ਬਰਨਾਲਾ ''ਚ ਗਰਜੇ ਕੇਜਰੀਵਾਲ, ਕੈਪਟਨ ਰਹੇ ਨਿਸ਼ਾਨੇ ''ਤੇ

01/20/2019 7:10:16 PM

ਬਰਨਾਲਾ (ਵੈੱਬ ਡੈਸਕ, ਵਿਵੇਕ) : ਆਮ ਆਦਮੀ ਪਾਰਟੀ ਵਲੋਂ ਬਰਨਾਲਾ ਵਿਖੇ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਾਂਗਰਸ ਤੇ ਅਕਾਲੀ-ਭਾਜਪਾ ਨਿਸ਼ਾਨੇ 'ਤੇ ਰਹੀ। ਭਗਵੰਤ ਮਾਨ ਦੀ ਤਾਰੀਫ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਦੇ ਸੰਸਦ ਵਿਚ ਉਠਾਏ ਹਨ, ਇਸ ਤਰ੍ਹਾਂ ਕਿਸੇ ਹੋਰ ਲੀਡਰ ਨੇ ਨਹੀਂ ਚੁੱਕੇ। ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਕੈਪਟਨ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਸੀ ਪਰ ਕੈਪਟਨ ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਚੋਣਾਂ ਵੇਲੇ ਕੈਪਟਨ ਵਲੋਂ ਆਪਣੇ ਵਰਕਰਾਂ ਨੂੰ ਘਰ-ਘਰ ਭੇਜ ਕੇ ਨੌਕਰੀਆਂ ਦੇ ਫਾਰਮ ਭਰਵਾਏ ਗਏ, ਸਾਰੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਪਰ ਦੋ ਸਾਲ ਲੰਘ ਜਾਣ ਤੋਂ ਬਾਅਦ ਵੀ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਗਈ। 
ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ ਕਿ ਸਰਕਾਰ ਬਣਨ ਦੇ 30 ਦਿਨਾਂ ਦੇ ਅੰਦਰ-ਅੰਦਰ ਨੌਕਰੀਆਂ ਦਿੱਤੀਆਂ ਜਾਣਗੀਆਂ, ਨੌਜਵਾਨਾਂ ਨੂੰ ਮੋਬਾਇਲ ਫੋਨ ਦਿੱਤੇ ਜਾਣਗੇ, ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਨਾ ਨੌਕਰੀਆਂ ਮਿਲੀਆਂ ਤੇ ਨਾ ਸਮਾਰਟ ਫੋਨ ਅਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਡਾ ਧੋਖਾ ਦਲਿਤ ਤੇ ਪੱਛੜੇ ਵਰਗਾਂ ਨਾਲ ਕੀਤਾ ਹੈ। ਅੱਜ ਪੰਜਾਬ ਦੇ ਨੌਜਵਾਨ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਪੰਜਾਬ ਵਿਚ ਹਰ ਪੇਸ਼ਾ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਵੀ ਪ੍ਰਾਈਵੇਟ ਹੱਥਾਂ ਵਿਚ ਦੇਣ ਜਾ ਰਹੀ ਹੈ। ਜਦਕਿ ਦਿੱਲੀ ਵਿਚ ਮਿਨੋਸ਼ ਸਿਸੋਦੀਆ ਨੇ ਦਿਨ ਰਾਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦੀ ਕਾਇਆ ਹੀ ਪਲਟ ਦਿੱਤੀ ਹੈ।

Gurminder Singh

This news is Content Editor Gurminder Singh