ਚੋਣਾਂ ਦੌਰਾਨ 'ਆਪ' 'ਚ ਜਾਣ ਵਾਲੇ ਤੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢਣ ਵਾਲੇ ਪੰਥ ਰਤਨ ਜਥੇਦਾਰ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਬਾਦਲਾਂ ਦਰਮਿਆਨ ਮੁੜ ਸਿਆਸੀ ਸੁਲ੍ਹਾ ਹੋ ਗਈ ਹੈ। ਸੂਤਰਾਂ ਮੁਤਾਬਕ 20 ਅਪ੍ਰੈਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟੌਹੜਾ ਪਰਿਵਾਰ ਕੋਲ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਪੁੱਜ ਰਹੇ ਹਨ। ਇਸ ਦੌਰਾਨ ਟੌਹੜਾ ਪਰਿਵਾਰ ਵਾਪਸ ਅਕਾਲੀ ਦਲ 'ਚ ਸ਼ਮੂਲੀਅਤ ਬਣਾ ਲਵੇਗਾ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌਹੜਾ ਪਰਿਵਾਰ ਨੇ ਬਾਦਲਾਂ ਖ਼ਿਲਾਫ਼ ਸਿਆਸੀ ਭੜਾਸ ਕੱਢਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ 'ਆਪ' ਵਿਚ ਸ਼ਮੂਲੀਅਤ ਕਰ ਲਈ ਸੀ। 
ਇਸ ਮਗਰੋਂ ਮਰਹੂਮ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ, ਨੇ ਅਕਾਲੀ ਦਲ ਖ਼ਿਲਾਫ਼ ਹਲਕਾ ਸਨੌਰ 'ਪਟਿਆਲਾ' ਤੋਂ ਚੋਣ ਵੀ ਲੜੀ ਸੀ।|ਬਾਅਦ 'ਚ ਟੌਹੜਾ ਪਰਿਵਾਰ ਦੀ 'ਆਪ' ਨਾਲ ਖਟਾਸ ਬਣੀ ਹੋਈ ਸੀ ਤੇ ਹਰਿੰਦਰਪਾਲ ਸਿੰਘ ਟੌਹੜਾ ਦਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਸੀ। ਆਖ਼ਰ ਦੋਵਾਂ ਧਿਰਾਂ ਦਰਮਿਆਨ ਸਿਆਸੀ ਤੌਰ 'ਤੇ ਸਮਝੌਤਾ ਹੋ ਗਿਆ ਹੈ। ਅਜਿਹੇ 'ਚ ਸੁਖਬੀਰ ਬਾਦਲ 20 ਅਪ੍ਰੈਲ ਨੂੰ ਟੌਹੜਾ ਪਰਿਵਾਰ ਦੇ ਘਰ ਆ ਕੇ ਸਮੁੱਚੇ ਪਰਿਵਾਰ ਨੂੰ ਪਿਤਰੀ ਪਾਰਟੀ 'ਚ ਵਾਪਸ ਸ਼ਮੂਲੀਅਤ ਕਰਵਾਉਣ ਜਾ ਰਹੇ ਹਨ। 

Gurminder Singh

This news is Content Editor Gurminder Singh