ਲਾਈਵ ਹੋਣ ਵਾਲੇ ਪੁਲਸ ਮੁਲਾਜ਼ਮ ਦਾ ਆਪਣਾ ਹੀ ਮਹਿਕਮਾ ਹੋਇਆ ਵੈਰੀ!

09/02/2019 6:15:21 PM

ਫਤਿਹਗੜ੍ਹ ਸਾਹਿਬ (ਜਗਦੇਵ)—ਪੰਜਾਬ ਪੁਲਸ ਦੇ ਇਕ ਹੈੱਡ ਕਾਂਸਟੇਬਲ ਨੇ ਸੋਸ਼ਲ ਮੀਡੀਆ ਤੇ ਨਸ਼ਿਆਂ ਸਬੰਧੀ ਦਰਜ ਕੀਤੇ ਗਏ ਇਕ ਕੇਸ ਨੂੰ ਰਫਾ-ਦਫਾ ਕਰਵਾਉਣ ਤੇ ਉਸ ਨੂੰ ਸਸਪੈਂਡ ਕਰਵਾਉਣ ਦਾ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਇਸ ਹੈੱਡ ਕਾਂਸਟੇਬਲ ਵਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੂਲੇਪੁਰ ਦੇ ਸਰਪੰਚ ਦੇ ਭਰਾ ਤੇ ਦਰਜ ਕੀਤੇ ਗਏ ਮਾਮਲੇ ਨੂੰ ਰਾਜਨੀਤਿਕ ਦਬਾਅ ਹੇਠ ਪੁਲਸ ਦੇ ਉੱਚ ਅਧਿਕਾਰੀਆਂ ਤੇ ਦਬਾਅ ਪਾ ਕੇ ਕੈਂਸਲ ਕਰਵਾਉਣ ਦੇ ਕਥਿਤ ਦੋਸ਼ ਲਗਾਏ ਹਨ।ਉਧਰ ਜਿਥੇ ਐੱਸ.ਪੀ. ਡੀ. ਫਤਿਹਗੜ੍ਹ ਸਾਹਿਬ ਹਰਪਾਲ ਸਿੰਘ ਵਲੋਂ ਹੌਲਦਾਰ ਵਲੋਂ ਨਸ਼ਿਆਂ ਸਬੰਧੀ ਦਰਜ ਕੀਤੇ ਗਏ ਕੇਸ ਨੂੰ ਰਫਾ-ਦਫਾ ਕਰਨ ਦੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਸ ਤੇ ਅਜਿਹਾ ਕੋਈ ਦਬਾਅ ਨਹੀਂ । ਉਨ੍ਹਾਂ ਕਿਹਾ ਕਿ ਹੌਲਦਾਰ ਰਿਸ਼ਪਾਲ ਸਿੰਘ ਇਹ ਮੈਸੇਜ ਇਸ ਕਰਕੇ ਦੇ ਰਿਹਾ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਜਾ ਚੁੱਕਾ ਹੈ।

ਦੂਜੇ ਪਾਸੇ ਪਿੰਡ ਮੂਲੈਪੁਰ ਦੇ ਸਰਪੰਚ ਹਰਿੰਦਰ ਸਿੰਘ ਨੇ ਹੈੱਡ ਕਾਂਸਟੇਬਲ ਵਲੋਂ ਦਰਜ ਕੀਤੇ ਗਏ ਮਾਮਲੇ ਤੇ ਉਸ ਦੀ ਸ਼ਾਨ ਖਿਲਾਫ ਬੋਲਣ ਨੂੰ ਲੈ ਕੇ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਗੱਲ ਕੀਤੀ ਹੈ। ਸਰਪੰਚ ਨੇ ਕਿਹਾ ਕਿ ਉਸ ਦੇ ਚਰੇਰੇ ਭਰਾ ਨੂੰ ਕੰਮ ਤੋਂ ਇਸ ਹੌਲਦਾਰ ਵਲੋਂ ਕਿਸੇ ਕੇਸ ਦੇ ਸਿਲਸਿਲੇ ਵਿਚ ਪੁੱਛ-ਪੜਤਾਲ ਕਰਨ ਬਾਰੇ ਕਹਿ ਕੇ ਲਿਆਂਦਾ ਗਿਆ ਜਿਸ ਦੀ ਫਰਮ ਵਿਚ ਬਕਾਇਦਾ ਐਂਟਰੀ ਦਰਜ ਹੈ ਤੇ ਫਿਰ ਉਸ ਨੂੰ ਪੁਲਸ ਨਾਕਾ ਦਿਖਾ ਕੇ ਥਾਣਾ ਮੂਲੇਪੁਰ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ।
ਉਨ੍ਹਾਂ ਇਸ ਸਬੰਧੀ ਵਿਚ ਜ਼ਿਲਾ ਪੁਲਸ ਮੁਖੀ ਫਤਿਹਗੜ੍ਹ ਸਾਹਿਬ ਨੂੰ ਹੌਲਦਾਰ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਸਬੰਧੀ ਬੇਨਤੀ ਵੀ ਕੀਤੀ। ਸਰਪੰਚ ਨੇ ਕਿਹਾ ਕਿ ਉਹ ਆਪਣੇ ਤੇ ਲਗਾਏ ਦੋਸ਼ਾਂ ਨਾਲ ਉਸ ਦੀ ਹੋਈ ਬਦਨਾਮੀ ਕਾਰਨ ਪੁਲਸ ਮੁਲਾਜ਼ਮ ਵਿਰੁੱਧ ਮਾਨਯੋਗ ਅਦਾਲਤ ਵਿਚ ਵੀ ਜਾਣਗੇ ਤੇ ਇਸ ਮਾਮਲੇ ਦੀ ਤਫਤੀਸ਼ ਡੂੰਘਾਈ ਨਾਲ ਕਰਵਾਉਣ ਦੀ ਅਪੀਲ ਵੀ ਕਰਨਗੇ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ
ਇਸ ਸਬੰਧੀ ਜ਼ਿਲਾ ਪੁਲਸ ਨੇ ਸੋਸ਼ਲ ਮੀਡੀਆ 'ਤੇ ਹੌਲਦਾਰ ਰਿਸ਼ਪਾਲ ਸਿੰਘ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਦੇ ਸਬੰਧ ਚ ਸਪਸ਼ਟ ਕੀਤਾ ਹੈ ਕਿ 19 ਅਗਸਤ ਨੂੰ ਥਾਣਾ ਮੂਲੇਪੁਰ ਦੀ ਪੁਲਸ ਪਾਰਟੀ ਨੇ ਹਰਵਿੰਦਰ ਸਿੰਘ ਵਾਸੀ ਮੂਲੇਪੁਰ ਪਾਸੋਂ 4000 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕੀਤੀਆਂ ਗਈਆਂ ਸਨ। ਜਿਸ 'ਤੇ ਥਾਣਾ ਮੂਲੇਪੁਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22/61/85 ਅਧੀਨ ਮੁਕੱਦਮਾ ਨੰ: 63 ਮਿਤੀ 19-8-19 ਨੂੰ ਦਰਜ਼ ਕੀਤਾ ਗਿਆ ਸੀ। ਪੁਲਸ ਅਧਿਕਾਰੀ ਦੇ ਮੁਤਾਬਕ ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਥਾਣਾ ਮੂਲੇਪੁਰ ਵੱਲੋਂ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਤੱਥਾਂ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਜਾਂ ਸਰਕਲ ਅਫਸਰ ਵੱਲੋਂ ਹੈਡ ਕੁਆਰਟਰ ਦੇ ਕਿਸੇ ਸੀਨੀਅਰ ਅਧਿਕਾਰੀ ਦੇ ਦਬਾਅ ਹੋਣ ਸਬੰਧੀ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਇਸ ਮੁਕੱਦਮੇ ਨੂੰ ਕੈਂਸਲ ਕਰਨ ਬਾਰੇ ਹੀ ਕੋਈ ਕਾਰਵਾਈ ਵਿਚਾਰ ਅਧੀਨ ਹੈ।  ਉਨ੍ਹਾਂ ਕਿਹਾ ਕਿ ਹੌਲਦਾਰ ਰਿਸ਼ਪਾਲ ਸਿੰਘ ਇਹ ਮੈਸੇਜ ਇਸ ਕਰਕੇ ਦੇ ਰਿਹਾ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਜਾ ਚੁੱਕਾ ਹੈ।

Shyna

This news is Content Editor Shyna