ਅਮਰਿੰਦਰ ਸਿੰਘ ਦੇ ਮਿਸ਼ਨ 13 ਦੀ ਅਸਫਲਤਾ ਤੋਂ ਬਾਅਦ ਕਾਂਗਰਸ ਦੀ ਰਾਹ ਨਹੀਂ ਆਸਾਨ

06/07/2019 4:06:43 PM

ਜਲੰਧਰ (ਚੋਪੜਾ) : ਲੋਕ ਸਭਾ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 13 ਦੀ ਅਸਫਲਤਾ ਨੇ ਪੰਜਾਬ 'ਚ ਕਾਂਗਰਸ ਲਈ ਕਾਫੀ ਗੁੰਝਲਦਾਰ ਸਥਿਤੀ ਪੈਦਾ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਦੇ ਬਾਵਜੂਦ ਪਾਰਟੀ ਦਾ ਪ੍ਰਦਰਸ਼ਨ ਬਿਹਤਰ ਨਹੀਂ ਰਿਹਾ ਕਿਉਂਕਿ ਇਕ ਪਾਸੇ ਜਿਥੇ ਕਾਂਗਰਸ ਨੂੰ 13 'ਚੋਂ ਸਿਰਫ 8 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਸੰਤੁਸ਼ਟ ਹੋਣਾ ਪਿਆ, ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤੇ ਕਈ ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਬੁਰੀ ਤਰ੍ਹਾਂ ਪੱਛੜ ਗਈ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਅਕਾਲੀ-ਭਾਜਪਾ ਦੇ ਲਗਾਤਾਰ ਡਿਗਦੇ ਗ੍ਰਾਫ ਨੂੰ ਦੇਖਦੇ ਹੋਏ ਸੂਬਾ ਕਾਂਗਰਸ ਦੇ ਹੌਸਲੇ ਬੁਲੰਦ ਸਨ ਅਤੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀ ਲਾਬੀ ਵੀ 2022 'ਚ ਸੂਬੇ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਦੇ ਸੁਪਨੇ ਲੈ ਰਹੀ ਸੀ ਪਰ ਮਿਸ਼ਨ 13 ਦੀ ਅਸਫਲਤਾ ਨੇ ਮੁੱਖ ਮੰਤਰੀ ਖੇਮੇ ਨੂੰ ਕਾਫੀ ਚਿੰਤਤ ਕਰ ਦਿੱਤਾ ਹੈ ਕਿਉਂਕਿ ਮੌਜੂਦਾ ਸਿਆਸੀ ਹਾਲਾਤ ਨਾਲ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਾਹ ਕਾਂਗਰਸ ਲਈ ਹੁਣ ਆਸਾਨ ਨਹੀਂ ਹੋਵੇਗੀ। ਕਾਂਗਰਸ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ ਕਿ ਦੇਸ਼ਭਰ 'ਚ ਜਿਸ ਤਰ੍ਹਾਂ ਮੋਦੀ ਮੈਜਿਕ ਨੇ ਰੰਗ ਦਿਖਾਇਆ, ਉਸ ਦੇ ਬਾਵਜੂਦ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਪਰ ਗਠਜੋੜ ਦੀ ਹਾਰ ਦੇ ਬਾਵਜੂਦ ਭਾਜਪਾ ਨੇ ਆਪਣੇ ਹਿੱਸੇ ਦੀਆਂ 3 ਲੋਕ ਸਭਾ ਸੀਟਾਂ ਵਿਚੋਂ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਜਿੱਤ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਭਾਜਪਾ ਵਰਕਰ ਕਾਫੀ ਉਤਸ਼ਾਹਿਤ ਹਨ। ਅਕਾਲੀ ਦਲ ਨੇ 10 ਵਿਚੋਂ ਸਿਰਫ 2 ਸੀਟਾਂ ਜਿੱਤੀਆਂ ਹਨ ਪਰ ਪੰਜਾਬ ਵਿਚ ਅਕਾਲੀ ਦਲ ਵੋਟ ਫੀਸਦੀ ਵਿਚ ਹੋਏ ਵਾਧੇ ਨਾਲ ਵੀ ਕਾਂਗਰਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਅਕਾਲੀ ਦਲ ਤੇ ਭਾਜਪਾ ਦਾ ਲੋਕ ਸਭਾ ਚੋਣਾਂ ਵਿਚ ਪ੍ਰਦਰਸ਼ਨ ਗਠਜੋੜ ਦੀ ਸੰਤੁਸ਼ਟੀ ਨਾਲ ਭਰੀਆਂ ਸੀਟਾਂ ਤਾਂ ਨਹੀਂ ਦਿਵਾ ਸਕਿਆ ਪਰ ਚੋਣ ਨਤੀਜਿਆਂ ਨੇ ਪੰਜਾਬ ਦੀ ਸਿਆਸਤ ਦੇ ਸਮੀਕਰਨ ਕਾਫੀ ਹੱਦ ਤਕ ਬਦਲ ਦਿੱਤੇ ਹਨ। ਮੁੱਖ ਮੰਤਰੀ ਨੂੰ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਝੰਡਾ ਲਹਿਰਾਉਣ ਨੂੰ ਲੈ ਕੇ ਹੁਣ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ।

ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਦੇ ਮੁੱਦੇ 'ਤੇ ਅਕਾਲੀਆਂ ਵਿਰੁੱਧ ਸਖਤ ਕਦਮ ਚੁੱਕਣੇ ਪੈਣਗੇ
ਲੋਕ ਸਭਾ ਚੋਣਾਂ ਚਾਹੇ ਰਾਸ਼ਟਰੀ ਮੁੱਦਿਆਂ 'ਤੇ ਆਧਾਰਤ ਹੁੰਦੀਆਂ ਹਨ ਪਰ ਪੰਜਾਬ ਵਿਚ ਚੋਣ ਪ੍ਰਚਾਰ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨਅਮਰਿੰਦਰ ਸਿੰਘ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਣ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਨੂੰ ਜਨਤਾ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਕੈ. ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕਸਮ ਖਾਧੀ ਸੀ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ 4 ਹਫਤਿਆਂ 'ਚ ਪੰਜਾਬ 'ਚੋਂ ਨਸ਼ਾ ਖਤਮ ਕਰ ਦੇਣਗੇ ਪਰ ਨਸ਼ਾ ਅੱਜ ਵੀ ਪਹਿਲਾਂ ਦੀ ਤਰ੍ਹਾਂ ਵਿਕ ਰਿਹਾ ਹੈ, ਨੌਜਵਾਨ ਨਸ਼ਿਆਂ ਦੇ ਕਾਰਨ ਮਰ ਰਹੇ ਹਨ। ਨੌਜਵਾਨਾਂ ਨੇ ਕਈ ਉਮੀਦਵਾਰਾਂ ਨੂੰ ਘੇਰ ਕੇ ਘਰ-ਘਰ ਨੌਕਰੀ ਦੇ ਵਾਅਦੇ ਅਤੇ 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣ 'ਤੇ ਸਵਾਲ ਖੜ੍ਹੇ ਕੀਤੇ। ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ, ਸਮਾਰਟਫੋਨ ਸਣੇ ਅਨੇਕਾਂ ਵਾਅਦੇ ਯਾਦ ਦਿਵਾਏ ਜੋ ਕਿ ਕੈਪਟਨ ਸਰਕਾਰ ਦੇ ਸਵਾ 2 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਵੀ ਅਧੂਰੇ ਸਨ। ਇਸ ਦੇ ਇਲਾਵਾ ਪੰਜਾਬ ਵਿਚ ਅਕਾਲੀ ਦਲ ਨਾਲ 75-25 ਫਰੈਂਡਲੀ ਮੈਚ ਦੇ ਦੋਸ਼ਾਂ ਕਾਰਨ ਕੈਪਟਨ ਨੂੰ ਆਉਣ ਵਾਲੇ ਦਿਨਾਂ ਵਿਚ ਸਿਰਫ ਨਸ਼ਿਆਂ ਹੀ ਨਹੀਂ ਸਗੋਂ ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਦੇ ਮੁੱਦੇ 'ਤੇ ਅਕਾਲੀਆਂ ਦੇ ਵਿਰੁੱਧ ਸਖਤ ਕਦਮ ਉਠਾÀਉਣੇ ਪੈਣਗੇ। ਮੁੱਖ ਮੰਤਰੀ ਲਈ ਆਪਣੇ ਅਗਲੇ ਕਾਰਜਕਾਲ ਵਿਚ ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦਾ ਪੂਰਾ ਦਬਾਅ ਰਹੇਗਾ ਨਹੀਂ ਤਾਂ ਕਾਂਗਰਸ ਲਈ 2022 ਦੀ ਰਾਹ ਕੰਡਿਆਂ ਨਾਲ ਭਰੀ ਸਾਬਤ ਹੋ ਸਕਦੀ ਹੈ।

Anuradha

This news is Content Editor Anuradha