ਹੁਣ ਆਵੇ ਕੋਈ ਵੋਟਾਂ ਮੰਗਣ, ਡਾਂਗਾਂ ਨਾਲ ਕੁੱਟਾਂਗੇ

07/09/2020 7:09:31 PM

ਰੂਪਨਗਰ — ਸ਼ਹਿਰ ਦੀ ਚਕਾ-ਚੋਂਦ ਅਤੇ  ਸਾਫ਼-ਸਫ਼ਾਈ , ਸੀਵਰੇਜ਼ , ਸਟਰੀਟ ਲਾਇਟਾਂ ਆਦਿ ਦੀਆਂ ਸਹੂਲਤਾਂ ਨੂੰ ਦੇਖ ਪਿੰਡਾਂ ਦੇ ਕਈ ਲੋਕੀ ਸ਼ਹਿਰ ਵਿਚ ਆ ਵਸੇ ਹਨ। ਪਰ ਜਦੋਂ ਲੋਕਾਂ ਦੇ ਸ਼ਹਿਰਾਂ ਦਾ ਹਾਲ ਦੇਖਿਆ ਤਾਂ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰੂਪਨਗਰ ਸ਼ਹਿਰ ਦੀ , ਕਹਿਣ ਨੂੰ ਤਾਂ ਇਸ ਸ਼ਹਿਰ ਦਾ ਨਾਮ ਰੂਪਨਗਰ ਹੈ ਪਰੰਤੂ ਵਿਕਾਸ ਨਾ ਹੋਣ ਕਰਕੇ  ਇਸ ਸ਼ਹਿਰ ਨੂੰ ਹੁਣ ਲੋਕਾਂ ਵੱਲੋਂ ਕਰੂਪਨਗਰ ਦਾ ਦਰਜਾ ਦਿੱਤਾ ਜਾ ਰਿਹਾ ਹੈ।

ਤੁਸੀਂ ਆਪਣੀ ਸਕ੍ਰੀਨ 'ਤੇ ਇਹ ਜੋ ਤਸਵੀਰਾਂ ਦੇਖ ਰਹੇ ਹੋ ਇਹ ਪੰਜਾਬ ਦੇ ਕਿਸੇ ਪੱਛੜੇ ਪਿੰਡ ਦੀਆਂ ਨਹੀਂ ਸਗੋਂ ਉਸ ਰੂਪਨਗਰ ਸ਼ਹਿਰ ਦੀਆਂਂ ਹਨ ਜਿਸ ਦੀ ਨਗਰ ਕੌਸਲ ਨੂੰ ਸਾਲ 2018 ਵਿਚ  ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲ ਵੱਲੋਂ ਸਾਫ਼-ਸਫ਼ਾਈ ਅਤੇ ਕੂੜੇ-ਕਰਕਟ ਦੀ ਰਹਿੰਦ-ਖੁੰਹਦ ਲਈ ਉਤਰੀ ਭਾਰਤ ਵਿਚੋਂ ਪਹਿਲਾ ਸਥਾਨ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ ਸੀ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰੂਪਨਗਰ ਸ਼ਹਿਰ ਦੀ ਇਸ ਨਗਰ ਕੌਂਸਲ ਅਧੀਨ ਪੈਸੇ ਸਮੂਹ ਵਾਰਡਾਂ ਵਿਚ 100 ਫਿਸਦੀ ਪੀਣ ਦਾ ਪਾਣੀ ਅਤੇ ਸੀਵਰੇਜ਼ ਸਿਸਟਮ ਲਗਾਉਣ ਲਈ ਕਰੀਬ 52 ਕਰੋੜ ਦੇ ਫੰਡ ਵੀ ਦਿੱਤੇ ਗਏ। ਪਰ ਕਰੋੜਾਂ ਰੁਪਏ ਖਰਚਣ ਦੇ ਬਾਅਦ ਵੀ ਰੂਪਨਗਰ ਦੇ ਕਈ ਵਾਰਡਾਂ ਵਿਚ ਨਾ ਤਾਂ 100 ਫਿਸਦੀ ਪੀਣ ਦੇ ਪਾਣੀ ਦੀ ਸਪਲਾਈ ਲੋਕਾਂ ਨੂੰ ਮਿਲੀ ਅਤੇ ਨਾ ਹੀ ਸੀਵਰੇਜ ਦੀ ਸੁਵਿਧਾ।  ਹੁਣ ਰੂਪਨਗਰ ਦੇ ਕਈ ਵਾਰਡਾਂ ਦਾ ਹਾਲ ਨਰਕ ਨਾਲੋਂ ਵੀ ਭੈੜਾ ਹੋ ਚੁੱਕਾ ਹੈ।  ਅਜਿਹੇ ਵਿਚ ਅਗਰ ਰੂਪਨਗਰ ਨੂੰ ਕਰੂਪ ਨਗਰ ਕਹਿ ਲਵੋ ਤਾਂ ਕੋਈ  ਅਤਕਥਨੀ ਨਹੀ ਹੋਵੇਗੀ।

