90 ਪੇਟੀਆਂ ਸ਼ਰਾਬ ਬਰਾਮਦ, 2 ਗ੍ਰਿਫਤਾਰ

07/06/2018 4:23:57 AM

ਜਲੰਧਰ, (ਵਰੁਣ)- ਅਰੁਣਾਚਲ ਪ੍ਰਦੇਸ਼ ਤੋਂ ਜਲੰਧਰ ਵਿਚ ਵਿੱਕਰੀ ਲਈ ਮੰਗਵਾਈਆਂ ਗਈਆਂ 90 ਸ਼ਰਾਬ ਦੀਆਂ ਪੇਟੀਆਂ ਸਮੇਤ ਪੁਲਸ ਨੇ ਬਲੈਰੋ ਮੈਕਸੀ ਟਰੱਕ ਦੇ ਡਰਾਈਵਰ ਤੇ ਕਲੀਨਰ ਨੂੰ ਗ੍ਰਿਫਤਾਰ ਕੀਤਾ ਹੈ। ਸ਼ਰਾਬ ਪਟਿਆਲਾ ਦੇ ਸ਼ਰਾਬ ਸਮੱਗਲਰ ਲਾਲੀ ਨੇ ਮੰਗਵਾਈ ਸੀ ਜਿਸ ਨੇ ਜਲੰਧਰ ਦੇ ਇੰਦਰਜੀਤ ਤੇ ਅਸ਼ੋਕ ਸ਼ੌਂਕੀ ਨਾਂ ਦੇ ਸਮੱਗਲਰ ਨੂੰ ਵੇਚਣੀ ਸੀ। ਇਹ ਸ਼ਰਾਬ ਦੀ ਖੇਪ ਫੋਕਲ ਪੁਆਇੰਟ ਵਿਚ ਜਾਣੀ ਸੀ ਪਰ ਫੋਕਲ ਪੁਆਇੰਟ ਦੀ ਕੁਝ ਦੂਰੀ 'ਤੇ ਲੱਗੇ ਨਾਕੇ 'ਤੇ ਟਰੱਕ ਨੂੰ ਰੋਕ ਲਿਆ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਰਾਮਾ ਮੰਡੀ ਦੇ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਨਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲੈਰੋ ਮੈਕਸੀ ਟਰੱਕ ਵਿਚ ਸ਼ਰਾਬ ਦੀ ਖੇਪ ਲਿਆਂਦੀ ਜਾ ਰਹੀ ਹੈ ਜੋ ਫੋਕਲ ਪੁਆਇੰਟ ਵਿਚ ਉਤਾਰੀ ਜਾਣੀ ਹੈ। ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਤੁਰੰਤ ਆਪਣੀ ਟੀਮ ਨਾਲ ਗੁਰੂ ਗੋਬਿੰਦ ਸਿੰਘ ਐਵੇਨਿਊੂ ਕੋਲ ਬੈਰੀਕੇਡ ਲਗਾ ਕੇ ਬਲੈਰੋ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਲੈਰੋ ਟਰੱਕ ਦੇ ਚਾਲਕ ਨੇ ਗੱਡੀ ਰੋਕ ਦੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਗੱਡੀ ਵਿਚ ਸਵਾਰ ਚਾਲਕ ਨੂੰ ਕਾਬੂ ਕਰ ਲਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਅੰਦਰੋਂ 90 ਪੇਟੀਆਂ ਸ਼ਰਾਬ ਦੀਆਂ ਮਿਲੀਆਂ। ਡਰਾਈਵਰ ਤੋਂ ਪੁੱਛਗਿੱਛ ਕੀਤੀ ਤਾਂ ਉਹ ਸ਼ਰਾਬ ਦੇ ਸਟਾਕ ਸਬੰਧੀ ਕੋਈ ਦਸਤਾਵੇਜ਼ ਨਾ ਦਿਖਾ ਸਕਿਆ। ਪੁਲਸ ਨੇ ਦੋਵਾਂ ਨੂੰ ਕਾਬੂ ਕਰ  ਿਲਆ।
ਟਰੱਕ ਚਾਲਕ ਦੀ ਪਛਾਣ ਨਵਜੋਤ ਸਿੰਘ ਉਰਫ ਕੋਮਲ ਵਾਸੀ ਆਨੰਦ ਨਗਰ ਪਟਿਆਲਾ ਤੇ ਰਣਦੀਪ ਉਰਫ ਦੀਪੂ ਪੁੱਤਰ ਕ੍ਰਿਪਾਲ ਸਿੰਘ ਵਾਸੀ ਦੀਪਨਗਰ ਪਟਿਆਲਾ ਵਜੋਂ ਹੋਈ ਹੈ। ਪੁੱਛਗਿੱਛ ਕਰਨ 'ਤੇ ਦੋਵਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਪਟਿਆਲਾ ਦੇ ਲਾਲੀ ਨਾਂ ਦੇ ਵਿਅਕਤੀ ਨੇ ਸ਼ਰਾਬ ਦੀ ਖੇਪ ਫੋਕਲ ਪੁਆਇੰਟ ਦੇ ਇੰਦਰਜੀਤ ਤੇ ਅਸ਼ੋਕ ਸ਼ੌਂਕੀ ਨੂੰ ਦੇਣ ਲਈ ਕਿਹਾ ਸੀ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਬਰਾਮਦ ਹੋਈ ਸ਼ਰਾਬ ਅਰੁਣਾਚਲ ਪ੍ਰਦੇਸ਼ ਤੋਂ ਆਈ ਸੀ ਜੋ ਸਿਰਫ ਉਥੇ ਹੀ ਵੇਚੀ ਜਾ ਸਕਦੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਧੋਖਾਧੜੀ ਦੀ ਧਾਰਾ ਵੀ ਜੋੜ ਦਿੱਤੀ ਹੈ। ਹਾਲਾਂਕਿ ਜਲੰਧਰ ਦੇ ਦੋਵੇਂ ਸਮੱਗਲਰ ਇੰਦਰਜੀਤ ਸਿੰਘ ਤੇ ਅਸ਼ੋਕ ਸ਼ੌਂਕੀ ਬਾਰੇ ਪੁਲਸ ਪੁੱਛਗਿੱਛ ਕਰ ਰਹੀ ਹੈ । ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ। ਪੁਲਸ ਨਵਜੋਤ ਤੇ ਰਣਦੀਪ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।