ਕੁਸ਼ਟ ਰੋਗ ਦੇ ਲੱਛਣ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ

02/16/2018 6:58:20 PM

ਜਲਾਲਾਬਾਦ (ਸੇਤੀਆ) : ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ“ਸਪਰਸ ਕੁਸ਼ਟ ਜਾਗਰੂਕਤਾ ਮੁਹਿੰਮ”ਦੇ ਸਬੰਧ ਵਿਚ ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਵੱਲੋਂ ਸਥਾਨਕ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਦੇ ਹੋਏ ਕਿਹਾ ਕਿ ਕੁਸ਼ਟ ਰੋਗ ਸਬੰਧੀ ਫੈਲਿਆ ਹੋਇਆ ਅੰਧਵਿਸ਼ਵਾਸ ਬਿਲਕੁਲ ਗਲਤ ਹੈ ਕਿਉਂਕਿ ਇਸ ਦਾ ਇਲਾਜ ਸੰਭਵ ਹੈ।
ਇਸ ਮੌਕੇ ਜ਼ਿਲਾ ਟੀ.ਬੀ. ਅਫਸਰ ਡਾ. ਮਨਦੀਪ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਪਰਸ ਕੁਸ਼ਟ ਜਾਗਰੂਕਤਾ ਮੁਹਿੰਮ”ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹਨ। ਇਸ ਵਿਚ ਠੰਢੇ ਅਤੇ ਗਰਮ ਚੀਜ਼ ਦਾ ਫਰਕ ਨਾ ਹੋਣ ਕਾਰਨ ਸ਼ਰੀਰ 'ਤੇ ਜ਼ਖਮ ਹੋ ਜਾਂਦੇ ਹਨ। ਜੇਕਰ ਇਹ ਬਿਮਾਰੀ ਅੱਖਾਂ 'ਤੇ ਹੋ ਜਾਵੇ ਤਾਂ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ, ਜਿਸ ਕਾਰਨ ਅੱਖਾਂ ਵਿਚ ਚਿੱਟਾ ਪੈ ਜਾਂਦਾ ਹੈ ਤੇ  ਮਰੀਜ਼ ਦੇ ਵੇਖਣ ਦੀ ਸ਼ਕਤੀ 'ਤੇ ਬੁਰਾ ਅਸਰ ਪੈਂਦਾ ਹੈ।
ਡਾ. ਮਨਦੀਪ ਨੇ ਦੱਸਿਆ ਕਿ ਬਹੁ-ਔਸ਼ਧੀ ਇਲਾਜ ਕੁਸ਼ਟ ਰੋਗ ਦਾ ਪੱਕਾ ਇਲਾਜ ਹੈ ਜੋ ਕਿ ਸਿਹਤ ਵਿਭਾਗ ਵੱਲੋਂ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਲੋੜ ਪੈਣ 'ਤੇ  ਕੁਸ਼ਟ ਰੋਗ ਦੇ ਮਰੀਜ਼ਾਂ ਲਈ ਵਿਭਾਗ ਵੱਲੋਂ ਨਕਲੀ ਅੰਗ ਵੀ ਮੁਫਤ ਲਗਵਾਏ ਜਾਂਦੇ ਹਨ। ਇਸ ਮੌਕੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੀਮਾਂ ਅਤੇ ਸਹੂਲਤਾਂ ਦੱਸਣ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।