ਗੁਰਦੁਆਰਾ ਮੰਗੂ ਮੱਠ ਢਾਹੁਣ ਦੇ ਵਿਰੋਧ ''ਚ ਲੋਕ ਇਨਸਾਫ ਪਾਰਟੀ ਵੱਲੋਂ ਓਡਿਸ਼ਾ ਵਿਧਾਨ ਸਭਾ ਦੇ ਬਾਹਰ ਧਰਨਾ

12/23/2019 2:03:00 PM

ਚੰਡੀਗੜ੍ਹ (ਰਮਨਜੀਤ) : ਓਡਿਸ਼ਾ ਦੇ ਭੁਵਨੇਸ਼ਵਰ ਸ਼ਹਿਰ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਮੰਗੂ ਮੱਠ ਨੂੰ ਢਾਹੁਣ ਖਿਲਾਫ਼ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਪੁਰੀ ਦੇ ਅਨੇਕਾਂ ਸਿੱਖ ਸੰਗਠਨਾਂ ਦੇ ਮੈਂਬਰਾਂ ਨੇ ਰੋਸ ਮਾਰਚ ਕੱਢਿਆ। ਇਸ ਦੌਰਾਨ ਭੁਵਨੇਸ਼ਵਰ ਦੇ ਵਿਧਾਨ ਸਭਾ ਚੌਕ 'ਚ ਧਰਨਾ ਵੀ ਦਿੱਤਾ ਗਿਆ, ਜਿਸ ਤੋਂ ਬਾਅਦ ਪਾਰਟੀ ਦੇ ਵਫ਼ਦ ਨੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ 'ਚ ਓਡਿਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਵੀ ਕੀਤੀ। ਰਾਜਪਾਲ ਨੂੰ ਇਕ ਮੰਗ-ਪੱਤਰ ਦੇ ਕੇ ਪੁਰੀ ਦੇ ਗੁਰਦੁਆਰਾ ਸਾਹਿਬ ਦੀ ਸੰਭਾਲ ਸਿੱਖ ਸੰਗਤ ਨੂੰ ਦੇਣ ਦੀ ਮੰਗ ਕੀਤੀ ਗਈ। ਪਿਛਲੇ 3 ਦਿਨਾਂ ਤੋਂ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਜਥੇ. ਬਲਵਿੰਦਰ ਸਿੰਘ ਬੈਂਸ, ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਨੇਤਾਵਾਂ ਦਾ ਵਫ਼ਦ ਓਡਿਸ਼ਾ ਦੇ ਪੁਰੀ 'ਚ ਢਾਹੇ ਗਏ ਗੁਰਦੁਆਰਾ ਮੰਗੂ ਮੱਠ ਦਾ ਜਾਇਜ਼ਾ ਲੈਣ ਪਹੁੰਚਿਆ ਹੋਇਆ ਹੈ। ਵਫ਼ਦ ਨੇ ਓਡਿਸ਼ਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨੀ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਐਤਵਾਰ ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਕ ਰੋਸ ਮਾਰਚ ਕੱਢਿਆ ਗਿਆ।

ਵਫ਼ਦ ਵੱਲੋਂ ਓਡਿਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਕੀਤੀ ਗਈ। ਬਲਵਿੰਦਰ ਬੈਂਸ ਨੇ ਦੱਸਿਆ ਕਿ ਵਫ਼ਦ ਵੱਲੋਂ ਮੰਗ ਕੀਤੀ ਗਈ ਹੈ ਕਿ ਪੁਰੀ ਦੇ ਮੰਗੂ ਮੱਠ (ਗੁਰਦੁਆਰਾ ਸਾਹਿਬ), ਨਾਨਕ ਮੱਠ (ਪੰਜਾਬੀ ਮੱਠ) ਅਤੇ ਬਾਉਲੀ ਸਾਹਿਬ ਦੀ ਸੇਵਾ-ਸੰਭਾਲ ਸਿੱਖ ਕੌਮ ਨੂੰ ਦਿੱਤੀ ਜਾਵੇ, ਜਿਸ ਨਾਲ ਸਿੱਖ ਕੌਮ ਢਾਹੇ ਗਏ ਗੁਰਦੁਆਰਾ ਸਾਹਿਬ ਦਾ ਨਵ-ਨਿਰਮਾਣ ਕਰ ਸਕੇ ਅਤੇ ਦੂਜੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਕਰ ਸਕੇ। ਉਨ੍ਹਾਂ ਦੱਸਿਆ ਕਿ ਰਾਜਪਾਲ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਸਬੰਧੀ ਸਰਕਾਰ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਹੱਲ ਕੱਢਣਗੇ।  

Anuradha

This news is Content Editor Anuradha