ਰੂਪਨਗਰ ਦੇ ਵਾਰਡ ਨੰਬਰ 21 ਅਤੇ 01 ਹਵੇਲੀ ਦੀਆਂ ਗਲੀਆਂ ਅਤੇ ਸੜਕਾਂ 'ਚ ਖੜ੍ਹੇ ਗੰਦੇ ਪਾਣੀ ਨੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਪਹਿਲੀ ਵਾਰ ਇਸ ਵਾਰਡ ਵਿਚ ਆਉਣ ਵਾਲੇ ਵਿਆਕਤੀ ਨੂੰ ਇਹ ਪਤਾ ਨਹੀਂ ਚਲਦਾ ਕਿ  ਇਹ ਗਲੀਆਂ ਹਨ ਜਾਂ ਫਿਰ ਵੱਡੇ-ਵੱਡੇ ਗੰਦੇ ਨਾਲੇ। ਗਲੀਆਂ ਅਤੇ ਸੜਕਾਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਲੋਕਾਂ ਦੇ ਘਰਾਂ ਅੱਗੇ ਖੜ੍ਹੇ ਗੰਦੇ ਪਾਣੀ ਦੇ ਕਾਰਨ ਜਿੱਥੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੈ ਉਥੇ ਹੀ ਲੋਕਾਂ ਦਾ ਘਰਂੋ ਨਿਕਲਣਾ ਵੀ  ਮੁਸ਼ਕਿਲ ਹੋਇਆ ਹੈ। ਜਿਸ ਕਾਰਨ ਇਥੋਂ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ।  ਇਸ ਸਮੱਸਿਆ ਤੋਂ ਦੁਖੀ ਲੋਕਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆਪਣੇ ਦੁਖੜੇ ਰੋਏ।


ਲੀਡਰਾਂ ਦੇ ਲਾਰਿਆਂ ਤੋਂ ਦੁੱਖੀ ਇੱਥੋ ਦੇ ਲੋਕਾਂ ਨੇ ਇੱਥੋ ਤੱਕ ਕਹਿ ਦਿੱਤਾ ਕਿ ਪਹਿਲਾ ਤਾਂ ਲੀਡਰ ਝੂਠੇ ਲਾਰੇ ਲਗਾ ਕੇ ਵੋਟਾਂ ਲੈ ਗਏ। ਗੁੱਸੇ 'ਚ ਆ ਕੇ ਉਨ੍ਹਾਂ ਨੇ ਕਿਹਾ ਕਿ ਹੁਣ ਆਵੇ ਕੋਈ ਵੋਟਾਂ ਮੰੰਗਣ, ਰੱਸੇ ਨਾਲ ਨੂੜਕੇ ਡਾਗਾਂ ਮਾਰਾਂਗੇ। ਦੁਖੀ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਦੋ ਦਿਨਾਂ ਵਿਚ ਉਕਤ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਮਜਬੂਰ ਹੋ ਕੇ ਧਰਨਾ ਲਗਾ ਕੇ ਸੜਕਾਂ ਜਾਮ ਕਰਨਗੇ। ਇਸ ਤੋਂ ਇਲਾਵਾ ਜਦੋਂ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ• ਵੱਲੋਂ ਵੋਟਾਂ ਦਾ ਵੀ ਬਾਈਕਾਟ ਰਹੇਗਾ।
ਜਦੋਂ ਲੋਕਾਂ ਦੀ ਇਸ ਸਮੱਸਿਆ ਸਬੰਧੀ ਨਗਰ ਕੌਂਸਲ ਰੂਪਨਗਰ ਦੇ ਕਾਰਜ ਸਾਧਕ ਅਫਸਰ ਗਿਆਨ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੀ ਕਿਹਾ ਲਓ ਸੁਣੋ।

ਗਿਆਨ ਚੰਦ, ਕਾਰਜ ਸਾਧਕ ਅਫਸਰ , ਰੂਪਨਗਰ

ਬੜੀ ਹੀ ਸਿਤਮ ਦੀ ਗੱਲ ਹੈ ਕਿ ਜਿਸ ਰੂਪਨਗਰ ਸ਼ਹਿਰ 'ਚ 100 ਫਿਸਦੀ ਸਿਵਰੇਜ਼ ਸਿਸਟਮ ਅਤੇ ਪੀਣ ਦੇ ਪਾਣੀ ਦੀ ਸਹੂਲਤ ਦੇਣ ਲਈ 52 ਕਰੋੜ ਤੋਂ ਵੱਧ ਸਰਕਾਰੀ ਫੰਡ ਖਰਚੇ ਹੋਣ , ਜਿਸ ਰੂਪਨਗਰ ਦੇ ਨਗਰ ਕੌਂਸਲ ਨੂੰ ਦੇਸ਼ ਦੇ 8 ਸੂਬਿਆਂ ਦੇ ਉੱਤਰੀ ਭਾਰਤ ਜ਼ੋਨ ਵਿਚੋਂ ਸਵਛੱਤਾ ਸਰਵੇਖਣ ਦਾ ਪਹਿਲਾ ਐਵਾਰਡ ਮਿਲਿਆ ਹੋਵੇ , ਉਸ ਰੂਪਨਗਰ ਸ਼ਹਿਰ ਦੇ ਲੋਕੀਂ ਪੀਣ ਦੇ ਸਾਫ਼ ਪਾਣੀ ਅਤੇ ਸਾਫ਼ ਸੁਥਰੇ ਵਾਤਾਵਰਣ ਲਈ ਤਰਸਦੇ ਹੋਣ। ਸ਼ਰਮ ਆਉਣੀ ਚਾਹਿਦੀ ਹੈ ਅਜਿਹੇ ਲੀਡਰਾਂ ਅਤੇ ਸਰਕਾਰ ਨੂੰ ।

 

 

Harinder Kaur

This news is Content Editor Harinder Kaur