ਦਾਦੀ ਦੇ ਕਾਤਲ ਪੋਤੇ ਨੂੰ ਉਮਰ ਕੈਦ

04/26/2018 1:11:57 AM

ਹੁਸ਼ਿਆਰਪੁਰ, (ਅਮਰਿੰਦਰ)- ਪਿੰਡ ਨੰਦਾਚੌਰ ਵਾਸੀ ਬਜ਼ੁਰਗ ਔਰਤ ਜੋਗਿੰਦਰ ਕੌਰ ਦੇ ਕਤਲ ਸਬੰਧੀ ਉਸਦੇ ਪੋਤੇ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਨੇ ਅੱਜ ਉਮਰ ਕੈਦ ਦੀ ਸਜ਼ਾ ਅਤੇ 1 ਲੱਖ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਜੁਰਮਾਨਾ ਅਦਾ ਨਾ ਕਰਨ 'ਤੇ 1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। 
ਵਰਣਨਯੋਗ ਹੈ ਕਿ ਥਾਣਾ ਬੁੱਲ੍ਹੋਵਾਲ ਦੀ ਪੁਲਸ ਕੋਲ 29 ਨਵੰਬਰ 2015 ਨੂੰ ਮ੍ਰਿਤਕਾ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਬਾਜਵਾ ਪੁੱਤਰ ਚੰਨਣ ਸਿੰਘ ਵਾਸੀ ਨੰਦਾਚੌਰ ਹਾਲ ਵਾਸੀ ਲੱਲੀਆਂ ਕਲਾਂ, ਥਾਣਾ ਲਾਂਬੜਾ, ਜ਼ਿਲਾ ਜਲੰਧਰ ਨੇ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਸੀ ਕਿ ਉਸਦੀ ਰਿਸ਼ਤੇਦਾਰ ਜੋਗਿੰਦਰ ਕੌਰ (75) ਪਤਨੀ ਸਵ. ਕਿਰਪਾਲ ਸਿੰਘ ਨੂੰ ਅਣਪਛਾਤੇ ਕਾਤਲਾਂ ਨੇ ਸਿਰ 'ਤੇ ਇੱਟ ਮਾਰ ਅਤੇ ਗਲਾ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਬਾਜਵਾ ਨੇ ਦੱਸਿਆ ਕਿ ਮ੍ਰਿਤਕਾ ਰਿਸ਼ਤੇ 'ਚ ਉਸ ਦੀ ਚਾਚੀ ਤੇ ਮਾਸੀ ਲੱਗਦੀ ਸੀ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। 
ਕਿਵੇਂ ਪਹੁੰਚੀ ਪੁਲਸ ਕਾਤਲ ਤੱਕ : ਬੁੱਲ੍ਹੋਵਾਲ ਥਾਣੇ ਦੇ ਉਸ ਸਮੇਂ ਦੇ ਐੱਸ. ਐੱਚ. ਓ. ਵਿਕਰਮਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਕਾਤਲਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਮ੍ਰਿਤਕਾ ਜੋਗਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੌਰਾਨ ਮ੍ਰਿਤਕਾ ਜੋਗਿੰਦਰ ਕੌਰ ਦੀ ਭਤੀਜੀ ਮਨਜੀਤ ਕੌਰ ਪਤਨੀ ਦਲਵੀਰ ਸਿੰਘ ਵਾਸੀ ਟਾਂਡਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਜਦੋਂ ਉਹ ਕੁਝ ਦਿਨ ਪਹਿਲਾਂ ਘਰ ਆਈ ਸੀ ਤਾਂ  ਹਰਪ੍ਰੀਤ ਸਿੰਘ ਆਪਣੀ ਦਾਦੀ ਜੋਗਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ 
ਕਰ ਰਿਹਾ ਸੀ। ਜਦੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਪ੍ਰੀਤ ਨੇ ਕਿਹਾ ਕਿ ਉਹ ਜੋਗਿੰਦਰ ਕੌਰ ਦਾ ਕੰਮ ਕੱਢ ਦੇਵੇਗਾ। ਉਸ ਨੂੰ ਸ਼ੱਕ ਹੈ ਕਿ ਹਰਪ੍ਰੀਤ ਨੇ ਹੀ ਆਪਣੀ ਦਾਦੀ ਜੋਗਿੰਦਰ ਕੌਰ ਦਾ ਕਤਲ ਕੀਤਾ ਹੈ। ਪੁਲਸ ਨੇ ਜਦੋਂ ਹਰਪ੍ਰੀਤ ਸਿੰਘ ਪੁੱਤਰ ਸਵ. ਗੁਰਦੀਪ ਸਿੰਘ ਵਾਸੀ ਨੰਦਾਚੌਰ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।