ਸ਼ਰਾਬ ਕਾਰੋਬਾਰ ਆਪਣੇ ਹੱਥ ''ਚ ਲੈਣ ਦੀ ਤਿਆਰੀ ''ਚ ਰਾਜ ਸਰਕਾਰ

01/17/2018 8:11:25 AM

ਲੁਧਿਆਣਾ (ਪੰਕਜ)-ਖਸਤਾ ਹਾਲ ਆਰਥਿਕ ਹਾਲਤ ਤੋਂ ਉਭਰਨ ਲਈ ਆਮਦਨ ਦੇ ਨਵੇਂ ਸਰੋਤਾਂ ਦੀ ਭਾਲ 'ਚ ਲੱਗੀ ਪੰਜਾਬ ਸਰਕਾਰ ਅਗਲੇ ਵਿੱਤੀ ਸਾਲ ਦੌਰਾਨ ਹੋਲਸੇਲ ਸ਼ਰਾਬ ਕਾਰੋਬਾਰ ਨੂੰ ਆਪਣੇ ਹੱਥਾਂ 'ਚ ਲੈਣ ਲਈ ਵੱਖਰੇ ਨਿਗਮ ਦੇ ਗਠਨ ਦੀ ਤਿਆਰੀ 'ਚ ਹੈ। ਆਬਕਾਰੀ ਦੇ ਕਰ ਵਿਭਾਗ ਵਲੋਂ ਰਾਜਸਥਾਨ ਮਾਡਲ ਦੀ ਤਰਜ਼ 'ਤੇ ਤਿਆਰ ਕੀਤਾ ਮਸੌਦਾ ਜਲਦ ਮੁੱਖ ਮੰਤਰੀ ਸਾਹਮਣੇ ਰੱਖਣ ਦੀ ਖ਼ਬਰ ਹੈ, ਜਿਥੋਂ ਹਰੀ ਝੰਡੀ ਮਿਲਦੇ ਹੀ ਵਿਭਾਗ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਵੇਗਾ। ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੰਨੀਏ ਤਾਂ ਸਰਕਾਰ ਜੇਕਰ ਹੋਲਸੇਲ ਸ਼ਰਾਬ ਕਾਰੋਬਾਰ ਨੂੰ ਆਪਣੇ ਹੱਥਾਂ 'ਚ ਲੈਂਦੀ ਹੈ ਤਾਂ ਉਸ ਨੂੰ 3 ਹਜ਼ਾਰ ਕਰੋੜ ਤੱਕ ਵਾਧੂ ਕਰ ਮਿਲਣ ਦੀ ਆਸ ਹੈ। ਪਿਛਲੇ ਸਾਲ ਵੀ ਸਰਕਾਰ ਸ਼ਰਾਬ ਕਾਰੋਬਾਰ ਨੂੰ ਆਪਣੇ ਹੱਥ 'ਚ ਲੈਣ ਦੀ ਇੱਛੁਕ ਸੀ ਪਰ ਹਾਲਾਤ ਤੇ ਸਮੇਂ ਦੀ ਕਮੀ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ ਪਰ ਕਰ ਵਧਾਉਣ ਲਈ ਦ੍ਰਿੜ ਸੰਕਲਪ ਆਬਕਾਰੀ ਦੇ ਕਰ ਵਿਭਾਗ ਦੇ ਉੱਚ ਅਧਿਕਾਰੀ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਹੋਮਵਰਕ 'ਚ ਜੁਟੇ ਰਹੇ। ਹਾਲਾਂਕਿ ਇਸ ਦੌਰਾਨ ਵਿਭਾਗ ਨੇ ਤਾਮਿਲਨਾਡੂ, ਕੇਰਲਾ ਮਾਡਲ ਦਾ ਵੀ ਗੰਭੀਰਤਾ ਨਾਲ ਅÎਧਿਐਨ ਕੀਤਾ ਪਰ ਰਾਜਸਥਾਨ ਮਾਡਲ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਲੱਗਾ, ਜਿਸ 'ਤੇ ਅਧਿਕਾਰੀਆਂ ਨੇ ਉਸੇ 'ਤੇ ਆਪਣੀ ਸਹਿਮਤੀ ਦਿੱਤੀ। ਅਸਲ 'ਚ ਮੌਜੂਦਾ ਸਾਲ ਦੌਰਾਨ ਹਾਈਵੇ 'ਤੇ ਸ਼ਰਾਬ ਦੇ ਠੇਕਿਆਂ 'ਤੇ ਪਾਬੰਦੀ ਸਮੇਤ ਹੋਟਲਾਂ, ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟ ਸਬੰਧੀ ਚੱਲੇ ਝਗੜੇ ਨਾਲ ਸਰਕਾਰ ਦੇ ਕਰ ਨੂੰ ਕਾਫੀ ਨੁਕਸਾਨ ਹੋਣ ਦੀ ਸ਼ੰਕਾ ਹੈ। ਅਜਿਹੇ 'ਚ ਜੇਕਰ ਸਰਕਾਰ ਨਿਗਮ ਦਾ ਗਠਨ ਕਰ ਕੇ ਹੋਲਸੇਲ ਸ਼ਰਾਬ ਕਾਰੋਬਾਰ ਆਪਣੇ ਹੱਥਾਂ 'ਚ ਲੈਂਦੀ ਹੈ ਤਾਂ ਉਸ ਨੂੰ ਖਾਸਾ ਕਰ ਪ੍ਰਾਪਤ ਹੋਵੇਗਾ। ਹਾਲਾਂਕਿ ਰਿਟੇਲ ਕਾਰੋਬਾਰ ਨਿੱਜੀ ਹੱਥਾਂ ਵਿਚ ਹੀ ਰਹੇਗਾ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੂਰਾ ਹੋਮਵਰਕ ਕਰ ਕੇ ਫਾਈਲ ਨੂੰ ਮੁੱਖ ਮੰਤਰੀ ਦੇ ਕੋਲ ਭੇਜ ਦਿੱਤਾ ਗਿਆ ਹੈ, ਜਿਥੋਂ ਇਸ਼ਾਰਾ ਮਿਲਦੇ ਹੀ ਇਸ ਨੂੰ ਅਧਿਕਾਰਤ ਮਨਜ਼ੂਰੀ ਲਈ ਮੰਤਰੀ ਮੰਡਲ 'ਚ ਭੇਜਿਆ ਜਾਵੇਗਾ। ਵਿਭਾਗ ਅਤੇ ਸਰਕਾਰ ਵਲੋਂ ਪ੍ਰਾਈਵੇਟ ਨਿਗਮ ਦੇ ਗਠਨ ਸਬੰਧੀ ਦਿਖਾਈ ਜਾ ਰਹੀ ਦਿਲਚਸਪੀ ਤੇ ਉਸ ਦੇ ਭਵਿੱਖ ਨੂੰ ਲੈ ਕੇ ਸ਼ਰਾਬ ਕਾਰੋਬਾਰ 'ਚ ਸਰਗਰਮ ਵੱਡੇ ਘਰ ਪੂਰੀ ਪ੍ਰਕਿਰਿਆ 'ਤੇ ਪੈਨੀ ਨਜ਼ਰ ਗੱਡੀ ਬੈਠੇ ਹਨ।