ਰੋਜ਼ਾਨਾ ਪੈੱਗ ਲਗਾਉਣ ਦੇ ਸ਼ੌਕੀਨਾਂ ਨੂੰ ਲੱਗਾ ਝਟਕਾ, ਮਹਿੰਗੀ ਹੋਈ ਸ਼ਰਾਬ

04/13/2017 6:16:42 PM

 ਲੁਧਿਆਣਾ(ਸੇਠੀ)— ਇਕ ਪਾਸੇ ਜਿੱਥੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘੱਟ ਗਈ ਹੈ, ਉਥੇ ਹੀ ਰੈਸਟੋਰੈਂਟ, ਬੀਅਰ ਬਾਰ ''ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਠੇਕੇਦਾਰ ਨੇ ਮਹਾਨਗਰ ''ਚ ਸਾਲ 2017-18 ਲਈ ਜੋ ਨਵੀਂ ਸੇਲ ਲਿਸਟ ਜਾਰੀ ਕੀਤੀ ਹੈ, ਉਸ ''ਚ ਸ਼ਰਾਬ ਦੀ ਕੀਮਤ ''ਚ 30 ਤੋਂ 35 ਫੀਸਦੀ ਵਾਧਾ ਕੀਤਾ ਗਿਆ ਹੈ। ਅਜਿਹੇ ''ਚ ਇਸ ਦਾ ਅਸਰ ਸ਼ਰਾਬ ਪੀਣ ਦੇ ਸ਼ੌਕੀਨਾਂ ''ਤੇ ਆਉਣ ਵਾਲੇ ਸਮੇਂ ''ਚ ਸਪਸ਼ਟ ਦਿਖੇਗਾ। ਇਸ ਦੇ ਨਾਲ ਹੀ ਰੋਜ਼ਾਨਾ ਪੈੱਗ ਲਗਾਉਣ ਵਾਲੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗਾ ਹੈ। ਠੇਕਿਆਂ ''ਤੇ ਅਜੇ ਸਟਾਕ ਦੀ ਕਮੀ ਵੀ ਹੈ। ਤੁਹਾਨੂੰ ਦੱਸ ਦਈਏ ਇਹ ਵਾਧਾ ਬੀਤੇ ਸਾਲ ਠੇਕੇਦਾਰਾਂ ਨੂੰ ਹੋਏ ਘਾਟੇ ਨੂੰ ਪੂਰਾ ਕਰਨ ਲਈ ਹੈ ਅਤੇ ਵਿਭਾਗ ਐਕਸਾਈਜ਼ ਪਾਲਿਸੀ ''ਚ ਲਾਇਸੈਂਸ ਫੀਸ ''ਚ ਕੀਤੇ ਗਏ ਵਾਧੇ ਲਈ ਹੋ ਸਕਦੀ ਹੈ। 
ਜ਼ਿਲਾ ਲੁਧਿਆਣਾ ਦੇ 684 ਠੇਕਿਆਂ ''ਤੇ ਅਜੇ ਸਾਰੇ ਪੁਰਾਣੇ ਠੇਕੇਦਾਰਾਂ ਦਾ ਹੀ ਕਬਜ਼ਾ ਹੈ, ਜਿਨ੍ਹਾਂ ਦਾ ਮੁਖੀਆ ਅਵਿਨਾਸ਼ ਡੋਡਾ ਹੈ। ਇਸ ਵਾਰ ਇਨ੍ਹਾਂ ਲੋਕਾਂ ਨੇ ਠੇਕੇ ਲੈਣ ਤੋਂ ਪਹਿਲਾਂ ਸੂਬਾ ਸਰਕਾਰ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਵਾਇਆ ਹੈ ਕਿ ਉਹ ਇਸ ਕਾਰੋਬਾਰ ਨੂੰ ਚਲਾ ਸਕਦੇ ਹਨ। ਨਤੀਜੇ ਵਜੋਂ ਸਰਕਾਰ ਨੂੰ ਇਨ੍ਹਾਂ ਨੂੰ ਗਰੁੱਪ ਦੀ ਕੁੱਲ ਰਕਮ ''ਚੋਂ 5 ਫੀਸਦੀ ਛੂਟ ਦੇਣੀ ਪਈ ਸੀ। ਇਸੇ ਗੱਲ ਦਾ ਕੀਮਤ ''ਚ ਵਾਧਾ ਕਰਦੇ ਹੋਏ ਠੇਕੇਦਾਰ ਫਾਇਦਾ ਚੁੱਕਣਗੇ ਅਤੇ ਸ਼ਰਾਬ ਮਨਮਰਜ਼ੀ ਦੀ ਕੀਮਤ ''ਤੇ ਵੇਚਣਗੇ। ਜ਼ਿਲਾ ਤੋਂ 143 ਠੇਕੇ ਸਟੇਟ ਅਤੇ ਨੈਸ਼ਨਲ ਹਾਈਵੇਅ ਤੋਂ ਹਟਾਏ ਵੀ ਗਏ ਹਨ। 100 ਦੇ ਲਗਭਗ ਬੀਅਰ ਬਾਰ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਵੀ ਇਸੇ ਦਾਇਰੇ ''ਚ ਆਉਂਦੇ ਹਨ ਅਤੇ ਉਹ ਵੀ ਸ਼ਰਾਬ ਦਾ ਸੇਵਣ ਨਹੀਂ ਕਰਵਾ ਪਾਉਣਗੇ। 
ਸਰਕਾਰੀ ਫੀਸ ਦੇ ਹਿਸਾਬ ਨਾਲ ਵਧਾਏ ਰੇਟ: ਡੋਡਾ
ਪ੍ਰਮੁੱਖ ਠੇਕੇਦਾਰ ਅਵਿਨਾਸ਼ ਡੋਡਾ ਨੇ ਵਧੀ ਕੀਮਤ ਦੇ ਸੰਬੰਧ ''ਚ ਕਿਹਾ ਕਿ ਇਹ ਵਾਧਾ ਸਰਕਾਰ ਦੀ ਲਾਇਸੈਂਸ ਫੀਸ ਦੇ ਹਿਸਾਬ ਨਾਲ ਕੀਤਾ ਗਿਆ ਹੈ ਜਦਕਿ ਇਸ ਦੇ ਹੋਰ ਖਰਚੇ ''ਚ ਵੀ ਵਾਧਾ ਹੋਇਆ ਹੈ। 
ਰੇਟ ''ਚ ਵਾਧਾ ਠੇਕੇਦਾਰਾਂ ''ਤੇ ਨਿਰਭਰ ਹੈ: ਡੀ. ਈ. ਟੀ. ਸੀ.
ਇਸ ਵਧੀ ਕੀਮਤ ਦੇ ਬਾਰੇ ਜਦੋਂ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜੇ. ਕੇ. ਜੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਰੇਟ ''ਚ ਵਾਧਾ ਠੇਕੇਦਾਰਾਂ ''ਤੇ ਨਿਰਭਰ ਹੁੰਦਾ ਹੈ। ਇਸ ''ਚ ਵਿਭਾਗ ਤੋਂ ਇਜਾਜ਼ਤ ਲੈਣ ਦੀ ਉਨ੍ਹਾਂ ਨੂੰ ਲੋੜ ਨਹੀਂ ਹੈ। ਅਜਿਹਾ ਹੀ ਐਕਸਾਈਜ਼ ਪਾਲਿਸੀ ਦਾ ਨਿਯਮ ਹੈ।