ਪੰਜਾਬ ''ਚ ਕਾਲੀਆਂ ਭੇਡਾਂ ਨੂੰ ਨੱਥ ਪਾਉਣ ''ਚ ਕਾਰਗਾਰ ਸਿੱਧ ਹੋਈ ਲਾਈਸੈਂਸ ਪ੍ਰਣਾਲੀ

10/11/2018 2:45:55 PM

ਮੋਹਾਲੀ (ਜੱਸੋਵਾਲ) : ਟ੍ਰੈਵਲ ਏਜੰਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਭਾਰਤ ਦੀ ਇਕ ਮੀਟਿੰਗ ਮੋਹਾਲੀ 'ਚ ਪ੍ਰਧਾਨ ਕੇ. ਐਸ. ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਵੱਖ-ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੇ ਹਿੱਸਾ ਲਿਆ। ਮੀਟਿੰਗ 'ਚ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਕੇ ਇਨ੍ਹਾਂ ਦੇ ਹੱਲ ਲਈ ਪ੍ਰਸ਼ਾਸ਼ਨਿਕ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਨਵੇਂ ਬਣੇ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਕੇ. ਐਸ. ਸੰਧੂ ਨੇ ਕਿਹਾ ਕਿ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ ਸੰਸਥਾ ਦੇ ਨਵੇਂ ਮੈਂਬਰ ਬਣਾ ਕੇ ਸੰਸਥਾ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਪੰਜਾਬ 'ਚ ਇਮੀਗ੍ਰੇਸ਼ਨ ਅਤੇ ਟ੍ਰੈਵਲ ਏਜੰਟਾਂ ਵਾਸਤੇ ਲਾਗੂ ਕੀਤੀ ਲਾਈਸੈਂਸ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਾਲੀਆਂ ਭੇਡਾਂ ਨੂੰ ਨੱਥ ਪਈ ਹੈ, ਜੋ ਕਿ ਕੰਸਲਟੈਂਸੀ ਦੀ ਆੜ 'ਚ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਅਤੇ ਠੱਗੀਆਂ ਮਾਰਨ ਉਪਰੰਤ ਦਫਤਰਾਂ ਨੂੰ ਤਾਲੇ ਮਾਰ ਕੇ ਭੱਜ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਸੰਸਥਾ ਗਲਤ ਢੰਗ ਨਾਲ ਕੰਮ ਕਰਨ ਵਾਲੇ ਕੰਸਲਟੈਂਟਸ ਦੇ ਖਿਲਾਫ ਪ੍ਰਸ਼ਾਸ਼ਨ ਨੂੰ ਹਰ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਆਪਣੇ ਮੈਂਬਰਾਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲਾਈਸੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਸ ਨੂੰ ਆਨਲਾਈਨ ਕੀਤਾ ਜਾਵੇ ਤਾਂ ਜੋ ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਲਾਈਸੈਂਸ ਹਾਸਲ ਕਰਨ 'ਚ ਮੁਸ਼ਕਲ ਨਾ ਆਵੇ ਅਤੇ ਇਸ 'ਚ ਪਾਰਦਰਸ਼ਤਾ ਆਵੇ। ਉਨ੍ਹਾਂ ਸਮੂਹ ਕੰਸਲਟੈਂਟਸ ਅਤੇ ਟ੍ਰੈਵਲ ਏਜੰਟਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੰਮ ਸਹੀ ਢੰਗ ਨਾਲ ਕਰਨ ਅਤੇ ਐਸੋਸੀਏਸ਼ਨ ਨਾਲ ਜੁੜ ਕੇ ਆਪਣੇ ਹਿੱਤਾਂ ਦੀ ਰਾਖੀ ਲਈ ਇਕ ਪਲੇਟਫਾਰਮ ਤੇ ਇਕੱਠੇ ਹੋਣ।