9 ਹਜ਼ਾਰ ਸਟ੍ਰੀਟ ਲਾਈਟਾਂ ਨਾਲ ਰੌਸ਼ਨ ਹੋਵੇਗਾ ਮਹਾਨਗਰ, 23 ਕਰੋੜ ਦੀ ਮਸ਼ੀਨਰੀ ਨਾਲ ਹੋਵੇਗਾ ਸੁੰਦਰੀਕਰਨ

09/23/2023 11:36:07 AM

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸ਼ਹਿਰ ਦੇ ਵਿਕਾਸ ਲਈ ਆਪਣੀ ਪਲਾਨਿੰਗ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਸ਼ੁੱਕਰਵਾਰ ਰਾਤ ਦੇ ਕਰੀਬ 9 ਵਜੇ ਤੱਕ ਮੰਤਰੀ ਬਲਕਾਰ ਸਿੰਘ ਵੱਲੋਂ ਸਥਾਨਕ ਕਾਰਪੋਰੇਸ਼ਨ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਸ਼ਹਿਰ ਦੇ ਸੁੰਦਰੀਕਰਨ ਲਈ ਗੰਭੀਰ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਚਰਚਾ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਬਣਾਉਣ, ਸੀਵਰੇਜ, ਡੰਪ ਅਤੇ ਗੰਦਗੀ ਦੀ ਸਮੱਸਿਆ ਸਬੰਧੀ ਕੀਤੀ ਗਈ। ਮੰਤਰੀ ਨੇ ਜਿੱਥੇ ਅਫ਼ਸਰਾਂ ਤੋਂ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਲਿਆ, ਉੱਥੇ ਹੀ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਨੁਕਤੇ ਸਾਂਝੇ ਕੀਤੇ।

ਸਭ ਤੋਂ ਪਹਿਲਾਂ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦਾ ਹੱਲ ਕਰਨ ’ਤੇ ਵਿਚਾਰ ਕੀਤਾ ਗਿਆ, ਜਿਸ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਸ਼ਹਿਰ ’ਚ ਕੁੱਲ 5000 ਲਾਈਟਾਂ ਹਨ, ਜਿਨ੍ਹਾਂ ’ਚੋਂ ਸਿਰਫ਼ 1700 ਦੇ ਕਰੀਬ ਲਾਈਟਾਂ ਹੀ ਕੰਮ ਕਰ ਰਹੀਆਂ ਹਨ। ਇਸ ਦੇ ਹੱਲ ਲਈ ਅਧਿਕਾਰੀਆਂ ਨੇ ਦੱਸਿਆ ਕਿ ਉਹ 3300 ਸਟ੍ਰੀਟ ਲਾਈਟਾਂ ਲਾਉਣ ਦਾ ਪ੍ਰਾਜੈਕਟ ਤਿਆਰ ਕਰ ਚੁੱਕੇ ਹਨ ਅਤੇ ਟੈਂਡਰ ਲਾਉਣ ਦੀ ਤਿਆਰੀ ਹੈ, ਜਦਕਿ ਕੁੱਲ 9 ਹਜ਼ਾਰ ਲਾਈਟਾਂ ਲਾਉਣ ਦਾ ਪਲਾਨ ਹੈ। ਮੰਤਰੀ ਨੇ ਅਫ਼ਸਰਾਂ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਕਿ ਕੰਮ ਜਲਦੀ ਮੁਕੰਮਲ ਕੀਤੇ ਜਾਣ ਨਾ ਕਿ ਟੈਂਡਰਾਂ ਦੇ ਉਲਝਾ ਜਾਂ ਉਡੀਕ ’ਚ ਹੀ ਦੇਰੀ ਹੋ ਜਾਵੇ। ਮੀਟਿੰਗ ਦੌਰਾਨ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨ ਲਈ ਨਵੀਆਂ ਮਸ਼ੀਨਾਂ ਖ਼ਰੀਦਣ ਦਾ ਫ਼ੈਸਲਾ ਲਿਆ ਗਿਆ।

ਇਹ ਵੀ ਪੜ੍ਹੋ- ਕੈਨੇਡਾ ਨਾਲ ਤਣਾਅ ਦਾ ਭਾਰਤੀ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦੈ ਖ਼ਾਮਿਆਜ਼ਾ, ਟਰੈਵਲ ਇੰਡਸਟਰੀ ਵੀ ਸੰਕਟ ’ਚ

ਬਲਕਾਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਬਣੇ ਰੋਡਮੈਪ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਹ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਅਫ਼ਸਰਾਂ ਦੀ ਅਣਗਹਿਲੀ ਕਰਕੇ ਸ਼ਹਿਰ ਦਾ ਨੁਕਸਾਨ ਹੋਵੇ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਹਿਰ ਦੇ ਵਿਕਾਸ ’ਚ ਕਿਸੇ ਤਰ੍ਹਾਂ ਦੀ ਕੁਰੱਪਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਉਦੇਸ਼ ਹੀ ਈਮਾਨਦਾਰੀ ਹੈ। ਮੀਟਿੰਗ ਦੌਰਾਨ ਸਭ ਤੋਂ ਵਧੇਰੇ ਸ਼ਹਿਰ ਦੀਆਂ ਸੜਕਾਂ, ਸੀਵਰੇਜ ਅਤੇ ਸਫ਼ਾਈ ਉੱਪਰ ਚਰਚਾ ਕੀਤੀ ਗਈ। ਮੰਤਰੀ ਨੇ ਕਿਹਾ ਕਿ ਮੇਰੇ ਵੱਲੋਂ ਹਰ ਕੰਮ ਲਈ ਹਰੀ ਝੰਡੀ ਹੈ, ਸਫ਼ਾਈ ਲਈ ਕੋਈ ਵੀ ਨਵੀਂ ਮਸ਼ੀਨ ਜਾਂ ਤਕਨੀਕ ਦੀ ਲੋੜ ਹੈ ਤਾਂ ਉਹ ਹਰ ਕੰਮ ਲਈ ਹਮੇਸ਼ਾ ਹਾਜ਼ਰ ਹਨ। ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਪਰ ਅਧਿਕਾਰੀਆਂ ਨੂੰ ਆਪਣੀ ਰੁਚੀ ਵਧਾਉਣ ਦੀ ਲੋੜ ਹੈ।

ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਸਫ਼ਾਈ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣ ਤਾਂ ਜੋ ਉਹ ਜ਼ਮੀਨੀ ਪੱਧਰ ’ਤੇ ਆ ਰਹੀਆਂ ਸਮੱਸਿਆਵਾਂ ਬਾਰੇ ਜਾਣ ਸਕਣ। ਇਸ ਉਪਰੰਤ ਅਫ਼ਸਰਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ ਮਸ਼ੀਨਰੀ ਲਈ ਤਕਰੀਬਨ 40 ਕਰੋੜ ਦਾ ਫੰਡ ਪਿਆ ਹੈ, ਜਿਸ ’ਚੋਂ 23 ਕਰੋੜ ਦੀ 13 ਤਰ੍ਹਾਂ ਦੀ ਮਸ਼ੀਨਰੀ ਖ਼ਰੀਦ ਰਹੇ ਹਨ, ਜਿਸ ’ਚ 14 ਟਿੱਪਰ ਪੰਜ ਕਿਊਬਿਕ, 7 ਜੇ. ਸੀ. ਬੀ., 7 ਟਰੈਕਟਰ ਅਤੇ 1 ਕਰੋਲ਼ਾ ਡੋਜਰ, 9 ਵੀਲ ਲੋਡਰ,1 ਪੋਕਲੇਨ ਮਸ਼ੀਨ ਅਤੇ 2 ਸੈਲਫ਼ ਪ੍ਰੀਪੇਡ ਸਵੀਪਿੰਗ ਮਸ਼ੀਨ ਖ਼ਰੀਦ ਰਹੇ ਹਨ, ਜਿਸ ਲਈ ਟੈਂਡਰ ਲੱਗ ਚੁੱਕਾ ਹੈ, ਜੋ ਆਉਣ ਵਾਲੇ ਦਿਨਾਂ ’ਚ ਖੁੱਲ੍ਹੇਗਾ। ਇਸ ਦੌਰਾਨ ਅਧਿਕਾਰੀਆਂ ਨੇ ਜਦੋਂ ਮੰਤਰੀ ਕੋਲ ਸਟਾਫ਼ ਦੀ ਕਟੌਤੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਤੁਰੰਤ ਆਊਟਸੋਰਸ ਕਰਕੇ ਇਸ ਦਿੱਕਤ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਉਨ੍ਹਾਂ 4 ਸੁਪਰਸੈਕਸ਼ਨ ਮਸ਼ੀਨਾਂ ਵੀ ਖ਼ਰੀਦਣ ਦੀ ਹਦਾਇਤ ਦਿੱਤੀ।

ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

ਅਫ਼ਸਰ ਇਸ ਐਤਵਾਰ ਨਹੀਂ ਕਰਨਗੇ ਛੁੱਟੀ
ਮੰਤਰੀ ਨੇ ਅਫ਼ਸਰਾਂ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਐਤਵਾਰ ਨੂੰ ਵੀ ਸ਼ਹਿਰ ਦੇ ਵਿਕਾਸ ਲਈ ਪੈਂਡਿੰਗ ਕੰਮਾਂ ਦਾ ਮੀਟਿੰਗ ਕਰਕੇ ਹੱਲ ਕਰਨਗੇ, ਜਿਸ ਲਈ ਉਨ੍ਹਾਂ ਸਾਰੇ ਅਫ਼ਸਰਾਂ ਨੂੰ ਛੁੱਟੀ ਨਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ 3 ਦਿਨ ਲਈ ਜਲੰਧਰ ਰਹਿਣਗੇ ਅਤੇ ਚੌਥੇ ਦਿਨ ਕੰਮ ਸ਼ੁਰੂ ਕਰਵਾ ਕੇ ਹੀ ਚੰਡੀਗੜ੍ਹ ਰਵਾਨਾ ਹੋਣਗੇ। ਮੰਤਰੀ ਨੇ ਕਿਹਾ ਕਿ ਸਾਰੇ ਮੁਲਾਜ਼ਮਾਂ ਲਈ ਐਤਵਾਰ ਵੀ ਸੋਮਵਾਰ ਵਰਗਾ ਹੀ ਰਹੇਗਾ। ਇਸ ਦੌਰਾਨ ਕਪੂਰਥਲਾ ਅਤੇ ਵਰਕਸ਼ਾਪ ਚੌਂਕ ਸਮੇਤ ਕੂਲ ਰੋਡ, ਗੜ੍ਹਾ ਰੋਡ ਅਤੇ ਸ਼ਹਿਰ ਦੀਆਂ ਕਈ ਸੜਕਾਂ ਸਬੰਧੀ ਵੀ ਵਿਸਥਾਰ ’ਚ ਚਰਚਾ ਕੀਤੀ ਗਈ, ਜਿਸ ਲਈ ਜਲਦੀ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਕੀਤੇ ਗਏ। ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਕੋਈ ਵੀ ਸੜਕ ’ਤੇ ਉਹ ਇਕ ਵੀ ਟੋਇਆ ਜਾਂ ਉੱਖਲੀ ਨਹੀਂ ਵੇਖਣੀ ਚਾਹੁੰਦੇ।

ਕੂਲ ਰੋਡ ਅਤੇ ਪਿਮਸ ਰੋਡ ਦੀ ਬਦਲੇਗੀ ਤਸਵੀਰ
ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਕੂਲ ਰੋਡ ਦਾ 2 ਕਰੋੜ 40 ਲੱਖ ਦਾ ਟੈਂਡਰ ਹੋ ਚੁੱਕਾ ਹੈ, ਜੋ 26 ਸਤੰਬਰ ਨੂੰ ਖੁੱਲ੍ਹੇਗਾ ਪਰ ਮੰਤਰੀ ਵੱਲੋਂ ਇਸ ਨੂੰ ਹੋਰ ਵੀ ਛੇਤੀ ਕਰਵਾਉਣ ਲਈ ਕਿਹਾ ਗਿਆ ਤੇ ਨਾਲ ਹੀ ਹਦਾਇਤ ਕੀਤੀ ਕਿ ਟੈਂਡਰ ’ਚ ਕੋਈ ਵੀ ਗੜਬੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕੰਮ ’ਚ ਕੋਈ ਘਪਲਾ ਹੋਇਆ ਤਾਂ ਉਹ ਵਿਜੀਲੈਂਸ ਕੋਲ਼ੋਂ ਉਸ ਦੀ ਜਾਂਚ ਕਰਵਾਉਣਗੇ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੀ 16 ਅਕਤੂਬਰ ਨੂੰ ਪਿਮਸ ਰੋਡ ਦਾ ਵੀ ਟੈਂਡਰ ਖੁੱਲ੍ਹੇਗਾ, ਜੋ ਸ਼ਹਿਰ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਇਲਾਵਾ ਅਗਲੇ ਹਫ਼ਤੇ ਮਕਸੂਦਾਂ ਰੋਡ ਦਾ ਵੀ ਕੰਮ ਸ਼ੁਰੂ ਹੋ ਜਾਵੇਗਾ।

ਮਹਿਕਮੇ ’ਚ ਵੱਖ-ਵੱਖ ਸਕੀਮਾਂ ਤਹਿਤ ਪਏ ਹੋਏ ਫੰਡਾਂ ਦਾ ਵੇਰਵਾ ਲੈੰਦਿਆਂ ਬਲਕਾਰ ਸਿੰਘ ਨੇ ਕਿਹਾ ਕਿ ਸਾਰਾ ਪੈਸਾ ਖ਼ਾਤਿਆਂ ’ਚ ਰੱਖਣ ਦੀ ਬਜਾਏ ਸ਼ਹਿਰ ਦੇ ਸੁੰਦਰੀਕਰਨ ’ਤੇ ਤੁਰੰਤ ਲਾ ਦਿੱਤਾ ਜਾਵੇ ਅਤੇ ਜੇਕਰ ਲੋੜ ਪਵੇਗੀ ਤਾਂ ਉਹ ਮੁੱਖ ਮੰਤਰੀ ਕੋਲ਼ੋਂ ਹੋਰ ਵੀ ਫੰਡ ਲੈ ਕੇ ਆਉਣਗੇ। ਮੀਟਿੰਗ ਦੀ ਸਮਾਪਤੀ ਕਰਦਿਆਂ ਮੰਤਰੀ ਨੇ ਅਗਲੀ ਮੀਟਿੰਗ ਲਈ ਅਫਸਰਾਂ ਨੂੰ ਚੱਲ ਰਹੇ ਅਤੇ ਪੈਂਡਿੰਗ ਪਏ ਸਾਰੇ ਕੰਮਾਂ ਦੇ ਵੇਰਵੇ ਲੈ ਕੇ ਆਉਣ ਲਈ ਕਿਹਾ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri