ਪੰਜਾਬ ''ਚ ਸੇਵਾ ਕੇਂਦਰਾਂ ਨੂੰ ਖੋਲ੍ਹਣ ਦੀ ਤਿਆਰੀ

05/06/2020 9:10:35 PM

ਜਲੰਧਰ— ਕੋਰੋਨਾ ਸੰਕਟ ਦੇ ਚਲਦੇ ਆਰਥਿਕ ਮੋਰਚੇ 'ਤੇ ਬੁਰੀ ਤਰ੍ਹਾਂ ਡਗਮਗਾਈ ਪੰਜਾਬ ਸਰਕਾਰ ਨੇ ਆਖਰਕਾਰ ਆਰਥਿਕ ਗਤੀਵਿਧੀਆਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਇਕ ਤੋਂ ਬਾਅਦ ਇਕ ਜਨਤਾ ਨੂੰ ਰਾਹਤ ਦੇਣ ਵਾਲੇ ਵੱਡੇ ਫੈਸਲੇ ਕੀਤੇ ਹਨ। ਸਭ ਤੋਂ ਪਹਿਲਾਂ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਵਧਾਇਆ ਗਿਆ ਅਤੇ ਇਸ ਤੋਂ ਬਾਅਦ 8 ਮਈ ਤੋਂ ਜ਼ਮੀਨਾਂ ਦੀ ਰਜਿਸਟਰੀ ਲਈ ਸਰਕਾਰੀ ਦਫਤਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ, ਇਸ ਦੇ ਨਾਲ ਹੀ ਸਰਕਾਰ ਨੇ ਸੇਵਾ ਕੇਂਦਰਾ ਨੂੰ ਸੈਨੇਟਾਈਜ਼ੇਸ਼ਨ ਕਰਵਾਉਣ ਅਤੇ ਸੇਵਾ ਕੇਂਦਰਾ ਦੇ ਸਟਾਫ ਨੂੰ ਲਾਕਡਾਊਨ ਖੁਲ੍ਹਣ ਤੋਂ ਬਾਅਦ ਦੇ ਹਾਲਾਤ 'ਚ ਕੰਮ ਕਰਨ ਅਤੇ ਸਾਫ ਸਫਾਈ ਬਣਾਉਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਕਿ ਲਾਕਡਾਊਨ ਤੋਂ ਬਾਅਦ ਸੇਵਾ ਕੇਂਦਰਾਂ 'ਚ ਕੰਮ ਕਰਵਾਉਣ ਲਈ ਆਉਣ ਵਾਲੀ ਜਨਤਾ ਦੀ ਸਰੁੱਖਿਆ ਯਕੀਨੀ ਬਣਾਈ ਜਾ ਸਕੇ। ਸ਼ਰਾਬ ਦੇ ਠੇਕੇ ਖੋਲ੍ਹਣ ਲਈ ਵੀ ਜ਼ਿਲ੍ਹਾ ਅਧਿਕਾਰਆਂ ਦੇ ਕੋਲ ਸਰਕਾਰ ਦੇ ਆਰਡਰ ਪਹੁੰਚ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮਾਲੀਆ 'ਚ ਅਪ੍ਰੈਲ ਮਹੀਨੇ 'ਚ 88 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਹੁਣ ਸਰਕਾਰ ਆਰਥਿਕ ਗਤੀਵਿਧੀਆਂ ਜ਼ਿਆਦਾ ਲੰਬੇ ਸਮੇਂ ਤਕ ਠੱਪ ਰੱਖਣ ਦੀ ਸਥਿਤੀ 'ਚ ਨਹੀਂ ਹੈ।

