ਤਾਲਾਬੰਦੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸ਼ਰਾਬ ਦੇ ਠੇਕੇ, ਹੁਕਮਾਂ ਨੂੰ ਜਾਣਦੇ ''ਟਿੱਚ''

06/15/2020 1:57:55 PM

ਜਲਾਲਾਬਾਦ (ਸੇਤੀਆ) : ਕੋਰੋਨਾ ਦੇ ਵੱਧਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖ ਕੇ ਸਰਕਾਰਾਂ ਨੇ ਫਿਰ ਤੋਂ ਤਾਲਾਬੰਦੀ ਲਗਾਉਣੀ ਪੈ ਰਹੀ ਹੈ ਅਤੇ ਸਰਕਾਰ ਨੇ ਵੀਕਐਂਡ ਅਤੇ ਪਬਲਿਕ ਹੋਲੀ ਡੇਅ 'ਤੇ ਪੂਰਨ ਲਾਕਡਾਊਨ ਦਾ ਫੈਸਲਾ ਲਿਆ ਹੈ ਜਿਸ 'ਚ ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਜ਼ਾਰ ਬੰਦ ਰੱਖਣ ਸਬੰਧੀ ਹੁਕਮ ਜਾਰੀ ਹਨ। ਇਸ ਦੇ ਉਲਟ ਜਲਾਲਾਬਾਦ ਸ਼ਹਿਰ 'ਚ ਰਾਤ 10.30 ਵਜੇ ਤੱਕ ਸ਼ਰਾਬ ਦੇ ਸ਼ਰੇਆਮ ਖੁੱਲੇ ਠੇਕੇ  ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਜਦੋਂ ਰਾਤ ਕਰੀਬ 10.30 ਵਜੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਨਵਾਂ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ, ਦਾਣਾ ਮੰਡੀ ਦੇ ਸਾਹਮਣੇ, ਗੁਮਾਨੀ ਵਾਲਾ ਚੌਕ ਦਾ ਦੌਰਾ ਕੀਤਾ ਗਿਆ ਤਾਂ ਇਥੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਸਨ। ਗੁਮਾਨੀ ਵਾਲਾ ਚੌਂਕ ਜਦੋਂ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਣ 'ਤੇ ਕਰਿੰਦੇ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕੇ ਠੇਕੇਦਾਰ ਨਾਲ ਫੋਨ 'ਤੇ ਗੱਲ ਕਰੋ ਪਰ ਜਦੋਂ ਫੋਨ 'ਤੇ ਗੱਲ ਕਰਨ ਤੋਂ ਨਾਂਹ ਕੀਤੀ ਤਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ, ਜਿਸ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਐੱਸ. ਐੱਸ. ਪੀ. ਦੇ ਧਿਆਨ 'ਚ ਲਿਆਂਦਾ ਗਿਆ ਤਾਂ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਠੇਕਾ ਬੰਦ ਕਰ ਕਰਕੇ ਫਰਾਰ ਹੋ ਗਏ।

ਇਥੇ ਦੱਸ ਦੇਈਏ ਕਿ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਬਾਜ਼ਾਰਾਂ 'ਚ ਕਾਫੀ ਸਖ਼ਤੀ ਵਰਤ ਰਿਹਾ ਹੈ। ਸਮਾਬੰਦੀ ਅਨੁਸਾਰ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਨਿਯਮ ਤੋੜਣ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ਪਰ ਦੂਜੇ ਪਾਸੇ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਰਾਤ ਕਰੀਬ 8 ਵਜੇ ਤੱਕ ਸ਼ਰਾਬ ਠੇਕੇਦਾਰਾਂ ਨੂੰ ਦੁਕਾਨਾਂ ਖੋਲਵਣ ਦੀ ਇਜਾਜ਼ਤ ਹੈ ਪਰ ਇਧਰ ਪੁਲਸ ਪ੍ਰਸ਼ਾਸਨ ਦੀ ਨਜ਼ਰ ਨਹੀਂ ਜਾ ਰਹੀ ਤੇ ਨਾ ਹੀ ਐਕਸਾਈਜ਼ ਵਿਭਾਗ ਨਿਯਮਾਂ ਨੂੰ ਲੈ ਕੇ ਸਖ਼ਤੀ ਦਿਖਾ ਰਿਹਾ ਹੈ। 

ਉਧਰ ਸਮਾਜ ਸੇਵੀ ਜਸਵਿੰਦਰ ਵਰਮਾ ਦਾ ਕਹਿਣਾ ਹੈ ਕਿ ਸਰਕਾਰੀ ਨਿਰਦੇਸ਼ ਸਾਰਿਆਂ ਲਈ ਇਕ ਬਰਾਬਰ ਹੋਣੇ ਚਾਹੀਦੇ ਹਨ ਪਰ ਆਮ ਦੁਕਾਨਦਾਰ ਦਾ ਧੱਕੇ ਨਾਲ ਸ਼ਟਰ ਬੰਦ ਕਰਵਾ ਦਿੱਤਾ ਜਾਂਦਾ ਹੈ ਪਰ ਸ਼ਰਾਬ ਵੇਚਣ ਵਾਲਿਆਂ ਤੇ ਪੁਲਸ ਮੇਹਰਬਾਨ ਦਿਖਾਈ ਦਿੰਦੀ ਹੈ। ਉਧਰ ਸ਼ਹਿਰ ਦੇ ਕੁੱਝ ਹੋਰ ਲੋਕਾਂ ਨੇ ਕਿਹਾ ਕਿ ਜੇਕਰ ਸਮਾਬੰਦੀ ਤੋਂ ਬਾਅਦ ਠੇਕੇ ਬੰਦ ਰਹੇ ਤਾਂ ਉਹ ਵੀ ਦੁਕਾਨਾਂ ਖੋਲ੍ਹਣਗੇ ਅਤੇ ਸਰਕਾਰ ਤੇ ਪ੍ਰਸ਼ਾਸਨ ਦੀ ਪੱਖਪਾਤ ਦੀ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।  ਉਧਰ ਐਕਸਾਈਜ ਵਿਭਾਗ ਦੇ ਏ. ਟੀ. ਸੀ. ਰੁਮਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹੇਠਲੇ ਪੱਧਰ 'ਤੇ ਅਫਸਰਾਂ ਨਾਲ ਗੱਲਬਾਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦੁਕਾਨਾਂ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੈ। 

ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਆਈ.ਟੀ.ਓ ਜੀਵਨ ਸਿੰਗਲਾ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਠੇਕੇਦਾਰਾਂ ਦੀ ਮੀਟਿੰਗ ਬੁਲਾ ਕੇ ਰਾਤ 8 ਵਜੇ ਠੇਕੇ ਬੰਦ ਕਰਨ ਲਈ ਕਿਹਾ ਜਾਵੇਗਾ। ਉਧਰ ਪੁਲਸ ਦੀ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਠੇਕੇ ਬੰਦ ਕਰਵਾਉਣ ਲਈ ਜਾਂਦੇ ਹਨ ਪਰ ਅੱਗੋਂ ਅਧਿਕਾਰੀਆਂ ਵਲੋਂ ਟੈਕਸ ਕੁਲੈਕਸ਼ਨ ਹਵਾਲਾ ਦੇ ਦਿੱਤਾ ਜਾਂਦਾ ਹੈ ਕਿ ਸਰਕਾਰ ਨੂੰ ਰੈਵੇਨਿਊ ਕਿੱਥੋਂ ਪਹੁੰਚੇਗਾ।

Gurminder Singh

This news is Content Editor Gurminder Singh