ਸਵੇਰੇ 7 ਤੋਂ 3 ਵਜੇ ਤਕ ਖੁਲ੍ਹਣਗੀਆਂ ਦੁਕਾਨਾਂ
ਪੰਜਾਬ 'ਚ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਦੁਕਾਨਾਂ ਨੂੰ ਖੋਲ੍ਹਣ ਦੇ ਸਮੇਂ 'ਚ 4 ਘੰਟੇ ਦਾ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ 'ਚ ਦੁਕਾਨਾਂ ਹੁਣ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ੍ਹ ਸਕਣਗੀਆਂ। ਸੂਬੇ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਪੱਤਰ 'ਚ ਦੁਕਾਨਦਾਰਾਂ ਨੂੰ ਜ਼ਿਆਦਾ ਭੀੜ ਨਾ ਇੱਕਠੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਅਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ ਕਿ ਦੁਕਾਨਦਾਰ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਪਹਿਲਾਂ ਤੋਂ ਜਾਰੀ ਸਰਕਾਰੀ ਆਦੇਸ਼ਾਂ ਦਾ ਪਾਲਣ ਕਰਨ। ਸੂਬੇ 'ਚ ਬੈਂਕਾਂ ਦੀ ਪਬਲਿਕ ਡੀਲਿੰਗ ਦਾ ਸਮਾਂ ਸਵੇਰੇ 9 ਤੋਂ 1 ਵਜੇ ਤਕ ਰਹੇਗਾ ਪਰ ਇਸ ਤੋਂ ਬਾਅਦ ਉਹ ਆਪਣੀ ਮਰਜ਼ੀ ਅਨੁਸਾਰ ਗੈਰ ਪਬਲਿਕ ਡੀਲਿੰਗ ਦੇ ਅਧਿਕਾਰਿਕ ਕੰਮ ਨਿਪਟਾ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬ 'ਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਨਿਰਧਾਰਿਤ ਕੀਤਾ ਗਿਆ ਸੀ।

ਸੇਵਾ ਕੇਂਦਰਾਂ 'ਚ ਸਟਾਫ ਦੀ ਸੋਸ਼ਲ ਡੀਸਟੈਂਸਿੰਗ ਦੀ ਤਿਆਰੀ
ਸੇਵਾ ਕੇਂਦਰਾਂ ਦੀ ਸਫਾਈ ਨੂੰ ਲੈ ਕੇ ਜਾਰੀ ਆਦੇਸ਼ਾਂ 'ਚ ਇਨ੍ਹਾਂ ਕੇਂਦਰਾਂ 'ਚ ਬੈਠਣ ਵਾਲੇ ਸਟਾਫ ਦੀ ਸੋਸ਼ਲ ਡੀਸਟੈਂਸਿੰਗ ਨੂੰ ਯਕੀਨੀ ਬਣਾਉਣ ਨੂੰ ਵੀ ਕਿਹਾ ਗਿਆ ਹੈ। ਇਨ੍ਹਾਂ ਕੇਂਦਰਾਂ 'ਚ ਬੈਠਣ ਵਾਲਾ ਸਟਾਫ ਹੁਣ ਇਕ ਦੁਸਰੇ ਤੋਂ ਇਕ ਮੀਟਰ ਦੀ ਦੂਰੀ 'ਤੇ ਬੈਠੇਗਾ ਜਦਕਿ ਸਟਾਫ ਦਾ ਲੰਚ ਟਾਈਮ ਵੀ ਇਸ ਤਰੀਕੇ ਨਾਲ ਹੀ ਤਿਆਰ ਕੀਤਾ ਜਾਵੇਗਾ ਤਾਂ ਕਿ ਦਫਤਰਾਂ 'ਚ ਭੀੜ ਨਾ ਹੋਵੇ। ਸਰਕਾਰ ਇਹ ਵੀ ਯਕੀਨੀ ਕਰ ਰਹੀ ਹੈ ਕਿ ਜੋ ਸਟਾਫ ਦਸਤਾਵੇਜ਼ ਜਾਂ ਨਕਦੀ ਲੈਣ 'ਚ ਸ਼ਾਮਲ ਹੋਵੇਗਾ, ਉਹ ਬਾਰ-ਬਾਰ ਸਾਬੁਨ ਅਤੇ ਪਾਣੀ ਨਾਲ ਆਪਣੇ ਹੱਥ ਧੋਵੇਗਾ।

KamalJeet Singh

This news is Content Editor KamalJeet Singh